ਪੰਜਾਬ ਦੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਨੂੰ ਲੈ ਕੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

Global Team
3 Min Read

ਚੰਡੀਗੜ੍ਹ- ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚ ਸਥਿਤ ਤਹਿਸੀਲ ਕੰਪਲੈਕਸਾਂ ਅਤੇ ਸਬ ਤਹਿਸੀਲ ਕੰਪਲੈਕਸਾਂ ਦੀ ਨੁਹਾਰ ਨੂੰ ਬਦਲਣ ਦਾ ਵੱਡਾ ਫ਼ੈਸਲਾ ਕੀਤਾ ਗਿਆ ਹੈ। ਇਹ ਫ਼ੈਸਲਾ ਤਹਿਸੀਲਾਂ ਵਿੱਚ ਹੁੰਦੇ ਕੰਮਾਂ ਨੂੰ ਕਰਨ ਦੀ ਨੁਹਾਰ ਬਦਲਣ ਨਾਲ ਸਬੰਧਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਨਵੀਆਂ ਤਹਿਸੀਲਾਂ ਤੇ ਸਬ ਤਹਿਸੀਲਾਂ ਬਣਾਉਣ ਦਾ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅਪਗ੍ਰੇਡੇਸ਼ਨ ਲਈ ਕਰੀਬ 158 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਹੈ। ਇਹ ਜਾਣਕਾਰੀ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਸਾਂਝੀ ਕੀਤੀ।

ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸ੍ਰੀ ਚਮਕੌਰ ਸਾਹਿਬ, ਚੀਮਾ, ਦਿੜ੍ਹਬਾ ਤੇ ਬਨੂੜ ਵਿੱਚ ਬਣਨ ਵਾਲੀਆਂ ਨਵੀਆਂ ਇਮਾਰਤਾਂ ਦੀ ਉਸਾਰੀ ਲਈ ਕ੍ਰਮਵਾਰ 5.14 ਕਰੋੜ ਰੁਪਏ, 4.31 ਕਰੋੜ ਰੁਪਏ, 10.68 ਕਰੋੜ ਰੁਪਏ ਅਤੇ 3.05 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ। ਇਨ੍ਹਾਂ ਤਹਿਸੀਲਾਂ ਵਿੱਚੋਂ ਚੀਮਾ ਅਤੇ ਦਿੜ੍ਹਬਾ ਤਹਿਸੀਲ ਕੰਪਲੈਕਸਾਂ ਦਾ ਨੀਂਹ ਪੱਥਰ ਖ਼ੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਮਈ 2023 ਵਿੱਚ ਰੱਖਿਆ ਸੀ। ਇਸ ਤੋਂ ਇਲਾਵਾ ਨਕੋਦਰ ਵਿੱਚ ਨਵਾਂ ਤਹਿਸੀਲ ਕੰਪਲੈਕਸ ਉਸਾਰਨ ਲ਼ਈ 6.18 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ।

ਹੁਸ਼ਿਆਰਪੁਰ ਦੇ ਨਵੇਂ ਤਹਿਸੀਲ ਕੰਪਲੈਕਸ ਲਈ 6.52 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੀਆਂ ਨਵੀਆਂ ਤਿੰਨ ਸਬ ਤਹਿਸੀਲਾਂ ਨਥਾਣਾ, ਬਾਲਿਆਂਵਾਲੀ ਤੇ ਗੋਨਿਆਣਾ ਦੇ ਕੰਪਲੈਕਸਾਂ ਦੀ ਉਸਾਰੀ ਕਰਨ ਲਈ ਕ੍ਰਮਵਾਰ 1.04 ਕਰੋੜ ਰੁਪਏ, 1.47 ਕਰੋੜ ਰੁਪਏ ਤੇ 1.42 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਤਲਵੰਡੀ ਸਾਬੋ ਦੇ ਤਹਿਸੀਲ ਕੰਪਲੈਕਸ ਲਈ 5.98 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਮਾਲ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਬੱਸੀ ਪਠਾਣਾਂ ਵਿੱਚ ਨਵੀਂ ਇਮਾਰਤ ਦੀ ਉਸਾਰੀ ਲਈ 8.61 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਅਬੋਹਰ ਵਿੱਚ ਨਵੀਂ ਇਮਾਰਤ ਦੀ ਉਸਾਰੀ ਲਈ 3.50 ਕਰੋੜ ਰੁਪਏ ਜਾਰੀ ਹੋ ਚੁੱਕੇ ਹਨ। ਇਸੇ ਤਰ੍ਹਾਂ ਵੱਖ-ਵੱਖ ਇਲਾਕਿਆਂ ਵਿੱਚ ਨਵੀਆਂ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੀ ਉਸਾਰੀ ਲਈ ਪੰਜਾਬ ਸਰਕਾਰ ਵੱਲੋਂ ਰਾਸ਼ੀ ਜਾਰੀ ਕੀਤੀ ਗਈ ਹੈ।

ਪੰਜਾਬ ਸਰਕਾਰ ਦਾ ਮੁੱਖ ਮੰਤਵ ਤਹਿਸੀਲਾਂ ਅਤੇ ਸਬ ਤਹਿਸੀਲਾਂ ਦੇ ਕੰਮ ਵਿੱਚ ਤੇਜ਼ੀ ਲਿਆਉਣਾ ਹੈ ਅਤੇ ਇਸ ਦਾ ਨਵੀਨੀਕਰਨ ਕਰਨਾ ਹੈ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment