ਪੰਜਾਬ ‘ਚ ਪਹਿਲੀ ਵਾਰ ਬਣੀ ‘ਤੀਸਰੀ ਧਿਰ’ ਦੀ ਸਰਕਾਰ

TeamGlobalPunjab
4 Min Read

ਬਿੰਦੂ ਸਿੰਘ

ਪੰਜਾਬ ਦੇ ਸਿਆਸੀ ਸਫਿਆਂ ਵਿੱਚ ਪਹਿਲੀ ਵਾਰ ਨਵੀਂ ਇਬਾਰਤ ਲਿਖੀ ਜਾਵੇਗੀ ਕਿ ਸੂਬੇ ਚ ਤੀਸਰੀ ਧਿਰ ਦੀ ਸਰਕਾਰ ਬਣਨ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਜੋ ਸੁਨਾਮੀ ਲਿਆ ਦਿੱਤੀ ਉਸ ਅੱਗੇ ਵੱਡੇ ਵੱਡੇ ਤਜਰਬੇਕਾਰ ਵੀ ਫੇਲ ਹੋ ਘਰ ਬੈਠਣ ਦੀ ਹਾਲਤ ਚ ਆ ਗਏ ਹਨ। ਖੇਤਰੀ ਪਾਰਟੀ ਕਹੀ ਜਾਣ ਵਾਲੀ ਅਕਾਲੀ ਦਲ ‘ਤੇ ਕਾਂਗਰਸ ਪਾਰਟੀ ਇਨ੍ਹਾਂ ਚੋਣਾਂ ਚ ਹਾਸ਼ੀਏ ਤੇ ਆ ਗਈਆਂ ਹਨ ਤੇ ਹੁਣ ਇਹ ਕਹਿਣਾ ਮੁਸ਼ਕਲ ਹੀ ਹੈ ਕਿ ਇਹ ਦੋਵੇਂ ਧਿਰਾਂ ਕਿਵੇਂ ਦੋਬਾਰਾ ਉੱਠ ਸਕਣਗੀਆਂ।

ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਵੋਟਰਾਂ ਨੇ ਇੱਕ ਪਾਸੜ ਹੋ ਵੱਡੀ ਜਿੱਤ ਜਰੂਰ ਦਿੱਤੀ ਹੈ ਪਰ ਅਜੇ ਆਮ ਆਦਮੀ ਪਾਰਟੀ ਲਈ ਰਾਹ ਅੱਗੇ ਸੌਖਾ ਨਹੀਂ ਕਿਹਾ ਜਾ ਸਕਦਾ ਹੈ। ਪੌਣੇ ਤਿੰਨ ਲੱਖ ਕਰੋੜ ਰੁਪਏ ਦੇ ਕਰਜੇ ਦੀ ਮਾਰ ਹੇਠ ਆਏ ਸੂਬੇ ਨੂੰ ਇਸ ਕਰਜੇ ਚੋਂ ਕੱਢਣਾ ਨਵੀਂ ਸਰਕਾਰ ਲਈ ਵੱਡਾ ਮੁਸ਼ੱਕਤ ਵਾਲਾ ਕੰਮ ਹੋਵੇਗਾ। ਜਿੱਤ ਤੋਂ ਬਾਅਦ ਭਗਵੰਤ ਮਾਨ ਨੇ ਦੋ-ਤਿੰਨ ਗੱਲਾਂ ਕਹੀਆਂ ਹਨ ਜਿਸ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੀ ਗੱਲ, ਸਰਕਾਰੀ ਦਫ਼ਤਰਾਂ ਚ ਬਾਬਾ ਸਾਹਿਬ ਤੇ ਭਗਤ ਸਿੰਘ ਦੀਆਂ ਤਸਵੀਰਾਂ ਹੀ ਲਾਈਆਂ ਜਾਣਗੀਆਂ, ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੇਗੀ।

