ਜਗਤਾਰ ਸਿੰਘ ਸਿੱਧੂ
ਦੋ ਦਸੰਬਰ ਦੇ ਸਿੰਘ ਸਾਹਿਬਾਨ ਦੇ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਅਕਾਲੀ ਦਲ ਦੇ ਵੱਖ-ਵੱਖ ਆਗੂਆਂ ਨੂੰ ਤਨਖ਼ਾਹ ਲਾਉਣ ਦੇ ਮੌਕੇ ਉੱਤੇ ਸੁਣਾਏ ਫ਼ੈਸਲਿਆਂ ਦੇ ਅਮਲ ਨੂੰ ਲੈਕੇ ਉੱਠ ਰਹੇ ਸਵਾਲ ਇਹ ਸੰਕੇਤ ਦਿੰਦੇ ਹਨ ਕਿ ਪੰਥਕ ਮੁੱਦਿਆਂ ਨੂੰ ਲੈਕੇ ਪੰਥਕ ਸੰਸਥਾਵਾਂ ਦੀ ਤਾਂ ਗੱਲ ਹੀ ਪਾਸੇ ਰਹੀ ਸਗੋਂ ਫੈਸਲਾ ਦੇਣ ਵਾਲੇ ਸਿੰਘ ਸਾਹਿਬਾਨ ਹੀ ਮਾਮਲੇ ਵਿੱਚ ਉਲਝਦੇ ਨਜ਼ਰ ਆ ਰਹੇ ਹਨ । ਸ਼੍ਰੋਮਣੀ ਅਕਾਲੀ ਦਲ ਦੇ ਵੱਖ ਵੱਖ-ਵੱਖ ਆਗੂ ਤਾਂ ਪਤਾ ਨਹੀਂ ਇੱਕਠੇ ਹੋਣਗੇ ਜਾਂ ਨਹੀਂ ਪਰ ਫੈਸਲਾ ਦੇਣ ਵਾਲੇ ਸਿੰਘ ਸਾਹਿਬਾਨ ਜਰੂਰ ਬਦਲਵੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰ ਰਹੇ ਹਨ । ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੋਸ਼ਾਂ ਦੇ ਮੁੱਦੇ ਨੂੰ ਲੈਕੇ ਪੰਦਰਾਂ ਦਿਨਾਂ ਲਈ ਤਾਂ ਪਾਸੇ ਕਰ ਦਿੱਤੇ ਹਨ ਅਤੇ ਬਾਅਦ ਵਿੱਚ ਵੀ ਸਥਿਤੀ ਪਹਿਲਾਂ ਵਾਲੀ ਬਨਣ ਦੀ ਕੋਈ ਉਮੀਦ ਨਹੀਂ ਲਗਦੀ । ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਜੇ ਤੱਕ ਨਾ ਤਾਂ ਟਿੱਪਣੀ ਕੀਤੀ ਹੈ ਅਤੇ ਨਾ ਕਿਸੇ ਗੱਲ ਦਾ ਖੰਡਨ ਕੀਤਾ ਹੈ । ਕਿਹਾ ਜਾ ਰਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਰੇ ਤਿੰਨ ਮੈਂਬਰੀ ਕਮੇਟੀ ਬਣਾਕੇ ਦੋਸ਼ਾਂ ਦੀ ਜਾਂਚ ਕਰਵਾਉਣ ਤੋਂ ਸਖਤ ਨਰਾਜ਼ ਹਨ ।ਕਿਹਾ ਜਾਂਦਾ ਹੈ ਕਿ ਗਿਆਨੀ ਰਘਬੀਰ ਸਿੰਘ ਦਾ ਕਹਿਣਾ ਹੈ ਕਿ ਤਖ਼ਤ ਸਾਹਿਬਾਨ ਦੇ ਜਥੇਦਾਰ ਦੇ ਮਾਮਲੇ ਦੀ ਜਾਂਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹੀ ਕਰ ਸਕਦੇ ਹਨ ਕਿਉਂਕਿ ਜਥੇਦਾਰ ਸਾਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨਹੀਂ ਹਨ। ਦਲ ਖਾਲਸਾ ਸਮੇਤ ਕਈ ਪੰਥਕ ਜਥੇਬੰਦੀਆਂ ਨੇ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਮਸਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਫ਼ੈਸਲੇ ਦਾ ਵਿਰੋਧ ਕੀਤਾ ਹੈ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸੇ ਦੌਰਾਨ ਅਮ੍ਰਿਤਸਰ ਅੱਜ ਅੰਤ੍ਰਿਗ ਕਮੇਟੀ ਦੀ ਮੀਟਿੰਗ ਬੁਲਾਈ ਸੀ। ਕਿਆਸ ਲਾਈ ਜਾ ਰਹੀ ਸੀ ਕਿ ਜਥੇਦਾਰ ਸਾਹਿਬਾਨ ਦੇ ਮਾਮਲੇ ਵਿੱਚ ਹੀ ਕੋਈ ਵੱਡਾ ਫ਼ੈਸਲਾ ਲਿਆ ਜਾ ਸਕਦਾ ਹੈ ਪਰ ਅਚਾਨਕ ਹੀ ਮੀਟਿੰਗ ਮੁਲਤਵੀ ਹੋ ਗਈ । ਕਾਰਨ ਕੋਈ ਵੀ ਹੋਣ ਪਰ ਜਿਸ ਤੇਜ਼ੀ ਨਾਲ ਮੀਟਿੰਗ ਰੱਖੀ ਗਈ ਅਤੇ ਅਚਾਨਕ ਮੁਲਤਵੀ ਹੋ ਗਈ, ਸਵਾਲ ਹੋਣੇ ਤਾਂ ਸੁਭਾਵਿਕ ਹਨ ।
ਹੁਣ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਅੱਜ ਹੀ ਡਾ ਦਲਜੀਤ ਸਿੰਘ ਚੀਮਾ ਨੇ ਸਾਫ ਕਰ ਦਿੱਤਾ ਹੈ ਕਿ ਕੋਰ ਕਮੇਟੀ ਦੀ ਮੀਟਿੰਗ ਨਵੇਂ ਸਾਲ ਜਨਵਰੀ ਦੇ ਪਹਿਲੇ ਹਫ਼ਤੇ ਹੋਵੇਗੀ । ਉਸ ਮੀਟਿੰਗ ਵਿੱਚ ਸੁਖਬੀਰ ਸਿੰਘ ਬਾਦਲ ਦਾ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਵਿਚਾਰਿਆ ਜਾਵੇਗਾ । ਇਸ ਤਰ੍ਹਾਂ ਦੋ ਦਸੰਬਰ ਨੂੰ ਸਿੰਘ ਸਾਹਿਬਾਨ ਦੇ ਸੁਖਬੀਰ ਸਿੰਘ ਬਾਦਲ ਦਾ ਅਸਤੀਫ਼ਾ ਤਿੰਨ ਦਿਨ ਅੰਦਰ ਪ੍ਰਵਾਨ ਕਰਕੇ ਜਾਣਕਾਰੀ ਦੇਣ ਦੇ ਫੈਸਲੇ ਦਾ ਕੀ ਬਣੇਗਾ? ਸਿੰਘ ਸਾਹਿਬਾਨ ਵਲੋਂ ਬਣਾਈ ਕਮੇਟੀ ਨੇ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਸ਼ੁਰੂ ਕਰਨੀ ਸੀ ਪਰ ਅਜ ਤੱਕ ਮੀਟਿੰਗ ਹੀ ਨਹੀਂ ਹੋਈ । ਅਕਾਲੀ ਦਲ ਦੇ ਆਗੂ ਪਾਰਟੀ ਸਰਗਰਮੀਆਂ ਪਹਿਲਾਂ ਵਾਂਗ ਹੀ ਚਲਾ ਰਹੇ ਹਨ ।ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਡਟ ਗਏ ਹਨ ਜਦੋਂ ਕਿ ਸ਼੍ਰੋਮਣੀ ਕਮੇਟੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦੋਸ਼ਾਂ ਦੇ ਮਾਮਲੇ ਵਿੱਚ ਜਾਂਚ ਦੇ ਘੇਰੇ ਵਿੱਚ ਲੈ ਆਈ ਹੈ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਪਹਿਲਾਂ ਹੀ ਆਹਮੋ ਸਾਹਮਣੇ ਹਨ। ਕੀ ਕਿਹਾ ਜਾ ਸਕਦਾ ਹੈ ਕਿ ਦੋ ਦਸੰਬਰ ਦਾ ਫੈਸਲਾ ਲਾਗੂ ਹੋ ਰਿਹਾ ਹੈ ਜਾਂ ਸਿੰਘ ਸਾਹਿਬਾਨ ਦੀ ਸ਼ਾਖ ਹੀ ਦਾਅ ਉੱਤੇ ਲੱਗੀ ਹੋਈ ਹੈ ।
ਸੰਪਰਕ :9814002186