Home / ਓਪੀਨੀਅਨ / ਪੰਜਾਬ ਦੀ ਸਿਆਸਤ ‘ਚ ਸਿਆਸੀ ਪਾੜੇ ਦਾ ਵਾਧਾ ‘ਤੇ ਪੰਥਕ ਸਿਆਸਤ ਵਿੱਚ ਨਿਘਾਰ, ਮਾੜੇ ਦਿਨਾਂ ਦੀ ਨਿਸ਼ਾਨੀ

ਪੰਜਾਬ ਦੀ ਸਿਆਸਤ ‘ਚ ਸਿਆਸੀ ਪਾੜੇ ਦਾ ਵਾਧਾ ‘ਤੇ ਪੰਥਕ ਸਿਆਸਤ ਵਿੱਚ ਨਿਘਾਰ, ਮਾੜੇ ਦਿਨਾਂ ਦੀ ਨਿਸ਼ਾਨੀ

ਬੇਸ਼ੱਕ ਪੰਥ ਪ੍ਰਸਤ ਲੋਕਾਂ ਨੇ ਪੰਥਕ ਸੋਚ ‘ਤੇ ਜਜਬੇ ਨੂੰ ਬਰਕਰਾਰ ਰੱਖਣ ਦਾ ਪੁਰਜੋਰ ਯਤਨ ਵਿੱਢਿਆ ਹੋਇਆ ਹੈ ,ਪਰ ਸਿਆਸੀ ਸਮੀਕਰਨ ਸੋਚ ਤੋਂ ਉਲਟ ਆ ਰਹੇ ਹਨ ਤੇ ਇਥੇ ਬਹੁਤੇ ਦੂਰਅੰਦੇਸ਼ੀ ਵੀ ਫੇਲ ਸਾਬਿਤ ਹੋ ਰਹੇ ਹਨ। ਲੋਕ ਲਹਿਰ ਦੇ ਹਾਮੀ ‘ਤੇ ਲੋਕਾਂ ਪੱਖੀ ਗੱਲ ਕਰਨ ਵਾਲੇ ਜਿੰਨਾਂ ਚਿਰ ਝੂਠਾ ਵਿਖਾਵਾ ਨਹੀਂ ਕਰਦੇ ਉਹ ਹਰਦੇ ਜਾ ਰਹੇ ਹਨ ‘ਤੇ ਲੋਕਾਂ ਲਈ ਕੁੱਝ ਕਰਨ ਜਾਂ ਨਾ ਕਰਨ ਵਾਲੇ ਕਾਂਵਾਂਰੌਲੀ ਪਾ ਜਿੱਤ ਦਾ ਜਸ਼ਨ ਮਨਾ ਰਹੇ ਹਨ,ਭਾਵ ਕੁੱਝ ਕਰ ਕੇ ਵੀ ਤੁਹਾਨੂੰ ਤੁਹਾਡੇ ਕੀਤੇ ਦਾ ਢੋਲ ਪਿੱਟਣਾ ਪੈਂਦਾ ਹੈ ਤਾਂ ਹੀ ਲੋਕਾਂ ਦੇ ਖਾਨੇ ਗੱਲ ਪੈਂਦੀ ਹੈ ਕਿ ਕੁੱਝ ਹੋਇਆ ਹੈ।ਇਸ ਵੇਲੇ ਸਿਆਸੀ ਦ੍ਰਿਸ਼ਟੀਕੋਣ ਤੋਂ ਨਹੀਂ ਸੋਚਿਆ ਜਾ ਸਕਦਾ ਨਾ ਹੀ ਇਸ ਵਰਤਾਰੇ ਨੂੰ ਸਮਝਿਆ ਜਾ ਸਕਦਾ ਹੈ।

