ਕੋਵਿਡ ਦਾ ਹਾਲੇ ਤੱਕ ਬੱਚਿਆਂ ‘ਤੇ ਗੰਭੀਰ ਪ੍ਰਭਾਵ ਨਹੀਂ, ਪਰ ਖ਼ਤਰਾ ਟਲਿਆ ਨਹੀਂ : ਡਾ. ਵੀ.ਕੇ. ਪਾਲ

TeamGlobalPunjab
2 Min Read

ਨਵੀਂ ‌ਦਿੱਲੀ : ‘ਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਇਨਫੈਕਸ਼ਨ ਨਾਲ ਬੱਚਿਆਂ ‘ਤੇ ਕੋਈ ਗੰਭੀਰ ਪ੍ਰਭਾਵ ਨਹੀਂ ਦੇਖਿਆ ਗਿਆ ਹੈ ਪਰ ਜੇ ਕੋਰੋਨਾ ਵਾਇਰਸ ਦੇ ਮੌਜੂਦਾ ਰੂਪ ‘ਚ ਬਦਲਾਅ ਆਇਆ ਤਾਂ ਇਹ ਬੱਚਿਆਂ ਨੂੰ ਗੰਭੀਰ ਰੂਪ ਤੋਂ ਇਨਫੈਕਟਿਡ ਕਰ ਸਕਦਾ ਹੈ।’ ਇਸ ਗੱਲ ਦਾ ਖ਼ਦਸ਼ਾ ਨੀਤੀ ਕਮਿਸ਼ਨ ਦੇ ਮੈਂਬਰ ਡਾਕਟਰ ਵੀ.ਕੇ. ਪਾਲ ਨੇ ਕੀਤਾ ਹੈ।

ਰਾਜਧਾਨੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਰਕਾਰ ਤੀਜੀ ਲਹਿਰ ਦੇ ਖ਼ਦਸ਼ੇ ਦੇ ਮੱਦੇਨਜ਼ਰ ਆਪਣੀ ਤਿਆਰੀਆਂ ਨੂੰ ਪੁਖ਼ਤਾ ਕਰਨ ‘ਚ ਲੱਗੀ ਹੈ। ਉਨ੍ਹਾਂ ਕਿਹਾ ਕਿ ਭਾਰਤ ‘ਚ ਕੋਰੋਨਾ ਇਨਫੈਕਸ਼ਨ ਦੀ ਦੂਜੀ ਲਹਿਰ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਹਾਲਾਂਕਿ ਵੱਡੀ ਰਾਹਤ ਦੀ ਗੱਲ ਇਹ ਹੈ ਕਿ ਇਸ ਦਾ ਬੱਚਿਆਂ ‘ਤੇ ਗੰਭੀਰ ਪ੍ਰਭਾਵ ਨਹੀਂ ਪਿਆ।

ਡਾਕਟਰ ਵੀ.ਕੇ. ਪਾਲ ਦਾ ਕਹਿਣਾ ਹੈ ਕਿ ਬੱਚਿਆਂ ‘ਚ ਕੋਰੋਨਾ ਮਾਮਲੇ ਦੇ ਲੱਛਣ ਅਕਸਰ ਘੱਟ ਹੀ ਦਿਖਾਈ ਦਿੰਦੇ ਹਨ ਜਾਂ ਬੇਹੱਦ ਘੱਟ ਹੀ ਪਾਏ ਜਾਂਦੇ ਹਨ। ਪਾਲ ਮੁਤਾਬਿਕ ਅਜੇ ਤਕ ਬੱਚਿਆਂ ‘ਚ ਇਨਫੈਕਸ਼ਨ ਨੇ ਗੰਭੀਰ ਰੂਪ ਨਹੀਂ ਲਿਆ ਹੈ। ਉਨ੍ਹਾਂ ਮੁਤਾਬਿਕ ਸਿਰਫ਼ ਦੋ ਤੋਂ ਤਿੰਨ ਫੀਸਦੀ ਬੱਚਿਆਂ ਨੂੰ ਹੀ ਕੋਰੋਨਾ ਦੇ ਲੱਛਣ ਸਾਹਮਣੇ ਆਉਣ ਤੋਂ ਬਾਅਦ ਹਸਪਤਾਲਾਂ ‘ਚ ਭਰਤੀ ਕਰਨ ਦੀ ਲੋੜ ਪੈਂਦੀ ਹੈ।
ਡਾ਼. ਪਾਲ ਅਨੁਸਾਰ ਬੱਚਿਆਂ ‘ਤੇ ਕੋਰੋਨਾ ਦਾ ਦੋ ਤਰ੍ਹਾਂ ਤੋਂ ਅਸਰ ਦੇਖਿਆ ਜਾ ਸਕਦਾ ਹੈ। ਪਹਿਲਾ ਹੈ ਕਿ ਉਨ੍ਹਾਂ ‘ਚ ਨਿਮੋਨੀਆ ਦਾ ਕੋਈ ਲੱਛਣ ਦਿਖਾਈ ਦਿੰਦਾ ਹੋਵੇ। ਦੂਜਾ ਲੱਛਣ ਹੈ ਕਿ ਉਨ੍ਹਾਂ ਨੂੰ ਮਲਟੀ ਸਿੰਡਰੋਮ ਦੀ ਸਮੱਸਿਆ ਹੋ ਰਹੀ ਹੋਵੇ।
ਗੌਰਤਲਬ ਹੈ ਕਿ ਕਈ ਮਾਹਰ ਇਸ ਗੱਲ ਦਾ ਖ਼ਦਸ਼ਾ ਪ੍ਰਗਟਾ ਚੁੱਕੇ ਹਨ ਕਿ ਦੇਸ਼ ‘ਚ ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਆ ਸਕਦੀ ਹੈ। ਰਿਪੋਰਟਸ ‘ਚ ਇਸ ਗੱਲ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਤੀਜੀ ਲਹਿਰ ‘ਚ ਬੱਚੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਸਕਦੇ ਹਨ।

Share this Article
Leave a comment