ਨਿਊਜ਼ ਡੈਸਕ : ਗਲੋਬਲ ਮਹਾਮਾਰੀ ਕੋਰੋਨਾ ਵਾਇਰਸ ਦੀ ਵੈਕਸੀਨ ਦੀ ਖੋਜ ‘ਚ ਦੁਨੀਆ ਭਰ ਦੇ ਵਿਗਿਆਨੀ ਲੱਗੇ ਹੋਏ ਹਨ ਪਰ ਅਜੇ ਤੱਕ ਕਿਸੇ ਨੂੰ ਵੀ ਸਫਲਤਾ ਨਹੀਂ ਮਿਲੀ ਹੈ। ਜਦੋਂ ਤੱਕ ਮਹਾਮਾਰੀ ਦਾ ਟੀਕਾ ਨਹੀਂ ਬਣ ਜਾਂਦਾ ਤਦ ਤੱਕ ਕੋਰੋਨਾ ਵਾਇਰਸ ਤੋਂ ਬਚਾਅ ਦਾ ਸਿਰਫ ਇੱਕੋ ਇੱਕ ਤਰੀਕਾ ਹੈ ਉਹ ਹੈ ਸੋਸ਼ਲ ਡਿਸਟੈਂਸਿੰਗ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੋਰੋਨਾ ਸੰਕਟ ‘ਚ ਇੱਕ ਦੂਜੇ ਤੋਂ ਦੂਰੀ ਬਣਾਈ ਰੱਖਣ ‘ਚ ਹੁਣ ਸਾਡੇ ਜੁੱਤੇ ਵੀ ਮਦਦ ਕਰਨਗੇ। ਜੀ ਹਾਂ ਰੋਮਾਨੀਆ ‘ਚ ਅਜਿਹੇ ਜੂਤੇ ਵਿਕ ਰਹੇ ਹਨ ਜੋ ਇੰਨੇ ਲੰਬੇ ਹਨ ਕਿ ਇਨ੍ਹਾਂ ਨਾਲ ਇਹ ਜੁੱਤੇ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ‘ਚ ਲੋਕਾਂ ਦੀ ਮਦਦ ਕਰਨਗੇ।
ਰੋਮਾਨੀਆ ਦੇਸ਼ ਵੀ ਕੋਰੋਨਾ ਦੇ ਕਹਿਰ ਤੋਂ ਬਚ ਨਹੀਂ ਸਕਿਆ ਹੈ। ਕੋਰੋਨਾ ਮਹਾਮਾਰੀ ਦੇ ਚੱਲਦੇ ਦੇਸ਼ ‘ਚ ਲਗਭਗ 2 ਮਹੀਨੇ ਲੌਕਡਾਊਨ ਜਾਰੀ ਰਿਹਾ ਜਿਸ ਨੂੰ ਮਈ ਦੇ ਮੱਧ ‘ਚ ਹਟਾ ਦਿੱਤਾ ਗਿਆ। ਪਰ ਇਸ ਦੇ ਬਾਅਦ ਵੀ ਰੋਮਾਨੀਆ ਦੇ ਲੋਕਾਂ ਨੇ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ।
ਰਿਪੋਰਟ ਅਨੁਸਾਰ ਇਹ ਜੁੱਤੇ ਯੂਰਪੀਅਨ ਸਾਈਜ਼ 75 ਨੰਬਰ ‘ਚ ਉਪਲਬਧ ਹਨ। ਲੂਪ ਨੇ ਕਿਹਾ ਕਿ ਉਹ 39 ਸਾਲਾਂ ਤੋਂ ਚਮੜੇ ਦੇ ਜੁੱਤੇ ਤਿਆਰ ਕਰ ਰਹੇ ਹਨ। ਲੂਪ ਨੇ ਆਪਣੀ ਨਵੀਂ ਦੁਕਾਨ 2001 ਵਿਚ ਖੋਲ੍ਹੀ ਸੀ। ਆਪਣੀ ਇਸ ਦੁਕਾਨ ‘ਤੇ ਹੀ ਉਹ ਇਨ੍ਹਾਂ ਜੁੱਤਿਆਂ ਨੂੰ ਵੇਚ ਰਹੇ ਹਨ। ਲੂਪ ਦਾ ਕਹਿਣਾ ਹੈ ਕਿ ਇੰਨ੍ਹਾਂ ਜੁੱਤਿਆਂ ਨੂੰ ਪਹਿਨਣ ਨਾਲ ਲੋਕਾਂ ਦੇ ਵਿੱਚ ਲਗਭਗ ਇੱਕ-ਡੇਢ ਮੀਟਰ ਦੀ ਦੂਰੀ ਬਣੀ ਰਹੇਗੀ। ਜਿਸ ਨਾਲ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦਾ ਪਾਲਣ ਕਰਨ ‘ਚ ਮਦਦ ਵੀ ਮਿਲੇਗੀ। ਦੱਸ ਦਈਏ ਕਿ ਲੂਪ ਦੁਆਰਾ ਬਣਾਏ ਗਏ ਇਨ੍ਹਾਂ ਜੁਤਿਆਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋ ਰਹੀਆਂ ਹਨ।
ਦਿਲਚਸਪ ਗੱਲ ਇਹ ਹੈ ਕਿ ਲੂਪ ਨੂੰ ਇਨ੍ਹਾਂ ਜੁੱਤਿਆਂ ਦੇ ਲਈ ਆਰਡਰ ਵੀ ਮਿਲਣੇ ਸ਼ੁਰੂ ਹੋ ਗਏ ਹਨ। ਲੂਪ ਨੇ ਕਿਹਾ ਕਿ ਉਸ ਨੂੰ ਹੁਣ ਤੱਕ 5 ਜੁੱਤੇ ਬਣਾਉਣ ਦਾ ਆਡਰ ਮਿਲਿਆ ਹੈ ਜਿਨ੍ਹਾਂ ਨੂੰ ਬਣਾਉਣ ‘ਚ ਦੋ ਦਿਨ ਲੱਗਦੇ ਹਨ ਅਤੇ ਇੱਕ ਜੁੱਤੇ ਨੂੰ ਬਣਾਉਣ ਲਈ ਇਕ ਵਰਗ ਮੀਟਰ ਚਮੜੇ ਦੀ ਜ਼ਰੂਰਤ ਹੁੰਦੀ ਹੈ।
ਦੱਸ ਦੇਈਏ ਕਿ ਯੂਰਪੀਅਨ ਯੂਨੀਅਨ ਰਾਜ ਰੋਮਾਨੀਆ ਵਿੱਚ ਹੁਣ ਤੱਕ ਕੋਰੋਨਾ ਦੇ 18,791 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 1240 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।