ਬਹੁਤਾਤ ਵਿੱਚ ਸਿਆਸੀ ਮਾਹਿਰਾਂ ਦੇ ਵਿਚਾਰ ਮੇਲ ਨਾ ਖਾਣਾ ਇਸ ਦਾ ਪ੍ਰਪੱਕ ਪ੍ਰਮਾਣ ਹੈ ਕਿ ਕਿਸੇ ਵੱਖਰੇ ਦ੍ਰਿਟੀਕੋਣ ਤੋਂ ਸੋਚਣ ‘ਤੇ ਸਮਝਣ ਦੀ ਲੋੜ ਹੈ।ਇਤਿਹਾਸਕ ਅੰਕੜੇ ਤੇ ਪੜਚੋਲ ਦਾ ਇਸ ਵੇਲੇ ਦੀ ਸਿਆਸਤ ਨਾਲ ਮੇਲ ਕਰਕੇ ਆਉਣ ਵਾਲੇ ਸਮੇਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ।ਇਸ ਵੇਲੇ ਦੀ ਸਿਆਸਤ ਮੁਦਿਆਂ ਤੋਂ ਨਿਰਲੇਪ ਹੋਣ ਦੇ ਬਾਵਜੂਦ ਕਾਫੀ ਚਰਚਾ ਵਿੱਚ ਹੈ ।ਦਰਅਸਲ ਅੰਦਰੂਨੀ ਤੌਰ ਤੇ ਲੋਕਤੰਤਰ ਮਰ ਰਿਹਾ ਹੈ ਤੇ ਇਸ ਵਰਤਾਰੇ ਨੂੰ ਅਸੀਂ ਸਮਝ ਨਹੀਂ ਪਾ ਰਹੇ। ਹੁਣ ਹਿੰਦੂ ਮੁਸਲਮਾਨ ਤੇ ਧਰਮਾਂ ਦੇ ਨਾਮ ‘ਤੇ ਖੁਲੇਆਮ ਸਿਆਸਤ ਨਹੀਂ ਹੋ ਰਹੀ,ਬਲਕਿ ਦੂਜੇ ਰੂਪ ਵਿੱਚ ਇਹ ਏਜੰਡਾ ਅੰਦਰੂਨੀ ਲਕੋ ਹੇਠ ਕੰਮ ਕਰ ਰਿਹਾ ਹੈ। ਇਸਦਾ ਪ੍ਰਭਾਵ ਖੁਲੇਆਮ ਵਰਤਾਰੇ ਤੋਂ ਉਲਟ ਅੰਦਰੂਨੀ ਤੌਰ ਤੇ ਜਿਆਦਾ ਪ੍ਰਭਾਵਸ਼ਾਲੀ ਤੇ ਤੇਜ ਸਾਬਿਤ ਹੋ ਰਿਹਾ ਹੈ। ਇਸ ਦਾ ਇੱਕ ਨੁਕਸਾਨ ਇਹ ਹੋਇਆ ਕਿ ਲੋਕ ਸਹੀ ਗਲਤ ਵਿੱਚ ਪਛਾਣ ਕਰਨ ਵਿੱਚ ਅਸਮਰਥ ਹਨ ਜੋ ਬੋਧਿਕ ਕਮਜੋਰੀ ਦੀ ਨਿਸਾਨੀ ਹੈ ਤੇ ਜਦੋਂ ਕਿਸੇ ਖਿਤੇ ਦੀ ਸਮੁੱਚੀ ਮਨੁੱਖਤਾ ਵਿੱਚ ਬੋਧਿਕ ਅਸਥਿਰਤਾ ਜਾਂ ਕਮਜੋਰੀ ਘਰ ਕਰ ਜਾਵੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਉਸ ਖਿਤੇ ਦੇ ਲੋਕ ਆਪਣੇ ਸਿਖਰਲੇ ਅੰਤ ਵਲ ਬੜੀ ਤੇਜੀ ਨਾਲ ਪੈਂਡਾ ਨਬੇੜ ਰਹੇ ਹਨ ।ਲੋਕਤੰਤਰ ਦੇ ਮੁਢਲੇ ਨਿਯਮ ਹੀ ਲੋਕਤੰਤਰ ਨੂੰ ਖਾਤਮੇ ਵੱਲ ਲੈ ਜਾਂਦੇ ਹਨ।

