ਮੁੰਬਈ: ਮਸ਼ਹੂਰ ਅਦਾਕਾਰ ਸਲਮਾਨ ਖਾਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਇਕ ਵੱਡੀ ਚਿੰਤਾ ਬਣੀ ਹੋਈ ਹੈ। ਸਲੀਮ ਖਾਨ ਨੂੰ ਧਮਕੀ ਮਿਲਣ ਤੋਂ ਬਾਅਦ ਹੁਣ ਇਕ ਅਣਪਛਾਤੇ ਵਿਅਕਤੀ ਨੇ ਸਲਮਾਨ ਖਾਨ ਦੇ ਕਾਫਲੇ ‘ਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਸਲਮਾਨ ਖਾਨ ਦੇ ਸੁਰੱਖਿਆ ਕਾਫਲੇ ‘ਚ ਦਾਖਲ ਹੋਏ ਇਕ ਮੋਟਰਸਾਈਕਲ ਸਵਾਰ ਖਿਲਾਫ ਲਾਪਰਵਾਹੀ ਨਾਲ ਗੱਡੀ ਚਲਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਵੀਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਇਹ ਘਟਨਾ ਬੀਤੀ ਰਾਤ ਮਹਿਬੂਬ ਸਟੂਡੀਓ ਅਤੇ ਬਾਂਦਰਾ ਦੇ ਗਲੈਕਸੀ ਅਪਾਰਟਮੈਂਟ ਦੇ ਵਿਚਕਾਰ ਵਾਪਰੀ, ਜਿੱਥੇ ਅਦਾਕਾਰ ਦਾ ਘਰ ਹੈ। ਅਦਾਕਾਰ ਨੂੰ ਲਾਰੈਂਸ ਬਿਸ਼ਨੋਈ ਗੈਂਗ ਤੋਂ ਕਈ ਧਮਕੀਆਂ ਮਿਲੀਆਂ ਹਨ ਅਤੇ ਮੁੰਬਈ ਪੁਲਿਸ ਦੁਆਰਾ ‘ਵਾਈ-ਪਲੱਸ’ ਸੁਰੱਖਿਆ ਦਿੱਤੀ ਕੀਤੀ ਗਈ ਹੈ। ਘਟਨਾ ਦੇ ਸਮੇਂ ਸਲਮਾਨ ਆਪਣੇ ਘਰ ਪਰਤ ਰਹੇ ਸਨ।
ਬੀਤੀ ਰਾਤ ਕਰੀਬ 12 ਤੋਂ 12.25 ਵਜੇ ਜਦੋਂ ਸਲਮਾਨ ਖਾਨ ਦਾ ਕਾਫਲਾ ਮਹਿਬੂਬ ਸਟੂਡੀਓ ਕੋਲੋਂ ਲੰਘ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਤੇਜ਼ ਰਫਤਾਰ ਨਾਲ ਆ ਰਿਹਾ ਇਕ ਵਿਅਕਤੀ ਉਨ੍ਹਾਂ ਦੀ ਕਾਰ ਦੇ ਬਿਲਕੁਲ ਨੇੜੇ ਪਹੁੰਚ ਗਿਆ। ਸਲਮਾਨ ਖਾਨ ਦੀ ਸੁਰੱਖਿਆ ਲਈ ਤਾਇਨਾਤ ਪੁਲਿਸ ਕਰਮਚਾਰੀਆਂ ਨੇ ਵਾਰ-ਵਾਰ ਹਾਰਨ ਵਜਾਏ ਅਤੇ ਉਸ ਨੂੰ ਦੂਰ ਜਾਣ ਲਈ ਕਿਹਾ, ਇਸ ਦੇ ਬਾਵਜੂਦ ਉਹ ਸਲਮਾਨ ਖਾਨ ਦੀ ਕਾਰ ਦੇ ਨਾਲ-ਨਾਲ ਆਪਣਾ ਮੋਟਰਸਾਈਕਲ ਚਲਾਉਂਦਾ ਰਿਹਾ। ਜਦੋਂ ਨੌਜਵਾਨ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਬਾਂਦਰਾ, ਮੁੰਬਈ ਦਾ ਰਹਿਣ ਵਾਲਾ ਹੈ। ਉਸ ਦਾ ਨਾਮ ਮੋਹੀਉਦੀਨ ਹੈ। ਉਹ ਕਾਲਜ ਦਾ ਵਿਦਿਆਰਥੀ ਹੈ।
ਅਧਿਕਾਰੀ ਨੇ ਦੱਸਿਆ ਕਿ ਭਾਰਤੀ ਫੌਜਦਾਰੀ ਜ਼ਾਬਤਾ ਦੀ ਧਾਰਾ 125 (ਦੌੜਦੀ ਅਤੇ ਲਾਪਰਵਾਹੀ ਨਾਲ ਡਰਾਈਵਿੰਗ) ਅਤੇ ਧਾਰਾ 281 ਦੇ ਤਹਿਤ ਬਾਂਦਰਾ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਤੇ ਬਾਅਦ ‘ਚ ਉਸ ਨੂੰ ਛੱਡ ਦਿੱਤਾ ਗਿਆ।
ਉੱਥੇ ਹੀ ਦੂਜੇ ਪਾਸੇ ਉਨ੍ਹਾਂ ਦੇ ਪਿਤਾ ਸਲੀਮ ਖਾਨ ਨੂੰ ਬੁਰਕਾ ਪਹਿਨੀ ਹੋਈ ਇਕ ਔਰਤ ਨੇ ਧਮਕੀ ਦਿੱਤੀ ਹੈ। 18 ਸਤੰਬਰ ਜਦੋਂ ਸਲੀਮ ਖਾਨ ਸਵੇਰੇ ਸੈਰ ਉਤੇ ਨਿਕਲੇ ਹੋਏ ਸਨ। ਇਸ ਦੌਰਾਨ ਉਨ੍ਹਾਂ ਕੋਲ ਇਕ ਅਣਜਾਣ ਔਰਤ ਸਕੂਟੀ ਉਤੇ ਸਵਾਰ ਹੋ ਕੇ ਆਈ ਅਤੇ ਕਿਹਾ ਕਿ ਲਾਰੈਂਸ ਬਿਸ਼ਨੋਈ ਨੂੰ ਭੇਜਾ ਕਿਆ? ਦੀ ਧਮਕੀ ਦੇ ਕੇ ਫ਼ਰਾਰ ਹੋ ਗਈ।