ਬਦਲਿਆ ਮੌਸਮ ਦਾ ਮਿਜ਼ਾਜ, ਮੀਂਹ ਨੇ ਗਰਮੀ ਤੋਂ ਪਹੁੰਚਾਈ ਰਾਹਤ

Global Team
4 Min Read

ਨਿਊਜ਼ ਡੈਸਕ: ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਪਿਛਲੇ 15 ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਤੋਂ ਬਾਅਦ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਪਹੁੰਚਾਈ ਹੈ। ਮੌਸਮ ਵਿੱਚ ਆਈ ਤਬਦੀਲੀ ਕਾਰਨ ਤਾਪਮਾਨ ਵਿੱਚ 8.5 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ ਹੈ, ਜੋ ਕਿ ਇਸ ਵੇਲੇ ਆਮ ਨਾਲੋਂ 12.4 ਡਿਗਰੀ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 35.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਅਨੁਸਾਰ, ਦੋ ਦਿਨਾਂ (31 ਮਈ ਅਤੇ 1 ਜੂਨ) ਲਈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

ਪੰਜਾਬ ਤੇ ਹਰਿਆਣਾ ’ਚ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਤੇ ਹਲਕਾ ਮੀਂਹ ਪੈ ਸਕਦਾ ਹੈ। ਪੰਜਾਬ ਵਿੱਚ ਅੱਜ ਸਵੇਰ ਤੋਂ ਹੀ ਬੱਦਲਵਾਈ ਹੋਣੀ ਸ਼ੁਰੂ ਹੋ ਗਈ ਸੀ। 11-12 ਦੇ ਵਜੇ ਕਰੀਬ ਸੂਬੇ ਵਿੱਚ ਕਾਲੇ ਬੱਦਲ ਛਾ ਗਏ ਅਤੇ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਦੌਰਾਨ ਕਈ ਥਾਵਾਂ ’ਤੇ ਗੜੇਮਾਰੀ ਹੋਣ ਦੀਆਂ ਖ਼ਬਰਾਂ ਵੀ ਮਿਲੀਆਂ ਹਨ। ਮੀਂਹ ਨਾਲ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ।

ਕਿਸਾਨਾਂ ਨੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨੀ ਹੈ। ਮੀਂਹ ਖੇਤੀ ਲਈ ਲਾਹੇਵੰਦ ਹੈ। ਹਾਲਾਂਕਿ ਦੋ ਦਿਨ ਪਹਿਲਾਂ ਵੀਰਵਾਰ ਨੂੰ ਸ਼ਾਮ ਸਮੇਂ ਚੱਲੀਆਂ ਤੇਜ਼ ਹਵਾਵਾਂ ਤੇ ਗੜੇਮਾਰੀ ਕਰ ਕੇ ਕਈ ਥਾਵਾਂ ’ਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਅੱਜ 24.6 ਐੱਮ ਐੱਮ, ਅੰਮ੍ਰਿਤਸਰ ਵਿੱਚ 7.2 ਐੱਮ ਐੱਮ, ਲੁਧਿਆਣਾ ਵਿੱਚ 32.6, ਪਟਿਆਲਾ ਵਿੱਚ 19.6, ਪਠਾਨਕੋਟ ਵਿੱਚ 18, ਫਾਜ਼ਿਲਕਾ ਵਿੱਚ 22.5 ਐੱਮ ਐੱਮ, ਹੁਸ਼ਿਆਰਪੁਰ ਵਿੱਚ 11 ਐੱਮ ਐੱਮ, ਮੁਹਾਲੀ ਵਿੱਚ 21, ਪਠਾਨਕੋਟ ਵਿੱਚ 25.5, ਰੂਪਨਗਰ ਵਿੱਚ 21.5 ਐੱਮ ਐੱਮ ਅਤੇ ਫਿਰੋਜ਼ਪੁਰ ਵਿੱਚ 13.5 ਐੱਮ ਐੱਮ ਮੀਂਹ ਪਿਆ ਹੈ।

ਦੱਖਣੀ-ਪੱਛਮੀ ਮਾਨਸੂਨ ਅੱਗੇ ਵਧਣਾ ਸ਼ੁਰੂ ਹੋ ਗਿਆ ਹੈ। ਇਹ ਹੁਣ ਅਰਬ ਸਾਗਰ, ਲਕਸ਼ਦੀਪ ਅਤੇ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਤੱਕ ਪਹੁੰਚ ਗਿਆ ਹੈ। ਮਾਨਸੂਨ ਦੀ “ਮੁੱਖ ਲਾਈਨ” ਹੁਣ ਭਾਰਤ ਦੇ ਦੱਖਣੀ ਅਤੇ ਪੂਰਬੀ ਸਮੁੰਦਰੀ ਤੱਟ ਦੇ ਖੇਤਰਾਂ ਵਿੱਚ ਫੈਲ ਗਈ ਹੈ, ਜਿਸਦਾ ਅਰਥ ਹੈ ਕਿ ਮੀਂਹ ਵਾਲੀਆਂ ਹਵਾਵਾਂ ਹੌਲੀ-ਹੌਲੀ ਅੰਦਰ ਵੱਲ ਵਧ ਰਹੀਆਂ ਹਨ। ਅਗਲੇ 4-5 ਦਿਨਾਂ ਵਿੱਚ ਮਾਨਸੂਨ ਦੇ ਅੱਗੇ ਵਧਣ ਲਈ ਮੌਸਮ ਅਨੁਕੂਲ ਹੈ।

ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਅੱਜ ਧੂੜ ਭਰੀ ਹਨੇਰੀ ਚੱਲੀ। ਪੱਛਮੀ ਗੜਬੜੀ ਕਾਰਨ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੀਂਹ ਪਿਆ। ਇਸ ਨਾਲ ਪਿਛਲੇ ਕੁਝ ਦਿਨਾਂ ਤੋਂ ਖੇਤਰ ਵਿੱਚ ਪੈ ਰਹੀ ਤੇਜ਼ ਗਰਮੀ ਤੋਂ ਰਾਹਤ ਮਿਲੀ  ਹੈ।ਦਿੱਲੀ ਦੇ ਕੁਝ ਹਿੱਸਿਆਂ ਵਿੱਚ ਵੀ ਹਨੇਰੀ ਚੱਲੀ। ਮੌਸਮ ਵਿਭਾਗ ਨੇ ਕੌਮੀ ਰਾਜਧਾਨੀ ਵਿੱਚ ਮੀਂਹ, ਗੜੇਮਾਰੀ ਅਤੇ ਬਿਜਲੀ ਚਮਕਣ ਦੀ ਚਿਤਾਵਨੀ ਜਾਰੀ ਕੀਤੀ ਸੀ। ਪੱਛਮੀ ਗੜਬੜੀ ਕਾਰਨ ਮੌਸਮ ਤੇਜ਼ੀ ਨਾਲ ਬਦਲਿਆ ਹੈ। ਉੱਤਰ ਪ੍ਰਦੇਸ਼ ਵਿੱਚ ਵੀ ਮੀਂਹ ਨਾਲ ਪਾਰਾ ਡਿੱਗਿਆ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਉਧਰ, ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬੀਤੇ 24 ਘੰਟਿਆਂ ਵਿੱਚ ਮੀਂਹ ਅਤੇ ਗੜੇ ਪਏ। ਵਿਭਾਗ ਨੇ 31 ਮਈ ਨੂੰ ਕਿੰਨੌਰ ਅਤੇ ਲਾਹੌਲ-ਸਪਿਤੀ ਨੂੰ ਛੱਡ ਕੇ ਸਾਰੇ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ ’ਤੇ ਗੜੇਮਾਰੀ, ਗਰਜ, ਬਿਜਲੀ ਅਤੇ ਹਨੇਰੀ ਦੀ ਚੇਤਾਵਨੀ ਦਿੱਤੀ ਹੈ, ਨਾਲ ਹੀ 5 ਜੂਨ ਤੱਕ ਸੂਬੇ ਵਿੱਚ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ।

Share This Article
Leave a Comment