ਲੋਕਾਂ ਦੁਆਰਾ ਚੁਣੇ ਜਾਣ ਦਾ ਅਰਥ ਇਹ ਨਹੀਂ ਰਿਹਾ ਕਿ ਲੋਕ ਹੁਣ ਆਪਣੇ ਨਫੇ ਨੁਕਸਾਨ ਤੋਂ ਇਲਾਵਾ ਭਵਿੱਖ ਪ੍ਰਤੀ ਸੋਚ ਰੱਖ ਚੋਣ ਕਰਦੇ ਹਨ ,ਬੋਧਿਕ ਕਮਜੋਰੀ ਇਹਨਾਂ ਪੱਖਾਂ ਦੇ ਨੁਕਤਾ ਨਜਰੀਏ ਤੋਂ ਇਨਸਾਨੀ ਸੋਚ ਨੂੰ ਕੰਮ ਨਹੀਂ ਕਰਨ ਦਿੰਦੀ ।ਜਿਸਦਾ ਨਤੀਜਾ ਉਹੀ ਆਉਂਦਾ ਹੈ ਜੋ ਸਰਮਾਏਦਾਰ ਧਿਰਾਂ ‘ਤੇ ਸ਼ਕਤੀਸ਼ਾਲੀ ਤਾਕਤਾਂ ਦੇ ਹੱਕ ਵਿੱਚ ਹੋਵੇ ।ਅਸੀਂ ਇਸ ਵਰਤਾਰੇ ਨੂੰ ਇੰਝ ਵੀ ਸਮਝ ਸਕਦੇ ਹਾਂ ਜਿਵੇਂ ਡੂੰਘੀ ਖਡ ਵਿੱਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਇਸ ਗੱਲ ਦਾ ਅਹਿਸਾਸ ਹੀ ਨਾ ਹੋਵੇ ਕਿ ਉਹ ਮਰ ਜਾਵੇਗਾ ਜਾਂ ਉਸਦੇ ਗੰਭੀਰ ਜਖਮੀ ਹੋਣ ਦੇ ਪੂਰੇ ਪੂਰੇ ਅਸਾਰ ਹਨ ।ਅੱਜ ਦੀ ਸਿਆਸਤ ਵਿਚ ਵੀ ਏਹੀ ਵਰਤਾਰਾ ਤਾਕਤ ਫੜ ਰਿਹਾ ਹੈ ਤੇ ਇਸ ਵਿੱਚ ਬੋਧਿਕ ਸੋਚ ਰੱਖਣ ਵਾਲਾ ਵਿਅਕਤੀ ਘੁਟਨ ਮਹਿਸੂਸ ਕਰਦਾ ਹੈ ।ਹੁਣ ਵਿਚਾਰ ਇਹ ਕਰਨੀ ਬਣਦੀ ਹੈ ਕਿ ਲੋਕਾਂ ਦੀ ਸੋਚ ਕਿਥੇ ਤੱਕ ਕੰਮ ਕਰਦੀ ਹੈ।

ਦੂਜਾ ਨੁਕਤਾ ਪੰਥਕ ਸਿਆਸਤ ਵਿੱਚ ਨਿਘਾਰ ਦਾ ਬਣਦਾ ਹੈ ,ਵੈਸੇ ਪੰਥ ‘ਤੇ ਸਿਆਸਤ ਦਾ ਕੋਈ ਮੇਲ ਨਹੀਂ ਬਣਦਾ ਪਰ ਇਥੇ ਅਸੀਂ ਜਿਕਰ ਧਰਮ ਅਧਾਰਿਤ ਰਾਜਨੀਤੀ ਦਾ ਕਰਨ ਲੱਗੇ ਹਾਂ ਜਿਸ ਵਿੱਚ ਰਾਜਨੀਤੀ ਉਪਰ ਧਰਮ ਦਾ ਕੁੱਡਾ ਰਹਿੰਦਾ ਹੈ।ਇਥੇ ਸਿਆਸੀ ਸਮੀਕਰਨ ਬਦਲ ਜਾਂਦੇ ਹਨ ਪਰ ਫਿਰ ਵੀ ਸੋਚਣ ਦੀ ਗੱਲ ਹੈ ਕਿ ਆਖਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਰਵਾਇਤੀ ਮੁੱਦਿਆਂ ਦੀ ਗੱਲ ਕਰਨ ਵਾਲੇ ਵੀ ਆਪਣਾ ਆਧਾਰ ਨਹੀਂ ਬਣਾ ਪਾ ਰਹੇ ।ਦਰਅਸਲ ਪੰਥਕ ਲੀਡਰਸ਼ਿਪ ਦੀ ਕਿਤੇ ਨਾ ਕਿਤੇ ਇਹ ਕਮਜੋਰੀ ਰਹੀ ਹੈ ਕਿ ਸਿਖਰਲੇ ਪੜਾਅ ਤੇ ਫੈਸਲਾ ਲੈਣ ਵਿੱਚ ਜਾਂ ਤਾਂ ਗਲਤੀ ਹੋਈ ਹੈ ਜਾਂ ਫਿਰ ਸਮਝੋਤਿਆਂ ਦੀ ਰਾਜਨੀਤੀ ਪੰਥ ਨੁੰ ਲੈ ਬੈਠੀ ਹੈ। ਜਿਥੇ ਵੱਖਰੇ ਖਿਤੇ ਦੀ ਗੱਲ ਕਰਨ ਵਾਲੀ ਸਿਆਸਤ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ ਉਥੇ ਹੀ ਇਹਨਾਂ ਮੁਦਿਆਂ ਨੂੰ ਅੱਖੋਂ ਪਰੋਖੇ ਕਰਨ ਵਾਲੇ ‘ਤੇ ਰਾਜਨੀਤੀ ਨੂੰ ਰਾਜਨੀਤੀ ਵਾਂਗਰ ਖੇਡਣ ਵਾਲੇ ਵੀ ਫੇਲ ਰਹੇ ਹਨ।ਫਿਰ ਸੋਚਣਾ ਬਣਦਾ ਹੈ ਕਿ ਪੰਥਕ ਸਿਆਸਤ ਦਾ ਕੀ ਅਧਾਰ ਹੈ। ਪਿਛਲੇ ਅੱਠ ਸਾਲਾਂ ਵਿੱਚ ਅਜਿਹੇ ਕਈ ਪੰਥਕ ਮੁੱਦੇ ਸਰਗਰਮ ਰਹੇ ਹਨ ਜਿੰਨਾਂ ਦੇ ਅਧਾਰ ਤੇ ਵੱਡੇ ਫੈਸਲੇ ਲਏ ਜਾ ਸਕਦੇ ਸਨ ਪਰ ਇਥੇ ਪੰਥਕ ਸਿਆਸਤ ਇਹਨਾਂ ਮੁਦਿਆਂ ਨੂੰ ਸੁਹਿਰਦਤਾ ਨਾਲ ਚੁੱਕਣ ਵਿੱਚ ਨਾਕਾਮਯਾਬ ਰਹੀ ਹੈ। ਪੰਥ ਦੀ ਇਹ ਤਰਾਸਦੀ ਕੋਈ ਅੱਜ ਦੀ ਨਹੀਂ ਜਿਥੇ ਜਿਕਰ ਸਿਆਸਤ ਦਾ ਹੋਇਆ ਉਥੇ ਹੀ ਪੰਥਕ ਆਗੂ ਸਿਆਸੀ ਹੋ ਨਿਕਲੇ ਤੇ ਹੱਕਾਂ ਲਈ ਲੜਨ ਵਾਲੇ ਹਕੂਮਤ ਦੀ ਈਨ ਨਾ ਮੰਨਦੇ ਹੋਏ ਸੰਘਰਸ਼ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਂਦੇ ਹੋਏ ਜਹਾਨੋ ਤੁਰ ਗਏ। ਖੈਰ ਅੱਜ ਦੇ ਸਿਆਸੀ ਸਮੀਕਰਨ ਹੁਣ ਉਹ ਨਹੀਂ ਹਨ ਤੇ ਇਹਨਾਂ ਤੇ ਦੁਬਾਰਾ ਤੋਂ ਸੋਚ ਵਿਚਾਰਨ ਦੀ ਲੋੜ ਹੈ ਸ਼ਾਇਦ ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਨਿਘਾਰ ਵੱਲ ਨੁੰ ਜਾਣ ਪਰ ਮਨੁੱਖਤਾ ਪੱਖੀ ਤੇ ਉਸਾਰੂ ਸੋਚ ਰੱਖਣ ਵਾਲਿਆਂ ਨੂੰ ਚਾਹੀਦਾ ਹੈ ਕਿ ਇੱਕ ਵਾਰ ਪੈਰ ਪੁੱਟਣ ਤੋਂ ਪਹਿਲਾਂ ਪੂਰੇ ਵਰਤਾਰੇ ਨੁੰ ਜਰੂਰ ਸਮਝਿਆ ਜਾਵੇ ਫੇਰ ਹੀ ਕੋਈ ਆਸ ਦੀ ਕਿਰਨ ਨਜਰ ਆ ਸਕਦੀ ਹੈ ।ਸੰਘਰਸ਼ ਲਈ ਆਸਵੰਦ ਰਹਿਣਾ ਹੀ ਉਸਾਰੂ ਸੋਚ ਦੀ ਨਿਸ਼ਾਨੀ ਰਹੀ ਹੈ ਤੇ ਜੁਲਮ ਖਿਲਾਫ ਬੋਲਣਾ ਹੀ ਤਾਕਤ ਜਿਸ ਨੂੰ ਨਿਰੰਤਰ ਜਾਰੀ ਰੱਖਣਾ ਬਣਦਾ ਹੈ।

-ਸਨੀ ਸੂਜਾਪੁਰ

Check Also

ਸਿੰਗਲਾ ‘ਤੇ ਕਾਰਵਾਈ ਬਾਅਦ ਕਈ ਸਾਬਕਾ ਮੰਤਰੀ ਪਰੇਸ਼ਾਨ

ਜਗਤਾਰ ਸਿੰਘ ਸਿੱਧੂ ਐਡੀਟਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ …

Leave a Reply

Your email address will not be published.