ਰੋਡਵੇਜ਼ ਯੂਨੀਅਨਾਂ ਨਾਲ ਸਰਕਾਰ ਦੀ ਬੈਠਕ ਰਹੀ ਬੇਸਿੱਟਾ, ਹੜਤਾਲ ਰਹੇਗੀ ਜਾਰੀ

Rajneet Kaur
2 Min Read

ਚੰਡੀਗੜ੍ਹ: ਪਨਬਸ ਤੇ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਹੜਤਾਲ ਕੀਤੀ ਜਾ ਰਹੀ ਹੈ। ਅੱਜ ਪਨਬਸ ਤੇ ਰੋਡਵੇਜ਼ ਯੂਨੀਅਨ ਦੀ ਅਫਸਰਾਂ ਨਾਲ ਮੀਟਿੰਗ ਹੋਈ ਪਰ ਉਹ ਬੇਸਿੱਟਾ ਰਹੀ। ਇਕੱਠੇ 15 ਤਬਾਦਲਿਆਂ ਤੇ ਬਟਾਲਾ ਡਿਪੂ ਦੇ ਕੰਡਕਟਰ ਨੂੰ ਬਰਖ਼ਾਸਤ ਕੀਤੇ ਜਾਣ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਦੀ ਟਰਾਂਸਪੋਰਟ ਵਿਭਾਗ ਮੁੱਖ ਸਕੱਤਰ ਵਿਕਾਸ ਗਰਗ ਨਾਲ ਮੀਟਿੰਗ ‘ਚ ਕੋਈ ਸਿੱਟਾ ਨਹੀਂ ਨਿਕਲਿਆ ਹੈ। ਯੂਨੀਅਨ ਵੱਲੋੰ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ ਤੇ ਮੰਗਲਵਾਰ 15 ਨਵੰਬਰ ਨੂੰ ਮੁੱਖਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਦਾ ਫ਼ੈਸਲਾ ਕੀਤਾ ਗਿਆ ਹੈ। ਕੰਡਕਟਰ ਮਾਮਲੇ ‘ਚ ਤਿੰਨ ਦਿਨ ‘ਚ ਜਾਂਚ ਦਾ ਭਰੋਸਾ ਦਿੱਤਾ ਹੈ ਜਦਕਿ ਯੂਨੀਅਨ ਬਿਨਾਂ ਜਾਂਚ ਬਹਾਲੀ ਦੀ ਮੰਗ ‘ਤੇ ਅੜੀ ਹੈ। 12 ਦਸੰਬਰ ਨੂੰ ਦੁਬਾਰਾ ਬੈਠਕ ਹੋਵੇਗੀ।

ਯੂਨੀਅਨ ਵੱਲੋਂ ਪਿਛਲੇ 5 ਦਿਨਾਂ ਤੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਧਰਨਾ ਦਿੱਤਾ ਜਾ ਰਿਹਾ ਹੈ। ਯੂਨੀਅਨ ਦੀ ਮੰਗ ਹੈ ਕਿ ਬਟਾਲਾ ਡਿਪੂ ਦੇ ਕੰਡਕਟਰ ਦੀ ਨਾਜਾਇਜ਼ ਰਿਪੋਰਟ ਰੱਦ ਕੀਤੀ ਜਾਵੇ ਤੇ ਨਾਲ ਹੀ ਫਿਰੋਜ਼ਪੁਰ ਡਿਪੂ ਦੀਆਂ ਕੀਤੀਆਂ 15 ਕੰਡਕਟਰਾਂ ਦੀਆਂ ਬਦਲੀਆਂ ਰੱਦ ਕੀਤੀਆਂ ਜਾਣ ਤੇ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹ ਹੜਤਾਲ ਜਾਰੀ ਰੱਖਣਗੇ।

ਦਸ ਦਈਏ ਕਿ ਹੜਤਾਲ ਕਾਰਨ ਪੰਜਾਬ ਦੇ ਲਗਭਗ ਸਾਰੇ ਹੀ ਬੱਸ ਅੱਡੇ ਬੰਦ ਹਨ ਜਿਸ ਕਾਰਨ ਯਾਤਰੀਆਂ ਨੂੰ ਕਾਫੀ ਖੱਜਲ-ਖੁਆਰੀ ਹੋ ਰਹੀ ਹੈ।

Share this Article
Leave a comment