ਫਗਵਾੜਾ: ਪੰਜਾਬ ਦੇ ਫਗਵਾੜਾ ਵਿੱਚ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਇੱਕ ਵਿਦਿਆਰਥਣ ਨਾਲ ਜਬਰ-ਜਨਾਹ ਦੀ ਖ਼ਬਰ ਫੈਲਣ ਤੋਂ ਬਾਅਦ ਭੜਕੀ ਹਿੰਸਾ ਦੇ ਸਬੰਧ ਵਿੱਚ ਪੁਲਿਸ ਨੇ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਤਿੰਨੋਂ ਮੁਲਜ਼ਮ ਯੂਨੀਵਰਸਿਟੀ ਵਿੱਚ ਭੰਨਤੋੜ ਕਰਨ ਵਿੱਚ ਸ਼ਾਮਿਲ ਸਨ।ਪੁਲਿਸ ਨੇ ਮਾਮਲੇ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (SITs) ਬਣਾਈਆਂ ਹਨ।
FIRs 163, 105 ਅਤੇ 106 ਦੀ ਜਾਂਚ ਲਈ ਵੱਖਰੀਆਂ SITs ਬਣਾਈਆਂ ਗਈਆਂ ਹਨ। ਇੱਕ SIT ਇਸ ਸਮੇਂ ਯੂਨੀਵਰਸਿਟੀ ਅਤੇ ਆਲੇ ਦੁਆਲੇ ਦੇ ਇਲਾਕਿਆਂ ਤੋਂ ਸੀਸੀਟੀਵੀ ਕੈਮਰੇ ਅਤੇ ਡਿਜੀਟਲ ਸਬੂਤ ਇਕੱਠੇ ਕਰ ਰਹੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਫਗਵਾੜਾ ਅਦਾਲਤ ਵਿੱਚ ਪੇਸ਼ ਕੀਤਾ ਅਤੇ ਉਨ੍ਹਾਂ ਦਾ ਤਿੰਨ ਦਿਨਾਂ ਦਾ ਰਿਮਾਂਡ ਮੰਗਿਆ।ਮੁਲਜ਼ਮਾਂ ਦੀ ਪਛਾਣ ਗਗਨ, ਜੇਮਜ਼ ਦਹੀਆ ਅਤੇ ਅਭੀ ਵਜੋਂ ਹੋਈ ਹੈ, ਜੋ ਫਗਵਾੜਾ ਦੇ ਟਿੱਬੀ ਮੁਹੱਲਾ ਦੇ ਰਹਿਣ ਵਾਲੇ ਹਨ।
26 ਸਤੰਬਰ, 2026 ਦੀ ਰਾਤ ਨੂੰ ਸੋਸ਼ਲ ਮੀਡੀਆ ‘ਤੇ ਇੱਕ ਦਾਅਵਾ ਕੀਤਾ ਗਿਆ ਸੀ ਕਿ ਐਲਪੀਯੂ ਹੋਸਟਲ ਵਿੱਚ ਰਹਿਣ ਵਾਲੀ ਇੱਕ ਵਿਦਿਆਰਥਣ ਨਾਲ ਬਾਹਰਲੇ ਪਲੰਬਰ ਨੇ ਰੇਪ ਕੀਤਾ ਹੈ ਅਤੇ ਪ੍ਰਸ਼ਾਸਨ ਕਾਰਵਾਈ ਨਹੀਂ ਕਰ ਰਿਹਾ ਸੀ। ਇਸ ਜਾਣਕਾਰੀ ਨੇ ਹਜ਼ਾਰਾਂ ਵਿਦਿਆਰਥੀਆਂ ਨੂੰ ਗੁੱਸਾ ਦਿਵਾਇਆ।
ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅੰਦਰੂਨੀ ਹਿੱਸੇ ਅਤੇ ਜਾਇਦਾਦ ਨੂੰ ਨੁਕਸਾਨ ਪਹੁੰਚਾਇਆ ਅਤੇ ਕੈਂਪਸ ਵਿੱਚ ਯੂਨੀ ਮਾਲ ਵਿੱਚ ਦੁਕਾਨਾਂ ਦੀ ਭੰਨਤੋੜ ਅਤੇ ਲੁੱਟਮਾਰ ਕੀਤੀ। ਪ੍ਰਦਰਸ਼ਨਕਾਰੀਆਂ ਨੇ ਨੈਸ਼ਨਲ ਹਾਈਵੇਅ 44, ਜਲੰਧਰ-ਫਗਵਾੜਾ ਰੂਟ ਨੂੰ 18 ਘੰਟਿਆਂ ਤੋਂ ਵੱਧ ਸਮੇਂ ਲਈ ਬੰਦ ਕਰ ਦਿੱਤਾ। ਜਿਸ ਕਾਰਨ ਆਵਾਜਾਈ ਵਿੱਚ ਭਾਰੀ ਵਿਘਨ ਪਿਆ।

