Home / ਓਪੀਨੀਅਨ / ਗਰੀਬਾਂ ਦਾ ਤੀਸਰਾ ਯੁੱਧ

ਗਰੀਬਾਂ ਦਾ ਤੀਸਰਾ ਯੁੱਧ

-ਪਰਨੀਤ ਕੌਰ 

ਅੱਜ ਦੇ ਨਾਜ਼ੁਕ ਹਾਲਾਤਾਂ ਵਿੱਚ ਜਦੋਂ ਕੋਰੋਨਾ ਦੀ ਮਹਾਮਾਰੀ ਚੱਲ ਰਹੀ ਹੈ। ਲੋਕ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਹਨ ਅਤੇ ਬਹੁਤ ਸਾਰੇ ਲੋਕਾਂ ਨੂੰ ਕੁੱਲੀ, ਗੁੱਲੀ ਅਤੇ ਜੁੱਲੀ ਲਈ ਤਰਸਣਾ ਪੈ ਰਿਹਾ ਹੈ। ਬਹੁਤੇ ਲੋਕ ਇੱਕ ਪਾਸੇ ਭੁੱਖ ਨਾਲ ਮਰ ਰਹੇ ਹਨ ਅਤੇ ਦੂਜੇ ਪਾਸੇ ਕੋਰੋਨਾ ਨਾਲ। ਉਨ੍ਹਾਂ ਨਾਲ ਤਾਂ ਉਹ ਕੰਮ ਹੋ ਗਿਆ ਕਿ”ਅੱਗੇ ਖੂਹ ਪਿੱਛੇ ਖਾਈ” ਕਿਉਂਕਿ ਜੇ ਉਹ ਘਰ ਰਹਿਣਗੇ ਤਾਂ ਭੁੱਖ ਨਾਲ ਮਰ ਜਾਣਗੇ ਅਤੇ ਜੇ ਉਹ ਘਰ ਤੋਂ ਬਾਹਰ ਰੋਜ਼ੀ ਰੋਟੀ ਲਈ ਕੰਮ ਕਰਨ ਜਾਣਗੇ ਤਾਂ ਕੋਰੋਨਾ ਦਾ ਸ਼ਿਕਾਰ ਹੋ ਜਾਣਗੇ” ਭਾਵੇਂ ਕਿ ਸਰਕਾਰ ਰਾਸ਼ਨ ਵੰਡ ਰਹੀ ਹੈ, ਪਰ ਤਾਂ ਵੀ ਲੋੜਵੰਦਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ। ਅੱਗੇ ਵਾਲੇ ਨੁਮਾਇੰਦੇ ਹੀ ਆਪਣੇ-ਆਪਣੇ ਲੋਕਾਂ ਚ ਰਾਸ਼ਨ ਵੰਡ ਰਹੇ ਹਨ। ਉਨ੍ਹਾਂ ਦਾ ਤਾਂ ਉਹ ਕੰਮ ਹੈ ਕਿ “ਅੰਨਾ ਵੰਡੇ ਸੀਰਨੀ ਮੁੜ-2 ਆਪਣਿਆਂ ਨੂੰ” ਉਹ ਆਪਣੇ ਹੀ ਮੁਲਾਜ਼ੇ ਪੂਰ ਰਹੇ ਹਨ। ਗਰੀਬਾਂ ਤੱਕ ਰਾਸ਼ਨ ਨਹੀਂ ਪਹੁੰਚਦਾ, ਉਸ ਤੋਂ ਪਹਿਲਾਂ ਜਿਨ੍ਹਾਂ ਕੋਲ ਪਹਿਲਾਂ ਹੀ ਰਾਸ਼ਨ ਉਨ੍ਹਾਂ ਨੂੰ ਹੀ ਰਾਸ਼ਨ ਵੰਡ ਦਿੱਤਾ ਜਾਂਦਾ ਹੈ। ਜੇ ਥੋੜ੍ਹਾ ਬਹੁਤ ਪਹੁੰਚ ਵੀ ਜਾਵੇ ਤਾਂ ਰਾਸ਼ਨ ਦੇਣ ਆਏ ਲੋਕੀ ਰਾਸ਼ਨ ਲੈਣ ਆਏ ਬੰਦੇ ਤੋਂ ਪਹਿਲਾਂ ਇਹ ਪੁੱਛਦੇ ਨੇ ਕਿ ਤੂੰ ਕਾਂਗਰਸੀ ਜਾਂ ਅਕਾਲੀ ਏ? ਜੇ ਰਾਸ਼ਨ ਅਕਾਲੀਆਂ ਨੇ ਵੰਡਿਆ ਤਾਂ ਸਿਰਫ ਅਕਾਲੀ ਪਾਰਟੀ ਦੇ ਬੰਦਿਆਂ ਨੂੰ ਹੀ ਵੰਡਿਆ ਜਾਵੇਗਾ ਅਤੇ ਜੇ ਕਾਂਗਰਸੀਆਂ ਨੇ ਵੰਡਿਆ ਤਾਂ ਸਿਰਫ ਕਾਂਗਰਸ ਪਾਰਟੀ ਦੇ ਹੀ ਬੰਦਿਆਂ ਨੂੰ ਰਾਸ਼ਨ ਵੰਡਿਆ ਜਾਵੇਗਾ। ਇੱਥੇ ਹੀ ਬੱਸ ਨਹੀਂ ਕਰਦੇ ਉੱਪਰੋਂ ਫੋਟੋਆਂ ਵੀ ਖਿੱਚਣਗੇ ਰਾਸ਼ਨ ਵੰਡਦੇ ਹੋਏ ਅਤੇ  ਉਨ੍ਹਾਂ ਵਿਚਾਰਿਆ ਦੀ ਗਰੀਬੀ ਦਾ ਮਜ਼ਾਕ ਉਡਾਇਆ ਜਾਂਦਾ ਹੈ। ਭਲਾ ਜੇ ਕੋਈ ਇਹਨਾਂ ਨੂੰ ਪੁੱਛੇ ਕੀ ਮੂਰਖੋ ਜੇ ਲੰਗਰ ਲਗਾਉਂਦੇ ਹੋ ਜਾਂ ਰਾਸਣ ਵੰਡਦੇ ਹੋ ਤਾਂ ਦਿਖਾਵਾ ਕਾਹਦਾ ਕਰਦੇ ਹੋ? ਇਹ ਮੋਮੋਠਗਣੀਆਂ ਗੱਲਾਂ ਕਿਉਂ? ਉਹ ਵਾਹਿਗੁਰੂ ਪ੍ਰਮੇਸ਼ਰ ਸਭ ਨੂੰ ਦਿਨ ਰਾਤ ਸਭ ਕੁਝ ਦੇ ਰਿਹਾ ਹੈ ਕਿ ਉਹ ਦਿਖਾਵਾ ਕਰਦਾ ਹੈ? ਨਹੀਂ ਨਾ। ਉਹ ਤੁਹਾਡੀਆਂ ਹਰਕਤ ਤਾਂ ਹਰ ਰੋਜ਼ ਵੇਖਦਾ ਹੈ ਕਿ ਉਹ ਤੁਹਾਨੂੰ ਪੁੱਛਦਾ ਹੈ ਕਿ ਕੀ ਤੁਸੀਂ ਕੀ ਕਰ ਰਹੇ ਹੋ? ਅੱਜ ਹਰ ਬੰਦਾ ਇਹ ਨਹੀਂ ਵੇਖਦਾ ਕਿ ਰੱਬ ਨੇ ਮੈਨੂੰ ਕੀ ਕੁਝ ਦੇ ਰੱਖਿਆ, ਉਹ ਸਿਰਫ਼ ਇਹ ਦੇਖਦਾ ਵੀ ਰੱਬ ਨੇ ਮੈਨੂੰ ਕੀ ਨਹੀਂ ਦਿੱਤਾ। ਮੂਰਖੋ ਕਦੀ ਤਾਂ ਰੱਬ ਦਾ ਸ਼ੁਕਰਾਨਾ ਕਰੋ, ਵੀ ਤੁਸੀਂ ਮੈਨੂੰ ਇੰਨੇ ਸੁੱਖ ਬਖਸ਼ੇ। ਜ਼ਰਾ ਕੁ ਆਪਣੇ-ਆਪਣੇ ਅੰਦਰ ਜਾਤੀ ਮਾਰ ਕੇ ਤੇ ਵੇਖੋ, ਆਪੇ ਪਤਾ ਲੱਗ ਜਾਵੇਗਾ ਕਿ ਤੁਸੀਂ ਪਰਮਾਤਮਾ ਦਾ ਕਿੰਨਾ ਕੁ ਸ਼ੁਕਰਾਨਾ ਕਰਦੇ ਹੋ? ਹਾਂ ਪਰ ਜੋ ਨਹੀਂ ਮਿਲਿਆ ਉਸ ਦਾ ਉਲਾਂਭਾ ਜ਼ਰੂਰ ਤੁਸੀਂ ਰੱਬ ਨੂੰ ਸਵੇਰੇ-ਸ਼ਮ ਦਿੰਦੇ ਓ। ਧੰਨ ਨੇ ਉਹ ਗਰੀਬ ਲੋਕ ਜਿਹੜੇ ਮਹਾਂਮਾਰੀ ਵਿਚ ਢਿੱਡੋਂ ਭੁੱਖੇ ਨੇ। ਉੱਪਰੋਂ ਸਰਕਾਰ ਨੇ ਠੇਕੇ ਖੋਲ੍ਹ ਦਿੱਤੇ ਵੀ ਸ਼ਰਾਬ ਜਿੰਨੀ ਮਰਜ਼ੀ ਖਰੀਦੋ। ਚਾਹੇ ਘਰ ਵੀ ਮੰਗਵਾਓ, ਕੋਈ ਚੱਕਰ ਨਹੀਂ। ਅਕੇ ਇਨਕਮ ਹੋਵੇਗੀ, ਪੈਸਾ ਆਵੇਗਾ। ਪਰ ਮੈਂ ਸਰਕਾਰ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਜਿਸ ਵੇਲੇ ਸਰਕਾਰ ਨੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਸੀ, ਕੀ ਉਸ ਵੇਲੇ ਸਰਕਾਰ ਨੇ ਜ਼ਰਾ ਕੁ ਵੀ ਉਨ੍ਹਾਂ ਗਰੀਬ ਇਸਤਰੀਆਂ ਅਤੇ ਬੱਚਿਆਂ ਬਾਰੇ ਸੋਚਿਆ ਸੀ ਜਿਨ੍ਹਾਂ ਦੇ ਘਰ ਦੇ ਮਰਦ ਸ਼ਰਾਬਾਂ ਪੀਂਦੇ ਨੇ ਅਤੇ ਕਮਾਉਂਦੇ ਇੱਕ ਵੀ ਰੁਪਿਆ ਨਹੀਂ। ਇਸਤਰੀਆਂ ਦਿਹਾੜੀਆਂ ਕਰ-ਕਰ ਕੇ ਪੈਸੇ ਕਮਾਉਂਦੀਆਂ ਨੇ ਦੋ ਵਕਤ ਦੀ ਰੋਟੀ ਲਈ, ਪਰ ਉਹ ਮਰਦ ਉਨ੍ਹਾਂ ਨੂੰ ਮਾਰ ਕੁੱਟ ਕੇ ਜੋ ਕਮਾਏ ਪੈਸੇ ਹੁੰਦੇ ਨੇ ਉਨ੍ਹਾਂ ਨੂੰ ਖੋਹ ਕੇ ਸ਼ਰਾਬ ਪੀ ਕੇ ਕਿਤੇ ਰਸਤੇ ਵਿਚ ਗਿਰੇ ਹੁੰਦੇ ਹਨ ਜਾਂ ਫਿਰ ਘਰ ਆ ਕੇ ਮਾਰ-ਕੁਟਾਈ ਕਰਦੇ ਹਨ। ਭਾਵੇਂ ਕਿ ਇਸਤਰੀਆਂ ਅਤੇ ਬੱਚੇ ਭੁੱਖੇ ਮਰੀ ਜਾਣ, ਉਹਨਾਂ ਉੱਤੇ ਕਿਸੇ ਗੱਲ ਦਾ ਕੋਈ ਅਸਰ ਨਹੀਂ। ਉਨ੍ਹਾਂ ਦਾ ਤਾਂ ਉਹ ਕੰਮ ਆ “ਕੋਈ ਮਰੇ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ” ਉਨ੍ਹਾਂ ਨੂੰ ਕੀ? ਉਨ੍ਹਾਂ ਨੂੰ ਤਾਂ ਸਿਰਫ ਬਸ ਸਿਰਫ ਸ਼ਰਾਬ ਤੱਕ ਮਤਲਬ ਹੈ, ਬਸ ਸ਼ਰਾਬ ਮਿਲਣੀ ਚਾਹੀਦੀ ਹੈ ਤੇ ਉਨ੍ਹਾਂ ਲਈ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹ ਈ ਦਿੱਤੇ ਨੇ। ਇਹ ਤਾਂ ਉਹ ਕੰਮ ਹੋ ਗਿਆ “ਇੱਕ ਤਾਂ ਹੈ ਕਰੇਲਾ, ਦੂਜਾ ਨਿੰਮ ਤੇ ਚੜ੍ਹ ਗਿਆ” ਭਾਵ ਕਿ ਗਰੀਬ ਤਾਂ ਪਹਿਲੀ ਤੰਗ ਸੀ ਉੱਪਰੋਂ ਸ਼ਰਾਬ ਨੇ ਹੋਰ ਜ਼ਿਆਦਾ ਲੜਾਈ ਝਗੜਾ ਕਰਵਾ ਦਿੱਤਾ।

