Breaking News

ਜਦੋਂ ਲੋਕ 14 ਫਰਵਰੀ ਨੂੰ ਵੋਟ ਪਾਉਣ ਜਾਣ ਤਾਂ ਕੈਪਟਨ ਵੱਲੋਂ ਕੀਤੇ ਝੂਠੇ ਵਾਦਿਆਂ ਉੱਤੇ ਇਕ ਵਾਰ ਜ਼ਰੂਰ ਸੋਚਣ: ਭਗਵੰਤ ਮਾਨ

ਚੰਡੀਗੜ੍ਹ, 13 ਫਰਵਰੀ 2021: ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਝੂਠੇ ਵਾਅਦੇ ਕਰਨ ਅਤੇ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦਾ ਦੋਸ਼ ਲਗਾਇਆ।

ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਲੋਕ 14 ਫਰਵਰੀ ਨੂੰ ਵੋਟ ਪਾਉਣ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਝੂਠੇ ਵਾਅਦਿਆਂ ਉੱਤੇ ਇਕ ਵਾਰ ਜ਼ਰੂਰ ਵਿਚਾਰ ਕਰਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਜਨਤਾ ਨਾਲ ਝੂਠੇ ਵਾਅਦੇ ਕਰਕੇ ਸਰਕਾਰ ਬਣਾਈ, ਪ੍ਰੰਤੂ ਮੁੱਖ ਮੰਤਰੀ ਬਣਨ ਤੋਂ ਬਾਅਦ ਕੈਪਟਨ ਹਰ ਮੋਰਚੇ ਉੱਤੇ ਫੇਲ੍ਹ ਸਾਬਤ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਰਾਜ ਨੂੰ ਚਲਾਉਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੇ ਹਨ। ਉਨ੍ਹਾਂ ਦੇ ਨਿਕੰਮੇਪਣ ਕਾਰਨ ਪੰਜਾਬ ਦੇ ਲੋਕਾਂ ਨੂੰ ਕਾਫੀ ਦੁੱਖ ਤਕਲੀਫਾਂ ਝੱਲਣੀਆਂ ਪਈਆਂ।

ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ, ਘਰ-ਘਰ ਰੁਜ਼ਗਾਰ ਦੇਣ ਅਤੇ ਚਾਰ ਹਫਤਿਆਂ ਵਿੱਚ ਡਰੱਗ ਨੂੰ ਖਤਮ ਕਰਨ ਦਾ ਵਾਅਦਾ ਕੀਤਾ ਸੀ।  ਉਨ੍ਹਾਂ ਪੰਜਾਬ ਦੇ ਲੋਕਾਂ ਨੂੰ 2017 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ੍ਰੀ ਗੁਟਕਾ ਸਾਹਿਬ ਨੂੰ ਹੱਥ ਵਿੱਚ ਲੈ ਕੇ ਕਈ ਵੱਡੇ ਵਾਅਦੇ ਕੀਤੇ ਸਨ।  ਉਨ੍ਹਾਂ ਕਿਹਾ ਸੀ ਕਿ ਜੋ ਪੰਜਾਬ, ਬਾਦਲਾਂ ਦੇ ਹੱਥੋਂ ਤਬਾਹ ਹੋ ਗਿਆ ਹੈ, ਉਸ ਨੂੰ ਫਿਰ ਤੋਂ ਬਣਾਇਆ ਜਾਵੇ। ਕੈਪਟਨ ਸਰਕਾਰ ਦੇ ਚਾਰ ਸਾਲ ਬੀਤ ਚੁੱਕੇ ਹਨ, ਪ੍ਰੰਤੂ ਕੈਪਟਨ ਨੇ ਆਪਣਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਸਿਰਫ ਝੂਠ ਬੋਲਿਆ। ਪਿਛਲੇ ਚਾਰ ਸਾਲਾਂ ਵਿੱਚ ਇਕ ਵਾਰ ਵੀ ਲੋਕਾਂ ਨਾਲ ਮੁਲਾਕਾਤ ਨਹੀਂ ਕੀਤੀ। ਲੋਕਾਂ ਨੂੰ ਮਿਲਣ ਦੀ ਬਜਾਏ ਉਹ ਆਪਣੇ ਸ਼ਾਹੀ ਫਾਰਮ ਹਾਊਸ ਵਿੱਚ ਆਰਾਮ ਕਰਦੇ ਰਹੇ। ਸੱਤਾ ਦੇ ਨਸ਼ੇ ਵਿੱਚ ਕੈਪਟਨ ਆਪਣੇ ਲੋਕਾਂ ਨੂੰ ਭੁੱਲ ਗਏ ਅਤੇ ਆਪਣੇ ਸਾਰੇ ਵਾਅਦਿਆਂ ਤੋਂ ਮੁਕਰ ਗਏ। ਪੰਜਾਬ ਦੀ ਜਨਤਾ ਨਾਲ ਝੂਠੇ ਵਾਅਦੇ ਕਰਕੇ ਧੋਖਾ ਦੇਣ ਲਈ ਕਾਂਗਰਸ ਨੂੰ ਕਰਾਰਾ ਜਵਾਬ ਦੇਵੇਗੀ।

