ਦੁਨੀਆਂ ਦੀ ਸਭ ਤੋਂ ਅਨੋਖੀ ਅਤੇ ਸੱਭਿਅਕ ਗਾਲ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ

Rajneet Kaur
9 Min Read

ਰਜਿੰਦਰ ਸਿੰਘ

ਪੰਜ ਦਰਿਆਵਾਂ ਦੇ ਪਾਣੀ ਦੀ ਮਹਿਕ ਪੰਜਾਬੀ ਹੈ ਬੋਲੀ
ਇਉਂ ਲੱਗਦਾ ਪੰਜਾਬ ਤੇ ਰੱਬ ਨੇ ਸ਼ਹਿਦ ਜਿਉਂ ਹੈ ਡੋਲ੍ਹੀ
ਮਾਂ ਬੋਲੀ ਦਾ ਕਰੋ ਨਾਂ ਉੱਚਾ, ਮਾਂ ਬੋਲੀ ਸਦਾ ਆਸ ਕਰੇ
ਹੱਸਦੇ ਵਸਦੇ ਰਹੋ ਪੰਜਾਬੀਓ, ਮਾਂ ਬੋਲੀ ਦੀ ਅਰਦਾਸ ਕਰੇ

ਜਦੋਂ ਮੇਰਾ ਜਨਮ ਹੋਇਆ ਸੀ ਤਾਂ ਮੈਨੂੰ ਮੇਰੀ ਮਾਂ ਨੇ ਗੁੜਤੀ ਦਿੱਤੀ ਸੀ ਉਹ ਗੁੜਤੀ ਸੀ ਸੰਸਕਾਰਾਂ ਦੀ ਉਹ ਗੁੜਤੀ ਸੀ ਬੋਲੀ ਦੀ। ਜਿਹੜੇ ਮੇਰੀ ਮਾਂ ਤੋਂ ਮੈਨੂੰ ਸ਼ਬਦ ਮਿਲੇ ਸੀ ਉਹ ਮੇਰੀ ਮਾਂ ਬੋਲੀ ਨੇ। ਉਹ ਮੇਰੀ ਬੋਲੀ ਹੀ ਨਹੀਂ ਮੇਰੇ ਜਜ਼ਬਾਤ ਨੇ ਜਿਹੜੇ ਮੇਰੀ ਹੋਂਦ ਨੂੰ ਦਰਸਾਉਂਦੇ ਹਨ। ਖੈਰ ਹੁਣ ਕਿਤਾਬੀ ਭਾਸ਼ਾ ਦੀ ਗੱਲ ਕਰ ਲਈਏ ਤਾਂ ਬੋਲੀ ਇੱਕ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਕੋਈ ਮਨੁੱਖੀ ਆਪਣੇ ਮਨ ਦੇ ਵਲਵਲੇ ਅਤੇ ਹਾਵ ਭਾਵ ਦੂਜਿਆਂ ਅੱਗੇ ਪੇਸ਼ ਕਰਦਾ ਹੈ।ਹੁਣ ਜਦੋਂ ਮਾਂ ਬੋਲੀ ਦੀ ਗੱਲ ਕਰ ਲਈਏ ਤਾਂ ਮਾਂ ਬੋਲੀ ਉਹ ਬੋਲੀ ਹੈ ਜਿਹੜੇ ਕਿਸੇ ਖਾਸ ਖਿੱਤੇ ਜਾਂ ਕਿਸੇ ਖਾਸ ਇਲਾਕੇ ਨਾਲ ਸਬੰਧ ਰੱਖਦੀ ਹੈ। ਉਹ ਜਿਹੜੀ ਭਾਸ਼ਾ ਬੋਲਦੇ ਹਨ ਉਹ ਮਾਂ ਬੋਲੀ ਕਹਾਉਂਦੀ ਹੈ। ਹੁਣ ਜੇਕਰ ਸਮੁੱਚੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੀ ਮਾਂ ਬੋਲੀ ਵੀ ਪੰਜਾਬੀ ਹੈ। ਪਰ ਸਿਰਫ ਇਹ ਕਹਿ ਦੇਣਾ ਕਿ ਪੰਜਾਬ ‘ਚ ਰਹਿਣ ਵਾਲਿਆਂ ਦੀ ਬੋਲੀ ਪੰਜਾਬੀ ਹੈ ਸ਼ਾਇਦ ਇਹ ਵਸਨੀਕਾਂ ਨਾਲ ਜਿੱਥੇ ਨਾ ਇਨਸਾਫੀ ਹੋਵੇਗੀ ਤਾਂ ਉੱਥੇ ਹੀ ਬੋਲੀ ਨਾਲ ਵੀ ਧੱਕਾ ਹੋਵੇਗਾ। ਹਾਂ ਸਮੁੱਚਤਾ ਦੀ ਗੱਲ ਕਰਦਿਆਂ ਇਸ ਦੀ ਭਾਸ਼ਾ ਪੰਜਾਬੀ ਕਹੀ ਜਾ ਸਕਦੀ ਹੈ। ਪਰ ਇਹ ਪੰਜਾਬੀ ਦੇ ਹੀ ਮਾਣ ਦੀ ਗੱਲ ਹੈ ਕਿ ਇਸ ਦੇ ਇਲਾਕੇ ਅੰਦਰ ਹੀ ਕਿੰਨੀਆਂ ਉਪ ਭਾਸ਼ਾਵਾਂ ਲੁਕੀਆਂ ਹੋਈਆਂ ਹਨ। ਖੈਰ ਜਿੱਥੇ ਹੀ ਇਹ ਮਾਣ ਵਾਲੀ ਗੱਲ ਹੈ ਤਾਂ ਉੱਥੇ ਹੀ ਇਸ ਦੇ ਹੀ ਜੰਮੇ ਜਾਏ ਇਸ ਨੂੰ ਤਿਲਾਂਜਲੀ ਦੇਣ ‘ਤੇ ਤੁਲੇ ਹੋਏ ਹਨ। ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਤਾਂ ਉਹ ਖੇਤ ਬਹੁਤਾ ਸਮਾਂ ਸੁਰੱਖਿਅਤ ਨਹੀਂ ਰਹਿ ਸਕਦਾ। ਅੱਜ ਜਦੋਂ ਅਸੀਂ ਭਾਰਤ ਦੇਸ਼ ਦੇ ਵਾਸੀ ਹਾਂ ਤੇ ਜਿਹੜਾ ਕਿ ਬਹੁਤ ਸਾਰੀਆਂ ਭਾਸ਼ਾਵਾਂ ਵਾਲਾ ਖਿੱਤਾ ਹੈ। ਉਸ ਦੇਸ਼ ਅੰਦਰ ਜਦੋਂ ਪਹਿਲਾਂ ਹੀ ਚਾਲਾਂ ਪੰਜਾਬੀ ਬੋਲੀ ਨੂੰ ਖਤਮ ਕਰਨ ਦੀਆਂ ਚੱਲੀਆਂ ਜਾ ਰਹੀਆਂ ਹਨ ਤਾਂ ਉਸ ਸਮੇਂ ਇਸ ਦੇ ਹੀ ਰਖਵਾਲੇ ਬੋਲੀ ਨੂੰ ਖਤਮ ਕਰਨ ‘ਤੇ ਲੱਗੇ ਹੋਏ ਹਨ।

ਪੰਜਾਬੀ ਦੇ ਇਤਿਹਾਸ ‘ਤੇ ਜਦੋਂ ਨਜ਼ਰ ਮਾਰਦੇ ਹਾਂ ਤਾਂ ਗੱਲ ਉਨ੍ਹਾਂ ਸਮਿਆਂ ਦੀ ਹੈ ਜਦੋਂ ਪੰਜਾਬੀ ਨੂੰ ਉਹ ਮਾਣ ਨਹੀਂ ਸੀ ਮਿਲਿਆ ਜਿਹੜਾ ਅੱਜ ਮਿਲਿਆ ਹੈ। ਸਿੱਖ ਧਰਮ ਦੇ ਦੂਜੇ ਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਦੇ ਪ੍ਰਚਾਰ ਦਾ ਹੋਕਾ ਦਿੱਤਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੰਜਾਬੀ ਨੂੰ ਵਿਸ਼ੇਸ਼ ਸਥਾਨ ਦਿੱਤਾ ਗਿਆ। ਜੇ ਇਹ ਕਹਿ ਲਿਆ ਜਾਵੇ ਕਿ ਜੇਕਰ ਅੱਜ ਪੰਜਾਬੀ ਜ਼ਿੰਦਾ ਹੈ ਤਾਂ ਸਿੱਖਾਂ ਕਰਕੇ ਹੀ ਹੈ, ਗੁਰੂ ਗ੍ਰੰਥ ਸਾਹਿਬ ਕਰਕੇ ਹੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੈ।ਹੋਰਨਾਂ ਭਾਸ਼ਾਵਾਂ ਦਾ ਗਿਆਨ ਹੋਣਾਂ ਬਹੁਤ ਵਧੀਆ ਗਲ ਹੈ, ਜਿੰਨੀਆਂ ਹੋ ਸਕਣ ਸਿੱਖਣੀਆਂ ਚਾਹੀਦੀਆਂ ਹਨ, ਪਰ ਪੰਜਾਬੀ ਨੂੰ ਲਾਂਭੇ ਕਰਕੇ ਨਹੀਂ।

- Advertisement -

ਜਦੋਂ ਪੰਜਾਬ ਦੇ ਨਕਸ਼ੇ ‘ਤੇ ਨਜ਼ਰ ਮਾਰਦੇ ਹਾਂ ਤਾਂ ਤਿਨ ਖਿੱਤੇ ਤੁਹਾਨੂੰ ਉਲੀਕੇ ਹੋਏ ਆਮ ਮਿਲ ਜਾਣਗੇ। ਉਹ ਖਿੱਤੇ ਹੁੰਦੇ ਹਨ ਮਾਝਾ ਮਾਲਵਾ ਦੁਆਬਾ । ਪਰ ਇਸ ਦੇ ਨਾਲ ਹੀ ਇੱਕ ਹੋਰ ਖਿੱਤਾ ਕਹਿ ਲਈਏ ਜਾਂ ਇਹ ਕਹਿ ਲਈਏ ਇਲਾਕਾ ਉਹ ਹੈ ਪੁਆਧ ਦਾ ਇਲਾਕਾ । ਜਿਸ ਨੂੰ ਅੱਜ ਸਾਡੇ ਮਨਾਂ ਤੋਂ ਉੱਕਾ ਹੀ ਲਾਂਭੇ ਕਰ ਦਿੱਤਾ ਗਿਆ ਹੈ। ਸਾਲ 1966 ਦਾ ਉਹ ਅਭਾਗਾ ਸਮਾਂ ਜਦੋਂ ਚੰਡੀਗੜ੍ਹ ਸ਼ਹਿਰ ਵਸਾਇਆ ਗਿਆ। ਸ਼ਹਿਰ ਵਸਿਆ ਪਰ ਜਿਹੜੇ ਪੰਜਾਬ ਦੇ ਪਿੰਡ ਪੁਆਧ ਇਲਾਕੇ ਦੇ ਉਜਾੜੇ ਗਏ ਨਾਲ ਹੀ ਉਨ੍ਹਾਂ ਦੀ ਬੋਲੀ ਵੀ ਉਜਾੜ ਦਿੱਤੀ ਗਈ। ਹੋਰ ਤਾਂ ਹੋਰ ਜਦੋਂ ਅਸੀਂ ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀ ਗੱਲ ਕਰਦੇ ਹਾਂ ਤਾਂ ਜਿੱਥੇ ਬਾਕੀ ਸਾਰਿਆਂ ਵਿੱਚ ਹਿੰਦੀ ਭਾਸ਼ਾ ਲਾਗੂ ਹੈ ਤਾਂ ਉੱਥੇ ਹੀ ਚੰਡੀਗੜ੍ਹ ਵਿੱਚ ਸੱਤ ਸਮੁੰਦਰੋਂ ਪਾਰ ਦੀ ਭਾਸ਼ਾ ਲਾਗੂ ਕੀਤੀ ਗਈ ਹੈ। ਹੁਣ ਸੋਚੋ ਅਸੀਂ ਖਿੱਤਾ ਵੀ ਗਵਾਇਆ ਤੇ ਬੋਲੀ ਵੀ ਜਾਂਦੀ ਰਹੀ।

ਜੇਕਰ ਅੰਗਰੇਜ਼ ਰਾਜ ਦੀ ਗੱਲ ਕਰ ਲਈਏ ਤਾਂ ਉਨ੍ਹਾਂ ਵੱਲੋਂ ਪਿੰਡਾਂ ਵਿੱਚ ਜਦੋਂ ਸਕੂਲ ਕਾਲਜ ਖੋਲ੍ਹੇ ਗਏ ਤਾਂ ਸਭ ਤੋਂ ਪਹਿਲਾਂ ਪਿੰਡ ਦੇ ਬਜ਼ੁਰਗਾਂ ਨੇ ਇਸ ਦਾ ਵਿਰੋਧ ਕੀਤਾ ਗਿਆ। ਕਿਉਂਕਿ ਉਹ ਭਾਵੇਂ ਪੜ੍ਹੇ ਲਿਖੇ ਸਨ ਪਰ ਇਸ ਤੋਂ ਵਾਕਿਫ ਸਨ ਕਿ ਜੇਕਰ ਉਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਜੇਕਰ ਵੱਖਰੀ ਭਾਸ਼ਾ ਸਿੱਖਣਗੀਆਂ ਤਾਂ ਸਮਾਂ ਪਾ ਕੇ ਇੱਕ ਦਿਨ ਉਹ ਆਪਣੀ ਬੋਲੀ ਨੂੰ ਤਿਲਾਂਜਲੀ ਦੇ ਦੇਣਗੀਆਂ। ਉਨ੍ਹਾਂ ਦਾ ਵਿਕਾਸ ਤਾ ਹੋਵੇਗਾ ਪਰ ਵਿਕਾਸ ਦੀ ਉਸ ਦੌੜ ‘ਚ ਉਨ੍ਹਾਂ ਦੇ ਖਿੱਤੇ ਦਾ ਸੁਹੱਪਣ ਜਾਂਦਾ ਰਹੇਗਾ।
ਖੈਰ ਅੱਜ ਇਹੀ ਹਾਲਾਤ ਬਣ ਚੁਕੇ ਹਨ। ਸਕੂਲਾਂ ਵਿੱਚ ਪੰਜਾਬੀ ਬੋਲਣ ‘ਤੇ ਵੀ ਰੋਕ ਲਾਈ ਜਾ ਰਹੀ ਹੈ। ਮਾਂ ਬਾਪ ਖੁਦ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਪੰਜਾਬੀ ਦੀ ਬਜਾਏ ਵਿਦੇਸ਼ੀ ਭਾਸ਼ਾਵਾਂ ਸਿਖਾਉਣ ਲਈ ਕਹਿੰਦੇ ਹਨ। ਹਾਲਾਤ ਇਸ ਕਦਰ ਬਦ ਤੋਂ ਬਦਤਰ ਹੋ ਗਏ ਹਨ ਕਿ ਬੱਚੇ ਦੇ ਗਰਭ ‘ਚ ਹੁੰਦਿਆਂ ਹੀ ਅਜਿਹੇ ਸਕੂਲਾਂ ‘ਚ ਉਨ੍ਹਾਂ ਦਾ ਦਾਖਲਾ ਕਰਵਾ ਦਿੱਤਾ ਜਾਂਦਾ ਹੈ ਜਿੱਥੇ ਸ਼ੁਰੂਆਤ ਤੋਂ ਹੀ ਉਨ੍ਹਾਂ ਨੂੰ ਵਿਦੇਸ਼ੀ ਭਾਸ਼ਾ ਸਿਖਾਈ ਜਾਂਦੀ ਹੈ।
ਜਿੱਥੇ ਸਕੂਲ ਇਸ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ ਤਾਂ ਮੀਡੀਆ ਵੀ ਇਸ ਤੋਂ ਪਿੱਛੇ ਨਹੀਂ ਰਿਹਾ । ਪੰਜਾਬੀ ਦੇ ਕਈ ਅਜਿਹੇ ਸ਼ਬਦ ਹਨ ਜਿਨ੍ਹਾਂ ਨੂੰ ਮੀਡੀਆ ਵੱਲੋਂ ਲੱਚਰ ਘੋਸ਼ਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਵਰਤਣਾਂ ਵੀ ਸਹੀ ਨਹੀਂ ਸਮਝਿਆ ਜਾਂਦਾ।
ਅੱਜ ਮਾਂ ਬੋਲੀ ਦਾ ਦਿਹਾੜਾ ਆਪਾਂ ਮਨਾਂ ਰਹੇ ਹਾਂ ਪਰ ਜਦੋਂ ਤੱਕ ਮਾਂ ਪਿਓ ਘਰ ਵਿੱਚ, ਆਪਸੀ ਬੋਲਚਾਲ ਵਿੱਚ ਪੰਜਾਬੀ ਦੀ ਵਰਤੋਂ ਨਹੀਂ ਕਰਦੇ, ਅਗਲੀ ਪੀੜ੍ਹੀ ਤੱਕ “ਪੰਜਾਬੀ” ਦਾ ਭੋਗ ਪਿਆ ਸਮਝੋ, ਤੇ ਉਸਦੇ ਜ਼ਿੰਮੇਵਾਰ ਅਸੀਂ ਹੋਵਾਂਗੇ। ਜੇ “ਪੰਜਾਬੀ” ਨਾ ਆਈ ਤਾਂ ਸਮਝੋ ਗੁਰਬਾਣੀ ਨਾਲੋਂ ਵੀ ਨਾਤਾ ਟੁੱਟਿਆ ਸਮਝੋ, ਤੇ ਗੁਰਬਾਣੀ ਨਾਲੋਂ ਨਾਤਾ ਟੁੱਟਦਿਆਂ ਭਾਂਵੇਂ ਬਾਹਰਲਾ ਸਰੂਪ ਸ਼ਾਇਦ ਮਾੜ੍ਹਾ ਮੋਟਾ ਬੱਚ ਜਾਵੇ, ਪਰ ਗੁਰਮਤਿ ਸਿਧਾਂਤ ਨਹੀਂ ਬਚਣ ਲੱਗੇ।

