ਵਾਸ਼ਿੰਗਟਨ – ਯੂਐਸ ਦੇ ਰਾਸ਼ਟਰਪਤੀ ਜੋਅ ਬਾਇਡਨ ਡੋਨਲਡ ਟਰੰਪ ਪ੍ਰਸ਼ਾਸਨ ਦੀਆਂ ਕਈ ਨੀਤੀਆਂ ਨੂੰ ਲਗਾਤਾਰ ਖਤਮ ਕਰਦੇ ਜਾ ਰਹੇ ਹਨ। ਪ੍ਰਵਾਸੀ ਕਾਨੂੰਨ, ਮੌਸਮ ‘ਚ ਤਬਦੀਲੀ ਤੇ ਡਬਲਯੂਐਚਓ ‘ਚ ਵਾਪਸੀ ਦੇ ਬਾਅਦ, ਬਾਇਡਨ ਨੇ ਵੀ ਟਰੰਪ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਹੈ ਜਿਸਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ (ਆਈਸੀਸੀ) ਦੇ ਦੋ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾਈਆਂ ਸਨ। ਟਰੰਪ ਦੇ ਆਦੇਸ਼ ਨੂੰ ਅੰਤਰਰਾਸ਼ਟਰੀ ਸੰਸਥਾਵਾਂ ਤੇ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾਵਰ ਫੈਸਲੇ ਵਜੋਂ ਦੇਖਿਆ ਗਿਆ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਸੰਯੁਕਤ ਰਾਜ ਅਮਰੀਕਾ ਅਜੇ ਵੀ ਅਦਾਲਤ ਦੀਆਂ ਕੁਝ ਕਾਰਵਾਈਆਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ।
ਬਲਿੰਕਨ ਨੇ ਕਿਹਾ ਮੈਂ ਮੰਨਦਾ ਹਾਂ ਕਿ ਇਨ੍ਹਾਂ ਮਾਮਲਿਆਂ ਸਬੰਧੀ ਸਾਡੀ ਚਿੰਤਾ ਡਿਪਲੋਮੇਸੀ ਨਾਲ ਹੱਲ ਕੀਤੀ ਜਾਵੇਗੀ, ਨਾ ਕਿ ਪਾਬੰਦੀਆਂ ਲਗਾਉਣ ਦੁਆਰਾ ਪਾਬੰਦੀਆਂ ਹਟਾਉਣ ਨਾਲ। ਇਹ ਸੰਕੇਤ ਮਿਲਦਾ ਹੈ ਕਿ ਬਾਈਡਨ ਪ੍ਰਸ਼ਾਸਨ ਬਹੁਪੱਖੀ ਸੰਸਥਾਵਾਂ ‘ਚ ਵਾਪਸ ਜਾਣ ਦਾ ਇਰਾਦਾ ਰੱਖਦਾ ਹੈ। ਟਰੰਪ ਪ੍ਰਸ਼ਾਸਨ ਨੇ ਅਮਰੀਕਾ ਨੂੰ ਕਈ ਅੰਤਰਰਾਸ਼ਟਰੀ ਅਦਾਰਿਆਂ ਤੇ ਸਮਝੌਤਿਆਂ ਤੋਂ ਹਟਾ ਦਿੱਤਾ ਸੀ ਤੇ ਆਈਸੀਸੀ ਸਣੇ ਕਈਆਂ ਦੀ ਸਖਤ ਆਲੋਚਨਾ ਕੀਤੀ ਸੀ।
ਇਸਤੋਂ ਇਲਾਵਾ ਟਰੰਪ ਪ੍ਰਸ਼ਾਸਨ ਨੇ ਦੋਸ਼ ਲਾਇਆ ਸੀ ਕਿ ਇਨ੍ਹਾਂ ਅਦਾਰਿਆਂ ‘ਚ ਬਹੁਤ ਸਾਰੀਆਂ ਕਮੀਆਂ ਹਨ ਤੇ ਉਹ ਅਮਰੀਕੀ ਹਿੱਤਾਂ ਦੇ ਵਿਰੁੱਧ ਕੰਮ ਕਰ ਰਹੇ ਹਨ। ਅਦਾਲਤ ‘ਚ ਮੈਂਬਰ ਦੇਸ਼ਾਂ ਦੀ ਪ੍ਰਬੰਧਕੀ ਸੰਸਥਾ ਦੀ ਚੇਅਰਪਰਸਨ ਸਿਲਵੀਆ ਫਰਨਾਂਡੇਜ਼ ਡੀ ਗੁਰਮੇਂਡੀ ਨੇ ਕਿਹਾ ਕਿ ਅਮਰੀਕਾ ਵੱਲੋਂ ਪਾਬੰਦੀਆਂ ਹਟਾਉਣ ਨਾਲ ਕਾਨੂੰਨ ਅਧਾਰਤ ਅੰਤਰਰਾਸ਼ਟਰੀ ਪ੍ਰਣਾਲੀ ਨੂੰ ਅੱਗੇ ਵਧਣ ‘ਚ ਮਦਦ ਮਿਲੇਗੀ।