ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸੁਰੱਖਿਆ ‘ਚ ਸੰਨ੍ਹ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਫਲੋਰਿਡਾ ਸਥਿਤ ਰਿਜ਼ੌਰਟ ‘ਚ 3 ਨੌਜਵਾਨ ਏਕੇ-47 ਰਾਈਫਲ ਦੇ ਨਾਲ ਦਾਖਲ ਹੋ ਗਏ। ਇਨ੍ਹਾਂ ਦੀ ਭਾਲ ਵਿਚ ਹੈਲੀਕਾਪਟਰ ਅਤੇ ਖੋਜੀ ਕੁੱਤੇ ਤੱਕ ਲਗਾਏ ਗਏ। ਆਖਰਕਾਰ ਤਿੰਨੋਂ ਫੜੇ ਗਏ। ਇਹ ਮਾਮਲਾ ਫਲੋਰਿਡਾ ਸੂਬੇ ਦੇ ਪਾਮ ਬੀਚ ਸਥਿਤ ਮਾਰ-ਏ-ਲਾਗੋ ਰਿਜ਼ੌਰਟ ਦਾ ਹੈ। ਪਾਮ ਬੀਚ ਪੁਲਿਸ ਨੇ ਦੱਸਿਆ ਕਿ ਟਰੰਪ ਉਸ ਸਮੇਂ ਰਿਜ਼ੌਰਟ ‘ਚ ਨਹੀਂ ਸਨ, ਰਿਜ਼ੌਰਟ ਫਿਲਹਾਲ ਬੰਦ ਹੈ।
ਪਾਮ ਬੀਚ ਪੁਲਿਸ ਦੇ ਬੁਲਾਰੇ ਮਾਈਕਲ ਨੇ ਦੱਸਿਆ ਕਿ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਰਿਜ਼ੌਰਟ ਤੋਂ 3 ਕਿਲੋਮੀਟਰ ਦੂਰ ਇੱਕ ਕਾਰ ਵਿਚ ਦੇਖਿਆ ਗਿਆ ਸੀ। ਜਿਉਂ ਹੀ ਪੁਲਿਸ ਦੀ ਗੱਡੀ ਉਨ੍ਹਾਂ ਦੇ ਕਰੀਬ ਪਹੁੰਚੀ ਤਾਂ ਇਹ ਰਿਜ਼ੌਰਟ ਦੀ ਕੰਧ ਟੱਪ ਕੇ ਅੰਦਰ ਬਾਗ ਤੱਕ ਪਹੁੰਚ ਗਏ। ਪੁਲਿਸ ਰਿਪੋਰਟ ਅਨੁਸਾਰ ਉਕਤ ਨੌਜਵਾਨਾਂ ਦਾ ਪਿੱਛਾ ਕਰਨ ‘ਤੇ ਤਿੰਨੇ ਨੌਜਵਾਨ ਕਾਰ ਛੱਡ ਕੇ ਕਲੱਬ ‘ਚ ਭੱਜ ਗਏ ਅਤੇ ਉਨ੍ਹਾਂ ਨੇ ਅਰਧ-ਆਟੋਮੈਟਿਕ ਏਕੇ-47 ਰਾਈਫਲ ਅਤੇ 14 ਰਾਊਂਡ ਮੈਗਜੀਨ ਨੂੰ ਬਾਗ ‘ਚ ਹੀ ਲੁਕੋ ਦਿੱਤਾ। ਪੁੱਛਗਿੱਛ ‘ਚ ਪਤਾ ਚੱਲਿਆ ਕਿ ਇਨ੍ਹਾਂ ਨੌਜਵਾਨਾਂ ਨੇ ਰਾਈਫਲ ਖਰੀਦੀ ਨਹੀਂ ਸੀ ਸਗੋਂ ਚੋਰੀ ਕੀਤੀ ਸੀ।
ਪੁਲਿਸ ਬੁਲਾਰੇ ਨੇ ਇਹ ਵੀ ਕਿਹਾ ਕਿ ਇਨ੍ਹਾਂ ਮੁੰਡਿਆਂ ਦੀ ਕਿਸਮਤ ਚੰਗੀ ਸੀ ਕਿ ਘਟਨਾ ਦੇ ਸਮੇਂ ਰਿਜ਼ੌਰਟ ਵਿਚ ਨਾ ਰਾਸ਼ਟਰਪਤੀ ਸੀ ਨਾ ਹੀ ਉਨ੍ਹਾਂ ਦਾ ਕੋਈ ਘਰ ਵਾਲਾ। ਜੇਕਰ ਉਹ ਇੱਥੇ ਹੁੰਦੇ ਤਾਂ ਸੀਕਰਟ ਸਰਵਿਸ ਏਜੰਟ ਤਿੰਨਾਂ ਨੂੰ ਗੋਲੀ ਵੀ ਮਾਰ ਸਕਦੇ ਸੀ। ਫਿਲਹਾਲ ਇਨ੍ਹਾ ਬਾਲ ਸੁਧਾਰ ਘਰ ਭੇਜਿਆ ਗਿਆ ਹੈ। ਅਜੇ ਇਹ ਤੈਅ ਹੋਣਾ ਹੈ ਕਿ ਇਨ੍ਹਾਂ ‘ਤੇ ਮੁਕੱਦਮਾ ਚਲਾਇਆ ਜਾਣਾ ਹੈ ਜਾਂ ਨਹੀਂ।