ਲੁਧਿਆਣਾ ਦੀ ਅਦਾਲਤ ਨੇ 6 ਸਾਲ ਪੁਰਾਣੇ ਕਤਲ ਕੇਸ ‘ਚ 15 ਦੋਸ਼ੀਆਂ ਨੂੰ ਸੁਣਾਈ ਉਮਰ ਕੈਦ ਦੀ ਸਜ਼ਾ

Rajneet Kaur
3 Min Read

ਲੁਧਿਆਣਾ: ਲੁਧਿਆਣਾ ਦੀ ਅਦਾਲਤ ਨੇ 6 ਸਾਲ ਪੁਰਾਣੇ ਕਤਲ ਕੇਸ ਵਿੱਚ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਿਨ੍ਹਾਂ ਵਿੱਚੋਂ ਪੰਜ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਹਨ। ਜਦੋਂਕਿ ਬਾਕੀ 10 ਦੋਸ਼ੀਆਂ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਦੇਰ ਰਾਤ ਮੈਡੀਕਲ ਜਾਂਚ ਲਈ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਇਨ੍ਹਾਂ ਦੋਸ਼ੀਆਂ ਉਪਰ ਦੋਸ਼ ਹੈ ਕਿ ਫੈਕਟਰੀ ਵਿੱਚ ਹਮਲਾ ਕਰਕੇ ਇਨ੍ਹਾਂ ਨੇ ਇੱਕ ਸ਼ਖਸ ਦਾ ਕਤਲ ਕਰ ਦਿੱਤਾ ਸੀ। ਲੰਬੀ ਸੁਣਵਾਈ ਤੋਂ ਬਾਅਦ ਅਦਾਲਤ ਨੇ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।

ਇਸ ਮੌਕੇ ਸੁਰੱਖਿਆ ਵਿੱਚ ਮੌਜੂਦ ਇੰਸਪੈਕਟਰ ਕੁਲਬੀਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਜੇਲ੍ਹ ਲਿਜਾਣ ਤੋਂ ਪਹਿਲਾਂ ਇਨ੍ਹਾਂ ਦਾ ਮੈਡੀਕਲ ਕਰਵਾਇਆ ਗਿਆ ਹੈ। ਵਧੀਕ ਸੈਸ਼ਨ ਜੱਜ ਹਰਬੰਸ ਸਿੰਘ ਲੇਖੀ ਦੀ ਅਦਾਲਤ ਨੇ ਅਕਤੂਬਰ 2017 ਨੂੰ ਇੱਕ ਕੇਸ ਵਿੱਚ 15 ਵਿਅਕਤੀਆਂ ਨੂੰ ਆਈਪੀਸੀ ਦੀ ਧਾਰਾ 302, 307, 452, 506, 324 ਅਤੇ 323 ਤਹਿਤ ਉਮਰ ਕੈਦ ਅਤੇ 20,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਢਾਬਾ ਖੇਤਰ ਦੇ ਰਹਿਣ ਵਾਲੇ ਪਰਮਿੰਦਰ ਸਿੰਘ ਨੇ ਅਕਤੂਬਰ 2017 ਵਿੱਚ ਕੇਸ ਦਰਜ ਕਰਵਾਇਆ ਸੀ ਜਿਸ ਵਿੱਚ ਉਸ ਨੇ ਆਪਣੇ ਭਰਾ ਦੇ ਕਤਲ ਦਾ ਦੋਸ਼ ਲਾਇਆ ਸੀ।

ਦੱਸ ਦਈਏ ਕਿ ਇਸ ਕੇਸ ਵਿੱਚ ਪਰਮਿੰਦਰ ਸਿੰਘ ਨੇ ਦੋਸ਼ ਲਾਇਆ ਸੀ ਕਿ ਸਾਹਿਬਜ਼ਾਦਾ ਫਤਿਹ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਭਾਊ ਉਰਫ ਵਿੱਕੀ, ਕੋਟ ਮੰਗਲ ਸਿੰਘ ਨਗਰ ਵਾਸੀ ਮਨੂ ਗਰਗ ਉਰਫ਼ ਮਨੂ ਤੇ ਵਿਸ਼ਾਲ ਸ਼ਰਮਾ, ਗੁਰਮੀਤ ਸਿੰਘ ਉਰਫ਼ ਚੀਮਾ ਵਾਸੀ ਹਰਚਰਨ ਸਿੰਘ ਨਗਰ, ਦੀਪਕ ਰਾਣਾ ਵਾਸੀ ਗੁਰੂ ਅੰਗਦ ਦੇਵ ਤੇ ਅਸ਼ੋਕ ਕੁਮਾਰ ਤੋਂ ਇਲਾਵਾ 8 ਹੋਰ ਵਿਅਕਤੀਆਂ ਨੇ ਉਨ੍ਹਾਂ ਦੀ ਫੈਕਟਰੀ ਵਿੱਚ ਹਮਲਾ ਕੀਤਾ ਸੀ। ਇਸ ਦੌਰਾਨ ਫੈਕਟਰੀ ਵਿੱਚ ਬੈਠੇ ਉਸ ਦੇ ਭਰਾ ਗੁਰਚਰਨ ਸਿੰਘ, ਛੋਟੇ ਭਰਾ ਗੁਰਪਾਲ ਸਿੰਘ, ਦੋਸਤ ਬਿੱਟੂ ਕੁਮਾਰ ਤੇ ਹਰਪ੍ਰੀਤ ਸਿੰਘ ਦੇ ਨਾਲ-ਨਾਲ ਕਮਲਜੀਤ ਸਿੰਘ ‘ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਉਸ ਦਾ ਭਰਾ ਗੁਰਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਦੀ ਅਗਲੇ ਦਿਨ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment