ਸ੍ਰੀ ਫਤਹਿਗੜ੍ਹ ਸਾਹਿਬ :- ਧਰਮ ਦੀ ਦੁਨੀਆਂ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਜਿਹੀ ਇਕ ਪੰਥਕ ਸੰਸਥਾ ਹੈ ਜੋ ਗੁਰਦੁਆਰੇ ਸਾਹਿਬਾਨ ਦੇ ਪ੍ਰਬੰਧ ਕਰਨ ਦੇ ਨਾਲ-ਨਾਲ ਵਿੱਦਿਅਕ ਖੇਤਰ ਵਿੱਚ ਵੀ ਵੱਡਾ ਯੋਗਦਾਨ ਪਾ ਰਹੀ ਹੈ ਅਤੇ ਸਰਬੱਤ ਦੇ ਭਲੇ ਦੇ ਕਾਰਜਾਂ ਵਿੱਚ ਵੀ ਮਾਣਮੱਤਾ ਰੋਲ ਅਦਾ ਕਰ ਰਹੀ।ਖਾਲਸਾ ਪੰਥ ਚਾਹੁੰਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਡਰੀ ਅਜਾਦ ਅਤੇ ਨਿਆਰੀ ਹਸਤੀ ਕਾਇਮ ਹੋਵੇ ਅਤੇ ਸ੍ਰੀ ਅਕਾਲ ਤਖ਼ਤ ਦੀ ਪ੍ਰਭੂਸਤਾ ਦਾ ਸਿੱਕਾਂ ਵੀ ਦੁਨੀਆਂ ਭਰ ਵਿੱਚ ਪੰਥ ਪ੍ਰਵਾਨ ਕਰੇ।ਅਜਿਹੇ ਕਾਰਜਾਂ ਨਾਲ ਹੀ ਖਾਲਸਾ ਪੰਥ ਆਪਣਾ ਕੌਮੀ ਘਰ ਸਥਾਪਿਤ ਕਰ ਸਕਦਾ ਹੈ।ਪਿਛਲੇ ਪੰਥਕ ਸੰਘਰਸ਼ ਵਿੱਚ ਲੰਮੇ ਸਮੇਂ ਤੋਂ ਜੇਲਾਂ ਵਿੱਚ ਕੈਦ ਸਿੰਘਾਂ ਦੇ ਕੇਸਾਂ ਦੀ ਪੈਰਵਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾਂ ਹੀ ਤਤਪਰ ਰਹਿੰਦੀ ਹੈ ਅਤੇ ਬਹੁਤ ਸਾਰੇ ਸ਼ਹੀਦ ਹੋ ਚੁੱਕੇ ਪਰਿਵਾਰਾਂ ਦੇ ਵਿਅਕਤੀਆਂ ਦੀ ਅਕਸਰ ਹੀ ਮਦਦ ਕਰਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਅੱਜ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਭਾਈ ਅਮਰਜੀਤ ਸਿੰਘ ਦੈਹਿੜੂ ਦੇ ਸਪੁੱਤਰ ਭਾਈ ਹਰਪਾਲ ਸਿੰਘ ਨੂੰ 2 ਲੱਖ ਰੁਪਏ ਦਾ ਚੈਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਤਾ। ।ਯਾਦ ਰਹੇ ਕਿ ਭਾਈ ਅਮਰਜੀਤ ਸਿੰਘ ਦੈਹਿੜੂ ਇਕ ਪੁਲਿਸ ਮੁਕਾਬਲੇ ਵਿੱਚ ਸ਼ਹੀਦੀ ਹੋ ਗਏ ਸਨ ਉਨਾਂ ਦੀ ਧਰਮ ਪਤਨੀ ਬੀਬੀ ਨਛੱਤਰ ਕੌਰ ਅਤੇ ਦੋ ਸਪੁੱਤਰ ਸੁਖਵਿੰਦਰ ਸਿੰਘ ਅਤੇ ਤਰਲੋਚਨ ਸਿੰਘ ਵੀ ਦਰਬਾਰ ਸਾਹਿਬ ਵਿੱਚ ਸ਼ਹੀਦ ਹੋ ਗਏ ਸਨ। ਹੁਣ ਭਾਈ ਹਰਪਾਲ ਸਿੰਘ ਇਕ ਫੈਕਟਰੀ ਵਿੱਚ ਕੰਮ ਕਰਕੇ ਆਪਣਾ ਗੁਜਾਰਾ ਕਰ ਰਿਹਾ ਸੀ। ਉਸਦੀ ਸਰੀਰਕ ਹਾਲਤ ਵੀ ਠੀਕ ਨਹੀ ਹੈ।
ਇਸੇ ਤਰਾਂ ਜਵਾਹਰਕੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਵਾਲੇ ਪਾਖੰਡੀ ਸੋਦਾ ਸਾਧ ਗੁਰਮੀਤ ਰਾਮ ਰਹੀਮ ਦੇ ਚੇਲੇ ਬਿੱਟੂ ਨੂੰ ਨਾਭੇ ਜੇਲ ਵਿੱਚ ਸੋਧਣ ਵਾਲੇ ਭਾਈ ਮਨਿੰਦਰ ਸਿੰਘ ਦੀ ਮਾਤਾ ਨੂੰ ਵੀ 2 ਲੱਖ ਰੁਪਏ ਦੀ ਆਰਥਿਕ ਸਹਾਇਤਾ ਦਿੱਤੀ ਗਈ। ਭਾਈ ਮਨਿੰਦਰ ਸਿੰਘ ਅੱਜਕਲ ਫਰੀਦਕੋਰਟ ਜੇਲ ਵਿੱਚ ਕੈਦ ਕੱਟ ਰਿਹਾ ਹੈ | ਇਸ ਸਮੇਂ ਉਨਾ ਦੋਹਾਂ ਪਰਿਵਾਰਾਂ ਦਾ ਸਿਰੋਪਾ ਦੇ ਕੇ ਸਨਮਾਨ ਕੀਤਾ ਗਿਆ।