ਇੰਨ੍ਹਾਂ ਹੀ ਬਸ ਨਹੀਂ ਸ਼ਰਾਬ ਦੇ ਠੇਕੇ ਖੋਲ੍ਹਣ ਉਪਰੰਤ ਜੋ ਪੁਲੀਸ ਦੇ ਮੈਂਬਰ ਸ਼ਰਾਬੀ ਹੋ ਹੋ ਕੇ ਡਿੱਗਦੇ ਹਨ, ਉਨ੍ਹਾਂ ਦੀਆਂ ਵਾਇਰਲ ਵੀਡੀਓਜ਼ ਨੇ ਪੁਲਿਸ ਡਿਪਾਰਟਮੈਂਟ ਦੀ ਬਦਨਾਮੀ ਵੱਖਰੀ ਕਰਵਾ ਦਿੱਤੀ। ਇੱਕ ਪਾਸੇ ਤਾਂ ਪੁਲਿਸ ਦੀ ਮੁਹਿੰਮ ਚੱਲੀ ਸੀ ਕਿ “ਮੈਂ ਹਰਜੀਤ ਸਿੰਘ ਹਾਂ” ਹਰ ਇੱਕ ਨੂੰ ਪੁਲੀਸ ਤੇ ਮਾਣ ਸੀ। ਉਸ ਨਾਲ ਪੁਲਿਸ ਦਾ ਮਾਣ ਵਧਿਆ ਸੀ। ਪਰ ਹੁਣ ਨਵੀਂ ਮੁਹਿੰਮ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਹੈ “ਮੈਂ ਹਾਂ ਸ਼ਰਾਬ” ਕਿੰਨੀ ਸ਼ਰਮ ਵਾਲੀ ਗੱਲ ਹੈ। ਜਦੋਂ ਪੁਲਿਸ ਵਾਲਿਆਂ ਦਾ ਹੀ ਇਹ ਹਾਲ ਹੋ ਰਿਹਾ ਸ਼ਰਾਬ ਨਾਲ ਤਾਂ ਆਮ ਬੰਦਾ ਤਾਂ ਚੀਜ਼ ਈ ਕੀ ਹੈ? ਫਾਸਲੇ ਰੱਖਣਾ(ਸੋਸ਼ਲ ਡਿਸਟੈਂਸ) ਤਾਂ ਦੂਰ ਦੀਆਂ ਗੱਲਾਂ ਨੇ ਲੋਕਾਂ ਨੇ ਅਨੁਸ਼ਾਸਨ ਦੀਆਂ ਧੱਜੀਆਂ ਉਡਾ ਰੱਖੀਆਂ ਨੇ। ਇਸ ਤੋਂ ਚੰਗਾ ਤਾਂ ਸੀ ਕਿ ਸਰਕਾਰ ਰੁਜ਼ਗਾਰ ਮੁਹਿੰਮ ਚਲਾ ਦਿੰਦੀ, ਕਿ ਕਿਸੇ ਵੀ ਬੰਦੇ ਵਿੱਚ ਜੋ ਵੀ ਹੁਨਰ ਹੈ, ਜਿਹੜਾ ਵੀ ਕੰਮ ਉਹ ਵਧੀਆ ਕਰ ਲੈਂਦਾ ਹੈ, ਜਿਸ ਤੋਂ ਪੈਸਾ ਕਮਾਇਆ ਜਾ ਸਕਦਾ ਹੈ ਉਹ ਕੰਮ ਸ਼ੁਰੂ ਕਰੇ ਅਤੇ ਸਰਕਾਰ ਉਸ ਦੇ ਹੁਨਰ ਮੁਤਾਬਕ ਕੰਮ ਕਰਨ ਵਿੱਚ ਉਸ ਦੀ ਮਦਦ ਕਰੇਗੀ ਤੇ ਉਸ ਦੁਆਰਾ ਬਣਾਏ ਗਏ ਸਾਮਾਨ ਨੂੰ ਮਾਰਕੀਟ ਵਿੱਚ ਵੇਚੇਗੀ ਜਿਸ ਨਾਲ ਕਿ ਪੈਸਾ ਵੀ ਕਮਾਇਆ ਜਾਂਦਾ ਅਤੇ ਗਰੀਬ ਲੋਕ ਪੇਟ ਭਰ ਰੋਟੀ ਵੀ ਖਾ ਸਕਦੇ ਸੀ। ਹੁਣ ਤਾਂ ਮੋਦੀ ਜੀ ਖੁਦ ਕਹਿ ਰਹੇ ਨੇ ਕਿ ਖੁਦ ਦੇ ਰੁਜ਼ਗਾਰ ਚਲਾਓ। ਪਰ ਇਹ ਫੈਸਲਾ ਪਹਿਲਾਂ ਵੀ ਲਿਆ ਜਾ ਸਕਦਾ ਸੀ। ਗਲਤੀਆਂ ਮੰਤਰੀਆਂ ਦੀਆਂ ਭੁਗਤਦੇ ਨੇ ਗਰੀਬ ਲੋਕ, ਚਾਹੇ ਉਹ ਕੋਈ ਵੀ ਹੋਣ।

