ਸੂਬਾ ਸਰਕਾਰ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਦੇਵੇਗੀ ਹੁਲਾਰਾ

Global Team
2 Min Read

ਅੰਮ੍ਰਿਤਸਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀ ਐਲਾਨ ਕੀਤਾ ਕਿ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਸਨਅਤੀਕਰਨ ਨੂੰ ਤੇਜ਼ ਕੀਤਾ ਜਾਵੇਗਾ। ਇੱਥੇ ਪੰਜਾਬ ਸਰਕਾਰ ਵੱਲੋਂ ਸਨਅਤਕਾਰਾਂ ਨਾਲ ਵਿਚਾਰ-ਵਟਾਂਦਰਾ ਕਰਦਿਆਂ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਸਰਹੱਦੀ ਖਿੱਤੇ ਵਿੱਚ ਸਨਅਤ ਦਾ ਸਮੁੱਚਾ ਵਿਕਾਸ ਯਕੀਨੀ ਬਣਾਉਣ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਸਰਹੱਦੀ ਖੇਤਰ ਵਿੱਚ ਬਾਰਡਰ ਆਈਡੈਂਟੀਫਿਕੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਵੇਗਾ ਅਤੇ ਇਸ ਸਬੰਧੀ ਪ੍ਰਕਿਰਿਆ ਵਿੱਚ ਲੋੜ ਮੁਤਾਬਿਕ ਤਬਦੀਲੀਆਂ ਕੀਤੀਆਂ ਜਾਣਗੀਆਂ। ਸੂਬੇ ਵਿੱਚ ਸਨਅਤ ਅਤੇ ਵਪਾਰ ਨੂੰ ਵਧਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕਰਦਿਆਂ ਸਨਅਤੀ ਖੇਤਰ ਨੂੰ ਹੁਲਾਰਾ ਦੇਣ ਬਾਰੇ ਵਿਚਾਰ ਚਰਤਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਵਾਸਤੇ ਨਹਿਰੀ ਪਾਣੀ ਉਪਲੱਬਧ ਕਰਵਾਉਣਾ ਯਕੀਨੀ ਬਣਾਏਗੀ ਜੋ ਸਨਅਤਕਾਰਾਂ ਨੂੰ ਸਸਤੇ ਭਾਅ ਉੱਤੇ ਮੁਹੱਈਆ ਕਰਵਾਇਆ ਜਾਵੇਗਾ।

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸ਼ਹਿਰ ਵਿੱਚ ਜਲਦੀ ਹੀ ਟੂਰਿਜ਼ਮ ਪੁਲਿਸ ਦੀ ਯੂਨਿਟ ਸ਼ੁਰੂ ਕੀਤੀ ਜਾਵੇਗੀ, ਜੋ ਸੈਲਾਨੀ ਪੱਖੀ ਹੋਵੇਗੀ। ਉਨ੍ਹਾਂ ਦੀ ਵਰਦੀ ਦਾ ਰੰਗ ਵੱਖਰਾ ਹੋਵੇਗਾ ਅਤੇ ਉਹ ਇੱਥੇ ਆਉਣ ਵਾਲੇ ਸੈਲਾਨੀਆਂ ਦੀ ਮਦਦ ਕਰਨਗੇ। ਟ੍ਰੈਫਿਕ ਕੰਟਰੋਲ ਵਾਸਤੇ ਮਸਨੂਈ ਇੰਟੈਲੀਜੈਂਸ ਦੀ ਵਰਤੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਹਾਈਵੇਅ ਪੁਲਿਸ ਸ਼ੁਰੂ ਕੀਤੀ ਗਈ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਰੋਕ ਕੇ ਜਾਨਾਂ ਨੂੰ ਬਚਾਇਆ ਜਾ ਸਕੇ।

ਉਨ੍ਹਾਂ ਦੱਸਿਆ ਕਿ ਸਰਕਾਰ ਨੇ ਹਾਲ ਹੀ ’ਚ ਸੈਰ-ਸਪਾਟਾ ਸੰਮੇਲਨ ਕਰਵਾਇਆ ਹੈ ਜਿਸ ਵਿਚ ਨਿਵੇਸ਼ਕਾਰਾਂ ਨੇ ਸੂਬੇ ਵਿੱਚ ਲਗਭਗ 1200-1500 ਕਰੋੜ ਦਾ ਨਿਵੇਸ਼ ਕਰਨ ਦੀ ਵਚਨਬੱਧਤਾ ਪ੍ਰਗਟਾਈ ਹੈ। ਇਹ ਨਿਵੇਸ਼ ਸੂਬੇ ਨੂੰ ਕੌਮਾਂਤਰੀ ਸੈਰ-ਸਪਾਟੇ ਦੇ ਨਕਸ਼ੇ ਉੱਤੇ ਹੋਰ ਉਭਾਰੇਗਾ। ਇਸ ਦੌਰਾਨ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਵਾਸਤੇ ਘਰੇਲੂ ਨਿਵੇਸ਼ ਨੂੰ ਵਧਾਇਆ ਜਾਵੇਗਾ। ਪੰਜਾਬ ਦੇ ਨਿਵੇਸ਼ਕਾਰ ਇੱਥੋਂ ਦੇ ਅੰਬੈਸਡਰ ਹੋਣਗੇ ਜਿਨ੍ਹਾਂ ਦੇ ਪ੍ਰਭਾਵ ਨੂੰ ਦੇਖ ਕੇ ਬਾਹਰੋਂ ਵੀ ਨਿਵੇਸ਼ ਵਧੇਗਾ। ਲੁਧਿਆਣਾ ਅਤੇ ਮੁਹਾਲੀ ਵਿੱਚ ਭਲਕੇ 15 ਸਤੰਬਰ ਨੂੰ ਸਰਕਾਰ ਸਨਅਤਕਾਰਾਂ ਨਾਲ ਮੁਲਾਕਾਤ ਕਰੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment