Home / News / ਕੁਵੈਤ ‘ਚ ਫਸੇ ਸੈਂਕੜੇ ਪੰਜਾਬੀ ਨੌਜਵਾਨ ਭੁੱਖੇ ਢਿੱਡ ਸੋਣ ਨੂੰ ਮਜਬੂਰ

ਕੁਵੈਤ ‘ਚ ਫਸੇ ਸੈਂਕੜੇ ਪੰਜਾਬੀ ਨੌਜਵਾਨ ਭੁੱਖੇ ਢਿੱਡ ਸੋਣ ਨੂੰ ਮਜਬੂਰ

ਨਿਊਜ਼ ਡੈਸਕ: ਕੋਰੋਨਾ ਮਹਾਮਾਰੀ ਕਾਰਨ ਕੁਵੈਤ ਵਿੱਚ ਲਗਭਗ ਤਿੰਨ ਮਹੀਨੇ ਤੋਂ ਫਸੇ ਸੈਂਕੜੇ ਬੇਰੁਜ਼ਗਾਰ ਪੰਜਾਬੀ ਨੌਜਵਾਨ ਵਤਨ ਵਾਪਸੀ ਲਈ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਆਸ ਲਗਾ ਕੇ ਬੈਠੇ ਹਨ ਪਰ ਹਾਲੇ ਤੱਕ ਕਿਸੇ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਹੈ। ਕੁਵੈਤ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਜਾਰੀ ਕਰ ਕਿਹਾ ਕਿ ਜੇਕਰ ਉਹ ਕੰਪਨੀ ਆਧਿਕਾਰੀਆਂ ਤੋਂ ਆਪਣਾ ਪਾਸਪੋਰਟ ਮੰਗਦੇ ਹਨ ਤਾਂ ਉਨ੍ਹਾਂ ਨੂੰ ਧਮਕਾਇਆ ਜਾਂਦਾ ਹੈ ਅਤੇ ਜਬਰੀ ਬਿਨਾਂ ਪੜ੍ਹੇ ਫਾਰਮਾਂ ‘ਤੇ ਦਸਤਖਤ ਕਰਵਾਏ ਜਾ ਰਹੇ ਹਨ ਜਿਸ ਨਾਲ ਉਹ ਤਨਖਾਹ ਲਈ ਕੋਈ ਦਾਅਵਾ ਨਾਂ ਕਰ ਸਕਣ। ਨੌਜਵਾਨਾਂ ਨੇ ਦੱਸਿਆ ਕਿ ਉਹ ਭਾਰਤ ਵਾਪਸੀ ਲਈ ਆਪਣੀ ਤਨਖਾਹ ਲਈ ਆਵਾਜ਼ ਚੁੱਕ ਰਹੇ ਹਨ ਜਦਕਿ ਕੰਪਨੀ ਵੱਲੋਂ ਉਨ੍ਹਾਂ ‘ਤੇ ਜ਼ੁਲਮ ਢਾਹਿਆ ਜਾ ਰਿਹਾ ਹੈ। ਹੁਣ ਕੁੱਝ ਦਿਨਾਂ ਤੋਂ ਕੰਪਨੀ ਵਾਲਿਆਂ ਵੱਲੋਂ ਸਿਰਫ ਇੱਕ ਵਾਰ ਰੋਟੀ ਦਿੱਤੀ ਜਾਂਦੀ ਰਹੀ ਹੈ ਜਿਸਦਾ ਕੋਈ ਵੀ ਸਮਾਂ ਨਹੀਂ ਅਤੇ ਰਾਤ ਨੂੰ ਭੁੱਖੇ ਹੀ ਸੋਣਾ ਪੈਂਦਾ ਹੈ। ਨੌਜਵਾਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਦੇ ਕੋਲ ਜੋ ਪੈਸੇ ਸਨ ਉਹ ਖਤਮ ਹੋ ਚੁੱਕੇ ਹਨ ਜਿਸ ਕਾਰਨ ਉਨ੍ਹਾਂ ਦੀ ਹਾਲਤ ਮਾੜੀ ਹੋ ਰਹੀ ਹੈ। ਭਾਰਤ ਦੀ ਅੰਬੈਂਸੀ ਅਤੇ ਪੰਜਾਬ ਦੇ ਸਿਆਸੀ ਆਗੂਆਂ ਨੇ ਕੁਵੈਤ ਵਿੱਚ ਫਸੇ ਪੰਜਾਬੀਆਂ ਨੂੰ ਕੱਢਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸੀਐਮ ਕੈਪਟਨ ਅਮਰਿੰਦਰ ਸਿੰਘ , ਆਪ ਆਗੂ ਭਗਵੰਤ ਮਾਨ ਅਤੇ ਭਾਰਤੀ ਦੂਤਾਵਾਸ ਨੂੰ ਸਾਡੀ ਹਾਲਤ ਵਿਖਾਈ ਕਿਉਂ ਨਹੀਂ ਦੇ ਰਹੀ ਹੈ, ਅਸੀ ਵਾਰ ਵਾਰ ਉਨ੍ਹਾਂ ਨੂੰ ਅਪੀਲ ਕਰ ਚੁੱਕੇ ਹਾਂ। ਨੌਜਵਾਨਾਂ ਨੇ ਦੱਸਿਆ ਕਿ ਸਿਰਫ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਇੰਦਰ ਇਕਬਾਲ ਸਿੰਘ ਅਟਵਾਲ ਨੇ ਉਨ੍ਹਾਂ ਨਾਲ ਫੋਨ ‘ਤੇ ਗੱਲਬਾਤ ਕੀਤੀ ਤੇ ਜਲਦ ਵਤਨ ਵਾਪਸੀ ਦਾ ਭਰੋਸਾ ਦਿੱਤਾ।

Check Also

ਸ਼ਰਾਬ ਮਾਫੀਆ ‘ਤੇ ਮੇਰਾ ਜ਼ੋਰ ਨਹੀਂ, ਮਹਾਰਾਣੀ ਨੂੰ ਵੀ ਦੱਸਿਆ ਪਰ ਨਹੀਂ ਹੋਈ ਕਾਰਵਾਈ: ਜਲਾਲਪੁਰ

ਰਾਜਪੁਰਾ: ਘਨੌਰ ਤੋਂ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਸ਼ਰਾਬ ਮਾਫੀਆ ਨੂੰ ਲੈ ਕੇ ਵੱਡੇ …

Leave a Reply

Your email address will not be published. Required fields are marked *