ਪਹਿਲਗਾਮ ਹਮਲੇ ਤੋਂ ਬਾਅਦ ਇੰਨ੍ਹਾਂ ਸਿਤਾਰਿਆਂ ਨੇ ਆਪਣੇ ਸ਼ੋਅ ਕੀਤੇ ਰੱਦ

Global Team
3 Min Read

ਨਿਊਜ਼ ਡੈਸਕ: ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ, ਬਹੁਤ ਸਾਰੇ ਭਾਰਤੀ ਕਲਾਕਾਰਾਂ ਨੇ ਆਪਣੇ ਸੰਗੀਤ ਸਮਾਰੋਹ ਰੱਦ ਕਰ ਦਿੱਤੇ ਹਨ। ਅਦਾਕਾਰ ਸਲਮਾਨ ਖ਼ਾਨ ਨੇ  ਕਿਹਾ ਕਿ ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ‘ਦੁਖਦਾਈ’ ਅਤਿਵਾਦੀ ਹਮਲੇ ਤੋਂ ਬਾਅਦ ਆਪਣਾ ਆਉਣ ਵਾਲਾ ਯੂਕੇ ਦੌਰਾ ਮੁਲਤਵੀ ਕਰ ਦਿੱਤਾ ਹੈ। ਸਲਮਾਨ 4 ਅਤੇ 5 ਮਈ ਨੂੰ ਮੈਨਚੈਸਟਰ ਅਤੇ ਲੰਡਨ ਵਿੱਚ ’ਦ ਬਾਲੀਵੁੱਡ ਬਿਗ ਵਨ’ ਪ੍ਰੋਗਰਾਮ ਦੇ ਹਿੱਸੇ ਵਜੋਂ ਮਾਧੁਰੀ ਦੀਕਸ਼ਿਤ ਨੇਨੇ, ਟਾਈਗਰ ਸ਼ਰਾਫ, ਵਰੁਣ ਧਵਨ, ਕ੍ਰਿਤੀ ਸੈਨਨ, ਸਾਰਾ ਅਲੀ ਖਾਨ, ਦਿਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਮਨੀਸ਼ ਪਾਲ ਨਾਲ ਪ੍ਰਦਰਸ਼ਨ ਕਰਨ ਵਾਲੇ ਸਨ।  ‘ਟਾਈਗਰ 3’ ਦੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਫ਼ੈਸਲਾ ਕੀਤਾ ਹੈ ਕਿ ‘ਦੁੱਖ ਦੀ ਇਸ ਘੜੀ ਵਿੱਚ (ਅਜਿਹੀਆਂ ਘਟਨਾਵਾਂ ਤੋਂ) ਕੁਝ ਸਮੇਂ ਲਈ ਬ੍ਰੇਕ ਲੈਣਾ ਸਹੀ ਹੈ।’’ ਬਿਆਨ ਅਨੁਸਾਰ, ‘‘ਕਸ਼ਮੀਰ ਵਿੱਚ ਹਾਲ ਹੀ ਵਿੱਚ ਵਾਪਰੀਆਂ ਦੁਖਦਾਈ ਘਟਨਾਵਾਂ ਦੇ ਮੱਦੇਨਜ਼ਰ ਅਤੇ ਡੂੰਘੇ ਦੁੱਖ ਦੇ ਨਾਲ, ਅਸੀਂ ਪ੍ਰੋਗਰਾਮ ਦੇ ਪ੍ਰਮੋਟਰ ਨੂੰ 4 ਅਤੇ 5 ਮਈ ਨੂੰ ਮੈਨਚੈਸਟਰ ਅਤੇ ਲੰਡਨ ਵਿੱਚ ਹੋਣ ਵਾਲੇ ‘ਦ ਬਾਲੀਵੁੱਡ ਬਿਗ ਵਨ ਸ਼ੋਅ’ ਨੂੰ ਮੁਲਤਵੀ ਕਰਨ ਦੀ ਬੇਨਤੀ ਕਰਨ ਦਾ ਮੁਸ਼ਕਲ ਫ਼ੈਸਲਾ ਲਿਆ ਹੈ।’’ ‘‘ਅਸੀਂ ਸਮਝਦੇ ਹਾਂ ਕਿ ਸਾਡੇ ਪ੍ਰਸ਼ੰਸਕ ਇਨ੍ਹਾਂ ਪ੍ਰਦਰਸ਼ਨਾਂ ਦੀ ਕਿੰਨੀ ਉਡੀਕ ਕਰ ਰਹੇ ਸਨ, ਸਾਨੂੰ ਲੱਗਦਾ ਹੈ ਕਿ ਦੁੱਖ ਦੀ ਇਸ ਘੜੀ ਵਿੱਚ ਕੁਝ ਸਮੇਂ ਲਈ ਰੁਕਣਾ ਸਹੀ ਹੈ। ਅਸੀਂ ਆਪਣੇ ਪ੍ਰਸ਼ੰਸਕਾਂ ਨੂੰ ਹੋਈ ਕਿਸੇ ਵੀ ਨਿਰਾਸ਼ਾ ਜਾਂ ਅਸੁਵਿਧਾ ਲਈ ਦਿਲੋਂ ਮੁਆਫ਼ੀ ਮੰਗਦੇ ਹਾਂ ਅਤੇ ਉਨ੍ਹਾਂ ਦੀ ਸਮਝ ਅਤੇ ਸਮਰਥਨ ਦੀ ਦਿਲੋਂ ਕਦਰ ਕਰਦੇ ਹਾਂ।’’ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਮਾਗਮ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