ਸੋ ਇਸ ਤਰ੍ਹਾਂ ਇੱਕ ਗ਼ਰੀਬ ਅੱਜ ਤਿੰਨ-ਤਿੰਨ ਯੁੱਧ ਲੜ ਰਿਹਾ ਹੈ :- ਭੁੱਖ, ਕੋਰੋਨਾ ਅਤੇ ਸ਼ਰਾਬ ਪੀਣ ਤੋਂ ਬਾਅਦ ਹੁੰਦੇ ਕਾਟੋ ਕਲੇਸ਼ ਦਾ। ਪਤਾ ਨਹੀਂ ਇਹ ਸਭ ਕਦੋਂ ਖਤਮ ਹੋਵੇਗਾ? ਕਦੋਂ ਇੱਕ ਗ਼ਰੀਬ ਨੂੰ ਸੁੱਖ ਦਾ ਸਾਹ ਆਵੇਗਾ? ਚਾਹੇ ਕੁਝ ਵੀ ਕਹੋ ਇਹ ਗੱਲ ਸੱਚ ਹੈ ਕਿ ਵੱਡੀਆਂ-ਵੱਡੀਆਂ ਸਗਮਰਮਰ ਦੀਆਂ ਇਮਾਰਤਾਂ ਬਣਾਉਣ ਵਾਲਾ ਗਰੀਬ ਮਜ਼ਦੂਰ ਖ਼ੁਦ ਧਰਤੀ ਉੱਤੇ ਸੌਂਦਾ ਹੈ ਅਤੇ ਦੂਜਿਆਂ ਦਾ ਢਿੱਡ ਭਰਨ ਵਾਲਾ ਵੀ ਖੁਦ ਭੁੱਖਾ ਸੌਂਦਾ ਹੈ। ਇਹ ਅਮੀਰਾਂ ਦੀ ਸ਼ਾਨੋ ਸ਼ੌਕਤ ਵੀ ਗਰੀਬ ਲੋਕਾਂ ਦੀ ਕਿਰਤ ਅਤੇ ਮਿਹਨਤ ਤੇ ਟਿਕੀ ਹੈ। ਹਾਲਾਂਕਿ ਉਹ ਕੰਮ ਦੇ ਬਦਲੇ ਪੈਸੇ ਦਿੰਦੇ ਹਨ। ਪਰ ਫਿਰ ਵੀ ਇੱਕ ਅਮੀਰ ਪਰਿਵਾਰ ਦਾ ਸਾਰਾ ਕੰਮਕਾਜ ਗਰੀਬ ਦੇ ਮੋਢਿਆਂ ਉੱਤੇ ਚੱਲਦਾ ਹੈ। ਜੇ ਇਕ ਦਿਨ ਵੀ ਕੰਮ ਕਰਨ ਵਾਲੀ ਗਰੀਬ ਔਰਤ ਛੁੱਟੀ ਕਰ ਲਵੇ ਤਾਂ ਅਮੀਰਾਂ ਦੇ ਪੂਰੇ ਪਰਿਵਾਰ ਲਈ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ ਕਿ ਕੌਣ ਸਫ਼ਾਈ ਕਰੇਗਾ? ਕੌਣ ਖਾਣਾ ਬਣਾਵੇਗਾ ? ਦੇਖੋ ਉਸ ਦੇ ਇੱਕ ਦਿਨ ਨਾ ਆਉਣ ਨਾਲ ਇਹ ਹਾਲ ਹੁੰਦਾ ਹੈ। ਅੱਜ ਉਹੀ ਗਰੀਬ ਭੁੱਖ ਨੰਗ ਦੀ ਲੜਾਈ ਲੜ ਰਿਹਾ ਹੈ। ਖ਼ਾਸਕਰ ਕੇ ਮਜ਼ਦੂਰੀ ਕਰਨ ਵਾਲੀਆਂ ਗ਼ਰੀਬ ਔਰਤਾਂ। ਜ਼ਰਾ ਸੋਚੋ ਤੇ ਵਿਚਾਰ ਕਰੋ ਅਤੇ ਜਿੰਨੀ ਹੋ ਸਕੇ ਅਜਿਹੇ ਗਰੀਬ ਪਰਿਵਾਰਾਂ ਦੀ ਮਦਦ ਕਰੋ। ਇਹ ਸਮਾਂ ਹਿੰਦੂ, ਅਕਾਲੀ, ਕਾਂਗਰਸੀ ਕਰਨ ਦਾ ਨਹੀਂ ਬਲਕਿ ਇਨਸਾਨੀਅਤ ਨੂੰ ਪਛਾਨਣ ਦਾ ਹੈ। ਤੁਸੀਂ ਗੁਰੂ ਸਾਹਿਬ ਦੇ ਦੱਸੇ ਰਾਹ ਨੂੰ ਵੀ ਭੁੱਲਦੇ ਜਾ ਰਹੇ ਹੋ! ਅਜੇ ਵੀ ਵਕਤ ਹੈ ਸੰਭਲ ਜਾਵੋ, ਅਕਲ ਨੂੰ ਹੱਥ ਮਾਰੋ ਅਤੇ ਕੀਤੀਆਂ ਹੋਈਆਂ ਗ਼ਲਤੀਆਂ ਨੂੰ ਬਖਸ਼ਾ ਕੇ ਮਤਲਬ ਨੂੰ ਭੁਲ ਜਾਉ ਅਤੇ ਇਨਸਾਨਾਂ ਨੂੰ ਪਿਆਰ ਕਰੋ। ਕਾਂਗਰਸੀਆਂ, ਅਕਾਲੀਆਂ ਨੂੰ ਛੱਡ ਦੇਵੋ, ਕਿਉਂਕਿ ਹਰ ਬੰਦਾ ਇੱਕ ਲੀਡਰ ਬਣਨ ਤੋਂ ਪਹਿਲਾਂ ਇੱਕ ਆਮ ਇਨਸਾਨ ਹੈ। ਇਹ ਵਕਤ ਇੱਕ ਹੋਣ ਦਾ ਹੈ ਤਾਂ ਹੀ ਕੋਰੋਨਾ ਵਿਰੁੱਧ ਲੜਾਈ ਜਿੱਤੀ ਜਾ ਸਕੇ। ਭੇਦ-ਭਾਵ ਮਿਟਾਕੇ ਸਭ ਨੂੰ ਪਿਆਰ ਅਤੇ ਇੱਜ਼ਤ ਦਿਓ।

ਸੰਪਰਕ : 9872178404

Check Also

ਕੋਵਿਡ-19 ਦੇ ਹਨੇਰੇ ਵਿੱਚ ਚਾਨਣ ਦਾ ਸੁਨੇਹਾ ਦਿੰਦੀ ਜ਼ਿੰਦਗੀ-2

-ਜਗਤਾਰ ਸਿੰਘ ਸਿੱਧੂ ਕੇਵਲ ਮਨੁੱਖਾਂ ਨੇ ਹੀ ਨਹੀਂ ਕੁਦਰਤ ਨੇ ਵੀ ਇਸ ਦੁਨੀਆ ਨੂੰ ਸਾਫ-ਸੁਥਰਾ …

Leave a Reply

Your email address will not be published. Required fields are marked *