ਕਾਂਗਰਸ ਸਰਕਾਰ ਦੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਨੇ ਗਵਰਨਰ ਨੂੰ ਮਿਲ ਕੇ ਮੁੱਖਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਅਸਤੀਫੇ ਨੂੰ ਸਵੀਕਾਰ ਕਰਦਿਆਂ ਗਵਰਨਰ ਨੇ ਨੋਟੀਫਿਕੇਸ਼ਨ ਜਾਰੀ ਕਰਕੇ 15ਵੀਂ ਵਿਧਾਨਸਭਾ ਨੂੰ ਭੰਗ ਕਰ ਦਿੱਤਾ ਹੈ ਤੇ ਹੁਣ ਆਮ ਆਦਮੀ ਪਾਰਟੀ ਦੇ ਆਗੁੂ ਗਵਰਨਰ ਕੋਲ ਪਹੁੰਚ ਭਲਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨਗੇ। ਆਮ ਆਦਮੀ ਪਾਰਟੀ ਦੀ ਵਿਧਾਇਕ ਦਲ ਦੀ ਮੀਟਿੰਗ ਅੱਜ ਮੋਹਾਲੀ ਚ ਹੋਈ ਤੇ ਭਗਵੰਤ ਮਾਨ ਨੂੰ ਵਿਧਾਇਕ ਦਲ ਦਾ ਲੀਡਰ ਚੁਣਿਆ ਗਿਆ ਹੈ। ਇਸ ਮੌਕੇ ਬੋਲਦਿਆਂ ਭਗਵੰਤ ਮਾਨ ਨੇ ਨਵੇਂ ਚੁਣ ਕੇ ਆਏ ਵਿਧਾਇਕਾਂ ਨੂੰ ਨਸੀਹਤ ਦਿੱਤੀ ਤੇ ਕਿਹਾ ਕਿ ਹੰਕਾਰ ਨਾ ਕੀਤਾ ਜਾਵੇ ਤੇ ਜਿੰਮੇਵਾਰੀ ਨੂੰ ਸਮਝਣ ਵੱਲ ਤੇ ਕੰਮ ਕਰਨ ਦੀ ਲੋੜ ਤੇ ਜ਼ੋਰ ਦਿੱਤਾ। ਮਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਮੰਤਰੀ ਮੰਡਲ ‘ਚ 17 ਮੰਤਰੀ ਹੋਣਗੇ।

- Advertisement -

ਉੱਧਰ ਬੀਤੇ ਕੱਲ੍ਹ ਰਿਵਾਇਤੀ ਪਾਰਟੀਆਂ ਦੇ ਲੀਡਰਾਂ ਵਲੋਂ ਅਜਿਹੀ ਹਾਰ ਨੂੰ ਜਜ਼ਬ ਕਰਨ ਲਈ ਥੋੜ੍ਹਾ ਸਮਾਂ ਤਾਂ ਜ਼ਰੂਰ ਲੱਗਾ ਪਰ ਫੇਰ ਹਾਰ ਨੂੰ ਮੰਨ ਉਨ੍ਹਾਂ ਦੇ ਬਿਆਨ ਆਏ ਕਿ ਸਰਕਾਰ ਨੂੰ ਸੂਬੇ ਦੇ ਹਿੱਤ ਲਈ ਹਰ ਸਹਿਯੋਗ ਦਿੱਤਾ ਜਾਵੇਗਾ। ਇੱਥੇ ਇੱਕ ਹੋਰ ਗੱਲ ਗੌਰ ਫਰਮਾਉਣ ਵਾਲੀ ਹੈ ਕਿ ਪਿਛਲੇ ਦਿਨੀਂ ਸਿਆਸੀ ਲੀਡਰਾਂ ਵਲੋਂ ਵਾਰ ਵਾਰ ‘ਸਿਆਸੀ ਬਦਲਾਖ਼ੋਰੀ’ (Political Vendetta) ਸ਼ਬਦ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਪਰ ਮਾਨ ਨੇ ਜਿੱਤਣ ਤੋਂ ਬਾਅਦ ਕਿਹਾ ਕਿ ਭਾਵੇਂ ਵਿਰੋਧੀ ਧਿਰਾਂ ਨੇ ਸਾਡੇ ਤੇ ਕਈ ਇਲਜ਼ਾਮ ਲਾਉਣ ਦੀ ਕੋਸ਼ਿਸ਼ਾਂ ਕੀਤੀਆਂ ਪਰ ਅਸੀਂ ਸਭਨਾਂ ਨੂੰ ਮਾਫ਼ ਕਰ ਦਿੱਤਾ ਹੈ।

