ਪੰਜਾਬ ਸਰਕਾਰ ਨੇ ਦੰਗਾ ਪੀੜਤਾਂ ਤੇ ਅੱਤਵਾਦ ਪ੍ਰਭਾਵਿਤਾਂ ਲਈ ਮਕਾਨਾਂ-ਪਲਾਟਾਂ ਦੀ ਅਲਾਟਮੈਂਟ ‘ਚ ਰਾਖਵਾਂਕਰਨ ਦੀ ਮਿਆਦ 5 ਸਾਲ ਲਈ ਵਧਾਈ- ਜਿੰਪਾ

Rajneet Kaur
1 Min Read

ਚੰਡੀਗੜ੍ਹ: (ਦਰਸ਼ਨ ਸਿੰਘ ਸਿੱਧੂ)  : ਪੰਜਾਬ ਦੇ ਮਾਲ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਦੰਗਾ ਪੀੜਤਾਂ ਤੇ ਅੱਤਵਾਦ ਪ੍ਰਭਾਵਿਤਾਂ ਨੂੰ ਬਿਨਾਂ ਕਿਸੇ ਵਿੱਤੀ ਰਿਆਇਤ ਦੇ ਮਕਾਨਾਂ-ਪਲਾਟਾਂ ਦੀ ਅਲਾਟਮੈਂਟ ‘ਚ 5 ਫੀਸਦੀ ਰਾਖਵਾਂਕਰਨ ਦੀ ਮਿਆਦ ਵਿਚ 5 ਸਾਲ ਦਾ ਵਾਧਾ ਕਰ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਦੰਗਾ ਪੀੜਤਾਂ/ਅੱਤਵਾਦ ਪ੍ਰਭਾਵਿਤ ਪਰਿਵਾਰਾਂ ਨੂੰ ਅਬਰਨ ਅਸਟੇਟ/ਇੰਮਪਰੂਵਮੈਂਟ ਟਰੱਸਟ/ਪੈਪਸੂ ਟਾਊਨਸ਼ਿਪ ਡਿਵੈਲਪਮੈਂਟ ਬੋਰਡ ਆਦਿ ਵੱਲੋਂ ਪਲਾਟਾਂ/ਮਕਾਨਾਂ ਦੀ ਅਲਾਟਮੈਂਟ ਲਈ ਕੀਮਤਾਂ ਵਿਚ ਬਿਨਾਂ ਕਿਸੇ ਰਿਆਇਤ ਦੇ 5 ਫੀਸਦੀ ਰਾਖਵਾਂਕਰਨ ਦੀ ਸਹੂਲਤ ਵਿਚ 5 ਸਾਲ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਾਖਵਾਂਕਰਨ ਦੀ ਇਹ ਸਹੂਲਤ 31 ਦਸੰਬਰ 2021 ਨੂੰ ਖਤਮ ਕਰ ਦਿੱਤੀ ਗਈ ਸੀ ਪਰ ਹੁਣ ਲਏ ਫੈਸਲੇ ਨਾਲ ਇਹ ਸਹੂਲਤ 31 ਦਸੰਬਰ 2026 ਤੱਕ ਵਧਾ ਦਿੱਤੀ ਗਈ ਹੈ।

ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਲੋਕ ਪੱਖੀ ਫੈਸਲੇ ਬਾਬਤ ਪੱਤਰ ਸਾਰੇ ਡਿਪਟੀ ਕਮਿਸ਼ਨਰਾਂ, ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਸਥਾਨਕ ਸਰਕਾਰ ਵਿਭਾਗ ਨੂੰ ਜਾਰੀ ਕਰ ਦਿੱਤਾ ਗਿਆ ਹੈ।

Share this Article
Leave a comment