ਇਸ ਦੌਰਾਨ, ਅਮਰੀਕੀ ਅਦਾਕਾਰ ਅਤੇ ਕਾਮੇਡੀਅਨ ਕੇਵਿਨ ਹਾਰਟ ਨੇ ਵੀ ਭਾਰਤ ਵਿੱਚ ਆਪਣਾ ਸ਼ੋਅ ਰੱਦ ਕਰ ਦਿੱਤਾ ਹੈ। ਦੱਸ ਦੇਈਏ ਕਿ ਉਨ੍ਹਾਂ ਦਾ ਸ਼ੋਅ 30 ਅਪ੍ਰੈਲ ਨੂੰ ਦਿੱਲੀ ਦੇ ਇੰਦਰਾ ਗਾਂਧੀ ਐਰਿਨਾ ਵਿੱਚ ਹੋਣਾ ਸੀ। ਜਿਸਨੂੰ ਉਸਨੇ ਪਹਿਲਗਾਮ ਹਮਲੇ ਕਾਰਨ ਰੱਦ ਕਰ ਦਿੱਤਾ ਹੈ। ਇਹ ਐਲਾਨ ਸ਼ੋਅ ਦੇ ਟਿਕਟਿੰਗ ਪਾਰਟਨਰ ਦੁਆਰਾ ਕੀਤਾ ਗਿਆ ਸੀ। ਇਹ ਫੈਸਲਾ ਕੇਵਿਨ ਹਾਰਟ ਦੀ ਟੀਮ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ। ਸ਼ੋਅ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਨ੍ਹਾਂ ਦੀ ਕਾਮੇਡੀਅਨ ਟੀਮ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਜਲਦੀ ਹੀ ਨਵੀਆਂ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਪ੍ਰਬੰਧਕਾਂ ਨੇ ਇੱਕ ਅਧਿਕਾਰਤ ਨੋਟ ਜਾਰੀ ਕੀਤਾ, ਜਿਸ ਵਿੱਚ ਲਿਖਿਆ ਗਿਆ ਹੈ, “ਮਹੱਤਵਪੂਰਨ ਅਪਡੇਟ: ਹਾਲੀਆ ਦੁਖਦਾਈ ਘਟਨਾਵਾਂ ਦੇ ਮੱਦੇਨਜ਼ਰ, ਅਸੀਂ, ਕੇਵਿਨ ਹਾਰਟ ਅਤੇ ਉਸਦੀ ਟੀਮ ਦੇ ਨਾਲ, 30 ਅਪ੍ਰੈਲ ਨੂੰ ਦਿੱਲੀ ਵਿੱਚ ਹੋਣ ਵਾਲੇ ਸ਼ੋਅ ਨੂੰ ਰੱਦ ਕਰਨ ਦਾ ਮੁਸ਼ਕਲ ਫੈਸਲਾ ਲਿਆ ਹੈ। ਸਾਰੇ ਟਿਕਟ ਧਾਰਕਾਂ ਨੂੰ ਪੂਰਾ ਰਿਫੰਡ ਮਿਲੇਗਾ। ਅਸੀਂ ਨਵੀਂ ਤਾਰੀਖ਼ ਨੂੰ ਅੰਤਿਮ ਰੂਪ ਦੇਣ ਲਈ ਕੰਮ ਕਰ ਰਹੇ ਹਾਂ ਅਤੇ ਜਲਦੀ ਹੀ ਇੱਕ ਅਪਡੇਟ ਸਾਂਝਾ ਕਰਾਂਗੇ।”

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment