ਨਿਊਜ਼ ਡੈਸਕ: ਹਜ਼ਾਰਾਂ ਭਾਰਤੀ ਨੌਜਵਾਨ, ਜੋ ਬਚਪਨ ਵਿੱਚ ਆਪਣੇ ਮਾਤਾ-ਪਿਤਾ ਦੇ ਨਾਲ H-4 ਵੀਜ਼ਾ ‘ਤੇ ਅਮਰੀਕਾ ਗਏ ਸਨ, ਹੁਣ 21 ਸਾਲ ਦੀ ਉਮਰ ਪੂਰੀ ਹੋਣ ‘ਤੇ ਵੱਡੀ ਪਰੇਸ਼ਾਨੀ ਨਾਲ ਘਿਰੇ ਹੋਏ ਹਨ।
ਅਮਰੀਕਾ ਦੇ ਵੀਜ਼ਾ ਨਿਯਮ ਅਨੁਸਾਰ, 21 ਸਾਲ ਦੀ ਉਮਰ ਪੂਰੀ ਹੋਣ ‘ਤੇ ਇਹ ਨੌਜਵਾਨ ਹੁਣ ਆਪਣੇ ਮਾਪਿਆਂ ਦੇ H-1B ਵੀਜ਼ਾ ‘ਤੇ ਨਹੀਂ ਰਹਿ ਸਕਦੇ। ਪਹਿਲਾਂ, ਉਨ੍ਹਾਂ ਕੋਲ ਨਵਾਂ ਵੀਜ਼ਾ ਲੈਣ ਲਈ 2 ਸਾਲ ਦਾ ਸਮਾਂ ਹੁੰਦਾ ਸੀ, ਪਰ ਹੁਣ ਨਵੇਂ ਨਿਯਮਾਂ ਨੇ ਇਹਨਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਗ੍ਰੀਨ ਕਾਰਡ ਲਈ 100 ਸਾਲ ਦੀ ਉਡੀਕ?
ਅਮਰੀਕਾ ‘ਚ ਗ੍ਰੀਨ ਕਾਰਡ ਲਈ ਵੱਡਾ ਬੈਕਲੌਗ ਬਣਿਆ ਹੋਇਆ ਹੈ, ਜਿਸਦਾ ਸਭ ਤੋਂ ਵੱਧ ਅਸਰ ਭਾਰਤੀ ਪਰਿਵਾਰਾਂ ‘ਤੇ ਪੈ ਰਿਹਾ ਹੈ। ਮਾਰਚ 2023 ਤੱਕ, 1.34 ਲੱਖ ਭਾਰਤੀ ਨੌਜਵਾਨ ਅਜਿਹੇ ਸਨ, ਜਿਨ੍ਹਾਂ ਦੇ ਵੀਜ਼ਾ ਦੀ ਮਿਆਦ ਖਤਮ ਹੋਣ ਦੀ ਸੰਭਾਵਨਾ ਸੀ ਤੇ ਕੁਝ ਲੋਕਾਂ ਨੂੰ ਗ੍ਰੀਨ ਕਾਰਡ ਲੈਣ ਵਿੱਚ 12 ਤੋਂ 100 ਸਾਲ ਲੱਗ ਸਕਦੇ ਹਨ।
ਵੀਜ਼ਾ ਨਿਯਮਾਂ ਦੀ ਸਖਤੀ ਨੂੰ ਵੇਖਦੇ ਹੋਏ, ਹੁਣ ਕਈ ਭਾਰਤੀ ਨੌਜਵਾਨ ਅਮਰੀਕਾ ਦੀ ਬਜਾਏ ਕਨੇਡਾ ਅਤੇ ਯੂ.ਕੇ. ਵਰਗੇ ਦੇਸ਼ਾਂ ਵੱਲ ਪੈ ਰਹੇ ਹਨ, ਜਿਥੇ PR (ਸਥਾਈ ਨਿਵਾਸ) ਲੈਣ ਦੀ ਪ੍ਰਕਿਰਿਆ ਅਸਾਨ ਅਤੇ ਤੇਜ਼ ਹੈ।
H-1B ਵੀਜ਼ਾ ਰਜਿਸਟ੍ਰੇਸ਼ਨ ਸ਼ੁਰੂ
ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸਰਵਿਸ (USCIS) ਨੇ 2026 ਲਈ H-1B ਵੀਜ਼ਾ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ, ਜੋ 7 ਮਾਰਚ ਤੋਂ 24 ਮਾਰਚ ਤੱਕ ਚੱਲੇਗਾ। H-1B ਇੱਕ ਨਾਨ-ਇਮੀਗ੍ਰੈਂਟ ਵੀਜ਼ਾ ਹੈ, ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਪ੍ਰੋਫੈਸ਼ਨਲ ਭਰਤੀ ਕਰਨ ਦੀ ਇਜਾਜ਼ਤ ਦਿੰਦਾ ਹੈ। ਪਰ, ਇਹ ਵੀਜ਼ਾ ਬਹੁਤ ਸੀਮਤ ਹੈ। ਹਰ ਸਾਲ ਕੇਵਲ 65,000 H-1B ਵੀਜ਼ੇ ਜਾਰੀ ਕੀਤੇ ਜਾਂਦੇ ਹਨ ਪਰ ਅਮਰੀਕਾ ‘ਚ ਮਾਸਟਰ ਡਿਗਰੀ ਹੋਲਡਰਾਂ ਲਈ 20,000 ਵਧੂ ਸਲਾਟ ਹਨ। ਇਸ ਵਾਰ, USCIS ਨੇ ਚੋਣ ਵਿਧੀ ਹੋਰ ਪਾਰਦਰਸ਼ੀ ਬਣਾਈ ਹੈ ਅਤੇ ਨਵੀਂ ਰਜਿਸਟ੍ਰੇਸ਼ਨ ਫ਼ੀਸ $215 ਕਰ ਦਿੱਤੀ ਗਈ ਹੈ।
ਉੱਥੇ ਹੀ H-1B ਵੀਜ਼ਾ ਦੀ ਕਮੀ ਅਤੇ ਗ੍ਰੀਨ ਕਾਰਡ ਦੀ ਦੇਰੀ ਕਾਰਨ, ਟੈਕਸਾਸ ਕੋਰਟ ਨੇ ਹੁਣ DACA (Deferred Action for Childhood Arrivals) ਪ੍ਰੋਗਰਾਮ ‘ਤੇ ਵੀ ਰੋਕ ਲਗਾ ਦਿੱਤੀ ਹੈ। DACA ਉਹਨਾਂ ਨੌਜਵਾਨਾਂ ਨੂੰ ਵਕਤੀ ਰਾਹਤ ਦਿੰਦਾ ਸੀ, ਜੋ 21 ਸਾਲ ਦੀ ਉਮਰ ਪੂਰੀ ਹੋਣ ‘ਤੇ ਆਪਣੇ ਵੀਜ਼ਾ ਤੋਂ ਬਾਹਰ ਹੋ ਜਾਂਦੇ ਸਨ। ਹੁਣ ਇਸ ਪ੍ਰੋਗਰਾਮ ‘ਤੇ ਰੋਕ ਲੱਗਣ ਨਾਲ, ਹਜ਼ਾਰਾਂ ਭਾਰਤੀ ਨੌਜਵਾਨਾਂ ਦੀ ਜ਼ਿੰਦਗੀ ਹੋਰ ਔਖੀ ਜਾਪਦੀ ਹੈ।