ਕੈਲੇਫੋਰਨੀਆ : ਅਮਰੀਕਾ ‘ਚ ਪੁਲੀਸ ਨੇ ਅੰਤਰਰਾਸ਼ਟਰੀ ਡਰੱਗ ਰੈਕਟ ਦਾ ਪਰਦਾਫਾਸ਼ ਕੀਤਾ ਹੈ, ਜੋ ਕੈਨੇਡਾ ਤੋਂ ਚਲਾਇਆ ਜਾ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪਰਮਪ੍ਰੀਤ ਸਿੰਘ, ਰਣਵੀਰ ਸਿੰਘ ਅਤੇ ਅਮਨਦੀਪ ਸਿੰਘ ਮੁਲਤਾਨੀ ਨੂੰ ਹੈਰੋਇਨ, ਕੋਕੀਨ, ਅਫ਼ੀਮ ਅਤੇ ਕੈਟਾਮਾਈਨ ਨੂੰ ਵੰਡਣ ਦੀ ਸਾਜ਼ਿਸ਼ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਇਹ ਗ੍ਰਿਫਤਾਰੀਆਂ 6 ਮਹੀਨੇ ਦੀ ਜਾਂਚ ਤੋਂ ਬਾਅਦ ਕੀਤੀਆਂ ਗਈਆਂ ਹਨ। ਜਿਸ ਵਿੱਚ ਕੈਨੇਡਾ ‘ਚ ਚਲਾਇਆ ਗਿਆ ਅੰਡਰਕਵਰ ਡਰੱਗ ਆਪ੍ਰੇਸ਼ਨ ਅਤੇ ਅਮਰੀਕਾ ਵਿੱਚ ਮੋਬਾਈਲਾਂ ਦੀ ਨਿਗਰਾਨੀ ਅਤੇ ਪੰਜਾਬੀ ਵਿੱਚ ਕੀਤਾ ਗਿਆ ਗਰੁੱਪ ਸੰਚਾਰ ਵੀ ਸ਼ਾਮਲ ਹੈ। ਤਿੰਨਾਂ ਪੰਜਾਬੀ ਨੌਜਵਾਨਾਂ ਨੂੰ ਜ਼ਮਾਨਤ ਦੇ ਬਗ਼ੈਰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲੀਸ ਵੱਲੋਂ ਅਦਾਲਤ ਵਿੱਚ ਦਿੱਤੇ ਗਏ ਦਸਤਾਵੇਜ਼ਾਂ ਮੁਤਾਬਕ ਤਿੰਨੇ ਪੰਜਾਬੀ ਕੈਨੇਡਾ ਅਤੇ ਅਮਰੀਕਾ ਦੋਵਾਂ ਮੁਲਕਾਂ ਵਿੱਚ ਹੈਰੋਇਨ, ਕੋਕੀਨ ਅਫ਼ੀਮ ਅਤੇ ਕੈਟਾਮਾਈਨ ਸੈਂਕੜੇ ਕਿੱਲੋਗ੍ਰਾਮ ਮਾਤਰਾ ਵਿਚ ਸਪਲਾਈ ਕਰਦੇ ਸਨ। ਪੁਲੀਸ ਮੁਤਾਬਕ ਇਹ ਡਰੱਗ ਰੈਕੇਟ ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਅਮਰੀਕਾ ਤੱਕ ਫੈਲਿਆ ਹੋਇਆ ਸੀ ਅਤੇ ਇਸ ਦੇ ਪਾਕਿਸਤਾਨ, ਮੈਕਸੀਕੋ, ਭਾਰਤ, ਅਫਗਾਨਿਸਤਾਨ ਅਤੇ ਜਰਮਨੀ ਤਕ ਸਬੰਧ ਹੋ ਸਕਦੇ ਹਨ। ਪੁਲੀਸ ਮੁਤਾਬਕ ਇਸ ਰੈਕੇਟ ਦਾ ਕਿੰਗਪਿਨ ਪਰਮਪ੍ਰੀਤ ਸਿੰਘ ਹੈ ਜੋ ਕੈਲੇਫੋਰਨੀਆ ਵਿੱਚ ਰਹਿੰਦਾ ਹੈ।