ਉਨ੍ਹਾਂ ਕਿਹਾ ਕਿ ਲੋਕ ਹੁਣ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਚੁੱਕੇ ਹਨ। ਕੈਪਟਨ ਦੇ ਸ਼ਾਸਨ ਵਿੱਚ ਪੰਜਾਬ ਦੇ ਲੋਕਾਂ ਨੂੰ ਹੋਰ ਵੀ ਜ਼ਿਆਦਾ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਪੰਜਾਬ ਦੇ ਲੋਕਾਂ ਨੂੰ ਰੋਜ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੈਪਟਨ ਸੂਬੇ ਵਿੱਚ ਮਾਫੀਆ ਰਾਜ ਚਲਾ ਰਹੇ ਹਨ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਮਾਨ ਨੇ ਕਿਹਾ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਦੋਂ ਉਹ 14 ਫਰਵਰੀ ਨੂੰ ਵੋਟ ਪਾਉਣ ਲਈ ਜਾਣ ਤਾਂ ਕੈਪਟਨ ਸਰਕਾਰ ਦੀ ਮਾੜੀ ਕਾਰਗੁਜਾਰੀ ਕਾਰਨ ਆ ਰਹੀਆਂ ਸਮੱਸਿਆਵਾਂ ਅਤੇ ਕੈਪਟਨ ਦੇ ਝੂਠੇ ਵਾਅਦਿਆਂ ਉਤੇ ਇਕ ਵਾਰ ਜ਼ਰੂਰ ਵਿਚਾਰ ਕਰਨ।

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸਥਾਨਕ ਚੋਣਾਂ ਵਿਚ ਜਿਸ ਤਰ੍ਹਾਂ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ, ਜਿਸ ਤਰ੍ਹਾਂ ਪੰਜਾਬ ਦੇ ਲੋਕ ‘ਆਪ’ ਆਗੂਆਂ ਦੀਆਂ ਰੈਲੀਆਂ ਵਿੱਚ ਸ਼ਾਮਲ ਹੋ ਰਹੇ ਸਨ, ਉਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਐਮਸੀ ਚੋਣਾਂ ਵਿੱਚ ‘ਆਪ’ ਨੂੰ ਵੱਡੀ ਜਿੱਤ ਪ੍ਰਾਪਤ ਹੋਵੇਗੀ। ‘ਆਪ’ ਨੂੰ ਲੋਕਾਂ ਦਾ ਮਿਲ ਰਿਹਾ ਭਾਰੀ ਸਮਰਥਨ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ। ਜਨਤਾ ਇਨ੍ਹਾਂ ਪੁਰਾਣੀਆਂ ਪਾਰਟੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਨ੍ਹਾਂ ਪਾਰਟੀਆਂ ਨੇ ਸੂਬੇ ਨੂੰ ਬਰਬਾਦ ਕਰ ਦਿੱਤਾ ਹੈ। ਹੁਣ ਲੋਕ ਨਵੀਂ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਹਨ।

ਮਾਨ ਨੇ ਕਿਹਾ ਕਿ ਕੈਪਟਨ ਅਤੇ ਕਾਂਗਰਸ ਪਾਰਟੀ ਚੋਣਾਂ ਜਿੱਤਣ ਲਈ ਗੁੰਡਿਆਂ ਦਾ ਸਹਾਰਾ ਲੈ ਰਹੀ ਹੈ ਅਤੇ ਲੋਕਾਂ ਨੂੰ ਡਰਾਉਣ ਲਈ ਹੰਗਾਮਾ ਕਰ ਰਹੀ ਹੈ। ਕੈਪਟਨ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਚੋਣਾਂ ਵਿੱਚ ਧਾਂਦਲੀ ਕਰਨਾ ਚਾਹੁੰਦੀ ਹੈ ਅਤੇ ਲੋਕਾਂ ਦੇ ਲੋਕਤੰਤਰਿਕ ਅਧਿਕਾਰਾਂ ਨੂੰ ਖੋਹਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਨੇ ਰਾਜ ਚੋਣ ਕਮਿਸ਼ਨ ਨੂੰ ਕਈ ਵਾਰ ਕਾਂਗਰਸ ਦੀ ਗੁੰਡਾਗਰਦੀ ਦੀਆਂ ਸ਼ਿਕਾਇਤਾਂ ਕੀਤੀਆਂ ਅਤੇ ਨਿਰਪੱਖ ਸੁਤੰਤਰ ਚੋਣ ਕਰਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਪੰਜਾਬ ਦੇ ਲੋਕ ਆਪਣੀ ਵੋਟ ਦੀ ਸ਼ਕਤੀ ਦੀ ਵਰਤੋਂ ਕਰਕੇ ਇਨ੍ਹਾਂ ਭ੍ਰਿਸ਼ਟ ਪਾਰਟੀਆਂ ਨੂੰ ਸਥਾਨਕ ਸਰਕਾਰਾਂ ਦੀ ਸੱਤਾ ਤੋਂ ਬਾਹਰ ਕੱਢਣਗੇ ਅਤੇ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਦੀ ਸਥਾਪਨਾ ਕਰਨਗੇ।

Check Also

ਅੰਬੇਡਕਰ ਦੀ 67ਵੀ ਬਰਸੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਹੋਰ ਨੇਤਾਵਾਂ ਨੇ ਦਿੱਤੀ ਸ਼ਰਧਾਂਜਲੀ

​​ਨਵੀਂ ਦਿੱਲੀ : ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਅੱਜ 67ਵੀਂ …

Leave a Reply

Your email address will not be published. Required fields are marked *