ਪਾਕਿ ਦੇ ਖਿਆਲਾ ਕਲਾਂ ‘ਚ ਪ੍ਰਕਾਸ਼ ਦਿਹਾੜੇ ਦਾ ਸੁਨੇਹਾ

Rajneet Kaur
2 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ,

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਉੱਪਰ ਪਾਕਿਸਤਾਨ ਦੇ ਫੈਸਲਾਬਾਦ ਜਿਲੇ ਦੇ ਪਿੰਡ ਖਿਆਲਾ ਕਲਾਂ ਵਿਚ ਵੀ ਮਾਨਵਤਾ ਦੇ ਦੀਪ ਜਗਣਗੇ । ਇਹ ਸੁਨੇਹਾ ਗੁਰਦੁਆਰਾ ਕਰਤਾਰਪੁਰ ਸਾਹਿਬ ਪਿੰਡ ਖਿਆਲਾ ਕਲਾਂ ਤੋਂ ਆਏ ਪਰਿਵਾਰਾਂ ਵੱਲੋਂ ਭਾਰਤੀ ਪੰਜਾਬ ਦੇ ਢੱਡਾ ਸਨੌਰ ਦੇ ਨਾਲ ਲਗਦੇ ਭੂੰਦੀਆਂ ਅਤੇ ਜੰਡੀਰ ਪਿੰਡਾਂ ਦੇ ਲੋਕਾਂ ਨੂੰ ਦਿੱਤਾ ਗਿਆ। ਅਸਲ ਵਿਚ ਪਾਕਿਸਤਾਨ ਦੇ ਨਿਸਾਰ ਅਲੀ ਦੇ ਦਾਦੇ ਪੜਦਾਦੇ ਪਿੰਡ ਢੱਡਾ ਸਨੌਰ ਰਹਿੰਦੇ ਸਨ। ਨਿਸਾਰ ਅਲੀ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਦਾਦੇ ਦੇ ਪਿੰਡਾਂ ਦੇ ਲੋਕ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਰਹੇ ਹਨ ਤਾਂ ਉਹ 350 ਕਿਲੋਮੀਟਰ ਦਾ ਸਫਰ ਤੈਅ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਆ ਗਏ। ਓਮ ਪ੍ਰਕਾਸ਼ ਸੈਣੀ ਆਪਣੇ ਪਰਿਵਾਰਾਂ ਨਾਲ ਦਰਸ਼ਨ ਕਰਨ ਆਏ ਸਨ। ਅਲੀ ਅਤੇ ਸੈਣੀ ਇੱਕ ਦੂਜੇ ਨੂੰ ਬਹੁਤ ਪਿਆਰ ਨਾਲ ਮਿਲੇ। ਦੋਹਾਂ ਦਾ ਪਿਆਰ ਆਪਣੇ ਰਿਸ਼ਤੇਦਾਰਾਂ ਨਾਲੋਂ ਵੀ ਵਧੇਰੇ ਸੀ। ਪਾਕਿਸਤਾਨ ਦਾ ਪਰਿਵਾਰ ਬੇਹੱਦ ਖੁਸ਼ ਸੀ ਕਿਉਂ ਜੋ ਦਾਦੇ ਦੇ ਪਿੰਡਾਂ ਤੌਂ ਆਏ ਪਰਿਵਾਰ ਮਿਲ ਗਏ ਸਨ। ਦਹਾਕੇ ਬੀਤ ਜਾਣ ਬਾਅਦ ਵੀ ਪਾਕਿਸਤਾਨ ਜਾਕੇ ਵਸੇ ਪੰਜਾਬੀਆਂ ਦਾ ਆਪਣੇ ਵੱਡਿਆਂ ਦੀ ਮਿੱਟੀ ਦਾ ਬਹੁਤ ਖਿੱਚ ਦਾ ਕਾਰਨ ਹੈ। ਇਸ ਲਈ 350 ਕਿਲੋਮੀਟਰ ਚੱਲ ਕੇ ਅਲੀ ਭਾਰਤ ਤੋਂ ਆਏ ਸੈਣੀ ਨੂੰ ਮਿਲਣ ਲਈ ਆ ਗਿਆ।

ਗੁਰਦੁਆਰਾ ਕਰਤਾਰਪੁਰ ਸਾਹਿਬ ਅਲੀ ਅਤੇ ਉਸ ਦੇ ਸਾਥੀਆਂ ਨੇ ਸੈਣੀ ਅਤੇ ਹੋਰਾਂ ਨੂੰ ਸੁਨੇਹਾ ਦਿੱਤਾ ਕਿ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਖਿਆਲਾ ਕਲਾਂ ਵਿਚ ਰਲਕੇ ਮਨਾਇਆ ਜਾਵੇਗਾ। ਉਸ ਦਿਨ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਦੀਪਮਾਲਾ ਕੀਤੀ ਜਾਵੇਗੀ। ਇਸ ਤਰਾਂ ਖਿਆਲਾ ਕਲਾਂ ਪਿੰਡ ਵੱਲੋਂ ਮਾਨਵਤਾ ਦਾ ਸੁਨੇਹਾ ਦਿੱਤਾ ਜਾਵੇਗਾ। ਬੇਸ਼ੱਕ ਦੋਹਾਂ ਮੁਲਕਾਂ ਵਿਚ ਨਫਰਤ ਦੀਆਂ ਬਹੁਤ ਹਨੇਰੀਆਂ ਚੱਲੀਆਂ ਪਰ ਅਜੇ ਵੀ ਪਾਕਿ ਦੇ ਖਿਆਲਾ ਪਿੰਡ ਦੇ ਲੋਕਾਂ ਨੇ ਬਾਬਾ ਨਾਨਕ ਦਾ ਮਾਨਵਤਾ ਦਾ ਸੁਨੇਹਾ ਸੰਭਾਲਕੇ ਰੱਖਿਆ ਹੈ ਅਤੇ ਪ੍ਰਕਾਸ਼ ਦਾ ਦੀਪਕ ਜਗਾਇਆ ਹੈ।

Share this Article
Leave a comment