ਪਰ ਇਸ ਵਿਚਕਾਰ ਲੋਕਾਂ ਦੀਆਂ ਉਮੀਦਾਂ ਹੁਣ ਆਮ ਆਦਮੀ ਪਾਰਟੀ ਦੀ ਨਵੀਂ ਬਣੀ ਸਰਕਾਰ ਤੋਂ ਵਧੇਰੇ ਜ਼ਿਆਦਾ ਹੋਣਗੀਆਂ। ਆਮ ਆਦਮੀ ਪਾਰਟੀ ਨੇ ਚੋਣਾਂ ਦੌਰਾਨ ਕੋਈ ਲਿਖਤ ਚੋਣ ਮਨੋਰਥ ਪੱਤਰ ਤਾਂ ਜਾਰੀ ਨਹੀਂ ਕੀਤਾ ਪਰ 10 ਨੁਕਾਤੀ ਪ੍ਰੋਗਰਾਮ ਜ਼ਰੂਰ ਦਿੱਤਾ ਹੈ। ਬਿਜਲੀ ਦਾ ਮੁੱਦਾ ਇੱਕ ਵੱਡਾ ਮੁੱਦਾ ਹੈ ਜਿਸ ਨੂੰ ਹੱਲ ਕਰਨ ਦਾ ਵਾਅਦਾ ਕੇਜਰੀਵਾਲ ਨੇ ਪੰਜਾਬ ਆ ਕੇ  ਕੀਤਾ। ਇਸ ਦੇ ਨਾਲ ਹੀ ਔਰਤਾਂ ਲਈ ਹਜ਼ਾਰ ਰੁਪਏ ਦੇਣ ਦਾ ਵਾਅਦਾ ਵੀ ਹੈ। ਜੇਕਰ ਵੋਟਾਂ ਦੀ ਗੱਲ ਕੀਤੀ ਜਾਵੇ ਇਸ ਵਾਰ ਔਰਤਾਂ ਨੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਕੀਤੇ ਵੱਧ ਵੋਟਾਂ ਪਾਈਆਂ ਹਨ।

ਇਸ ਦੇ ਨਾਲ ਹੀ ਪਿਛਲੀ ਸਰਕਾਰ ਵੇਲੇ ਅਫ਼ਸਰਸ਼ਾਹੀ ਲਈ ਕਿਹਾ ਜਾਂਦਾ ਰਿਹਾ ਹੈ ਕਿ ਉਹ ਹਾਵੀ ਰਹੀ ਹੈ ਤੇ ਹੁਣ ਕਿਸ ਤਰੀਕੇ ਅਫ਼ਸਰਸ਼ਾਹੀ ਨੂੰ ਲੋਕਾਂ-ਆਮ ਆਦਮੀ ਲਈ ਜਵਾਬਦੇਹ ਬਣਾਇਆ ਜਾਵੇਗਾ , ਕਿਵੇਂ ਆਮ ਲੋਕਾਂ ਨੂੰ ਤਕਲੀਫਾਂ ਵਿੱਚੋੰ ਕੱਢਿਆ ਜਾਵੇਗਾ, ਇਹ ਗੱਲ ਵੇਖਣ ਵਾਲੀ ਹੋਵੇਗੀ। ਪੰਜਾਬ ਚ ਪਿਛਲੇ ਕੁੱਛ ਸਮੇਂ ਤੋਂ ਤੀਸਰੀ ਧਿਰ ਦੀ ਗੁੰਜਾਇਸ਼ ਲਗਾਤਾਰ ਬਣੀ ਹੋਈ ਸੀ ਤੇ ਇਸ ਵਾਰ ਦੀ ਸਰਕਾਰ ‘ਤੀਸਰੀ ਧਿਰ’ ਦੀ ਵੱਡੇ ਬਹੁਮਤ ਵਾਲੀ ਸਰਕਾਰ ਆਖਰਕਰ ਪੰਜਾਬ ਨੂੰ ਮਿਲ ਹੀ ਗਈ।

Share this Article
Leave a comment