ਪੰਜਾਬੀ ਪੜੋ ਪੜਾਉ,
ਪੰਜਾਬੀ ਸੁਣੋ ਸੁਣਾਊ,
ਪੰਜਾਬੀ ਲਿਖੋ ਲਿਖਾਉ,

ਕਹਿੰਦੇ ਦੁਨੀਆ ਦਾ ਇੱਕ ਕੋਨਾ ਅਜਿਹਾ ਵੀ ਹੈ ਜਿੱਥੇ ਕਿਸੇ ਨੂੰ ਗਾਲ ਕੱਢਣੀ ਹੋਵੇ ਤਾਂ ਕਹਿੰਦੇ ਨੇ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ, ਇਸ ਤੋਂ ਜਾਹਰ ਹੈ ਕਿ ਮਨੁੱਖ ਲਈ ਉਸਦੀ ਮਾਂ ਬੋਲੀ ਦੀ ਕਿਨੀ ਵਿਸ਼ੇਸ਼ਤਾ ਹੈ। ਅਸਲ ਤਾਂ ਹਰ ਇੱਕ ਬੋਲੀ (ਭਾਸ਼ਾ) ਹੀ ਆਪਣੀ ਥਾਂ ਤੇ ਖਾਸ ਅਤੇ ਪਿਆਰੀ ਹੁੰਦੀ ਹੈ, ਪੰਜਾਬ ਵਿੱਚ ਜਨਮ ਹੋਣ ਕਰਕੇ ਇਸ ਅਮੀਰ ਪੰਜਾਬੀ ਬੋਲੀ ਨਾਲ ਮਾਂ ਵਰਗਾ ਰਿਸ਼ਤਾ ਬਣ ਗਿਆ ਜੋ ਕਿ ਮਾਣ ਵਾਲੀ ਹੀ ਗੱਲ ਹੈ। ਦੋ ਦੇਸ਼ਾਂ ਦੀ ਅੱਜ ਵੀ ਸਾਂਝ ਹੈ ਇਹ ਪੰਜਾਬੀ ਬੋਲੀ ਅਤੇ ਸਦਾ ਰਹੇਗੀ ਵੀ ਜੇਕਰ ਇਸ ਨਾਲ ਅੱਗੇ ਹੋਰ ਧ੍ਰੋਹ ਨਾ ਕਿਤਾ ਗਿਆ, ਸੁੱਖ-ਦੁੱਖ ਹਰ ਰੰਗ ਰੂਪ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਬਿਆਨ ਕਰਦੀ ਮਾਂ ਬੋਲੀ ਪੰਜਾਬੀ, ਫਾਰਸੀ-ਤੁਰਕੀ-ਹਿੰਦੀ-ਉਰਦੂ-ਅਰਬੀ ਦਾ ਸੁਮੇਲ ਹੋਣ ਕਰਕੇ ਸ਼ਹਿਦ ਤੋਂ ਵੀ ਮਿੱਠੀ ਹੈ ਇਹ ਬੋਲੀ ਪੰਜਾਬੀ…!!!
ਅੰਤ ਪੰਜਾਬੀ ਮਾਂ ਬੋਲੀ ਦੇ ਦਿਹਾੜੇ ਮੌਕੇ ਇਹ ਸਤਰਾਂ ਮੈਂ ਜਰੂਰ ਕਹਿਣਾ ਚਾਹਾਂਗਾ

ਚੀਂ ਚੀਂ ਕਰਦੀਆਂ ਚਿੜੀਆਂ ਦਾ,
ਕਲ਼ ਕਲ਼ ਕਰਦੀਆਂ ਨਦੀਆਂ ਦਾ,
ਸ਼ਾਂ ਸ਼ਾਂ ਕਰਦੇ ਬਿਰਖਾਂ ਦਾ
ਆਪਣਾ ਹੀ ਤਰਾਨਾ ਹੁੰਦਾ ਹੈ !
ਮੈਂ ਸੁਣਿਆ ਹੈ ਇਸ ਧਰਤੀ ‘ਤੇ,
ਇਕ ਅਜੇਹਾ ਦੇਸ਼ ਵੀ ਹੈ,
ਜਿੱਥੇ ਬੱਚਿਆਂ ਨੂੰ ਆਪਣੀ ਹੀ
ਮਾਂ ਬੋਲੀ ਬੋਲਣ ‘ਤੇ ਜੁਰਮਾਨਾ ਹੁੰਦਾ ਹੈ !!
-ਸੁਰਜੀਤ ਪਾਤਰ

- Advertisement -

ਅੰਤ ਬੇਨਤੀ ਹੈ ਕਿ ਅਸੀਂ ਬੱਚਿਆਂ ਨੂੰ ਕੇਵਲ ਚੰਗੇ ਸਕੂਲਾਂ ਵਿੱਚ ਪੜ੍ਹਾ, ਵੱਡੇ ਬੰਦੇ (ਮਾਇਆਧਾਰੀ) ਤਾਂ ਬਣਾ ਸਕਦੇ ਹਾਂ ਪਰ ਅਸੀਂ ਉਨ੍ਹਾਂ ਨੂੰ ਚੰਗਾ ਗੁਰਸਿੱਖ ਬਣਾਉਣ ਵਿੱਚ ਨਾਕਾਮ ਹੋ ਜਾਵਾਂਗੇ। ਜੇ ਬੱਚੇ ਸਿੱਖ ਹੀ ਨਾ ਬਣ ਸਕੇ ਤਾਂ ਸਾਡਾ ਸਾਰਾ ਜੀਵਨ ਹੀ ਖੁਆਰ ਹੋ ਜਾਣਾ ਹੈ। ਆਪਣਾ ਜੀਵਨ ਆਪ ਹੀ ਸੰਵਾਰਨਾ ਹੈ ਤੇ ਆਉਣ ਵਾਲੇ ਕੱਲ੍ਹ ਨੂੰ ਅੱਜ ਹੀ ਸਾਂਭਣਾ ਹੈ। ਜੇ ਅਸੀਂ ਗੁਰੂ ਦੀਆਂ ਖੁਸ਼ੀਆਂ ਨੂੰ ਲੋਚਦੇ ਹਾਂ ਤਾਂ ਸਾਨੂੰ ਬਚਿਆਂ ਨੂੰ ਜਿੱਥੇ ਵੱਡਾ ਡਾਕਟਰ ਜਾਂ ਇੰਜੀਨੀਅਰ ਬਣਾਉਣ ਲਈ ਵਿਗਿਆਨ ਦੀ ਤਕਨੀਕ ਦੱਸਣੀ ਹੈ, ਉਥੇ ਨਾਲ ਹੀ ਨਾਲ ਗੁਰਮਤਿ ਬਾਰੇ ਵੀ ਜਾਣਕਾਰੀ ਜਰੂਰ ਦੇਈਏ। ਜਿਸ ਦਾ ਸਦਕਾ ਉਹ ਗੁਰਸਿੱਖ ਡਾਕਟਰ, ਇੰਜੀਨੀਅਰ ਅਤੇ ਵਕੀਲ ਬਣ ਸਕਣ।

mob no. 6283918083

Share this Article
Leave a comment