ਚੰਡੀਗੜ੍ਹ: ਪੰਜਾਬ ਵਿੱਚ ਆਖ਼ਿਰਕਾਰ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਅੱਜ ਚੰਡੀਗੜ੍ਹ, ਮੁਹਾਲੀ, ਪਠਾਨਕੋਟ, ਰੂਪਨਗਰ, ਪਟਿਆਲਾ, ਹੁਸ਼ਿਆਰਪੁਰ ਸਣੇ ਕਈ ਹੋਰ ਇਲਾਕਿਆਂ ਵਿੱਚ ਮੀਂਹ ਪੈਣ ਕਾਰਨ ਤਾਪਮਾਨ ਵਿੱਚ ਵੀ ਔਸਤਨ 4 ਤੋਂ 5 ਡਿਗਰੀ ਸੈਲਸੀਅਸ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ। ਦੂਜੇ ਪਾਸੇ ਮੌਸਮ ਵਿਗਿਆਨੀਆਂ ਨੇ ਪੰਜਾਬ ਵਿੱਚ 7 ਜੁਲਾਈ ਤੱਕ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਅਤੇ ਕਈ ਥਾਈਂ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ।
ਮੌਸਮ ਵਿਭਾਗ ਨੇ ਪੂਰੇ ਪੰਜਾਬ ਅਤੇ ਚੰਡੀਗੜ੍ਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਲੋਕਾਂ ਨੂੰ ਖ਼ਰਾਬ ਮੌਸਮ ਦੌਰਾਨ ਬੇਲੋੜੀ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਮੌਜੂਦਾ ਮੀਂਹ ਦਾ ਮੁੱਖ ਕਾਰਨ ਪਾਕਿਸਤਾਨ ਵੱਲੋਂ ਸਰਗਰਮ ਹੋਇਆ ਵੈਸਟਰਨ ਡਿਸਟਰਬੈਂਸ ਦੱਸਿਆ ਜਾ ਰਿਹਾ ਹੈ, ਜਿਸ ਨੇ ਮਾਨਸੂਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਹੈ।
ਸੂਬੇ ਵਿੱਚ ਮੀਂਹ ਦੀ ਆਮਦ ਨਾਲ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਪਿਛਲੇ ਦਿਨੀਂ ਗਰਮੀ ਕਾਰਨ ਝੋਨੇ ਦੇ ਖੇਤ ਸੁੱਕੇ ਪਏ ਸਨ, ਜਿਸ ਕਰ ਕੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੀਂਹ ਮਗਰੋਂ ਪਾਵਰਕੌਮ ਅਧਿਕਾਰੀਆਂ ਨੂੰ ਵੀ ਕੁੱਝ ਰਾਹਤ ਮਿਲੀ ਹੈ। ਪਿਛਲੇ ਦਿਨੀਂ ਪੰਜਾਬ ਵਿੱਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਵੀ ਟੱਪ ਗਈ ਸੀ ਪਰ ਅੱਜ ਮੌਸਮ ਮਿਜ਼ਾਜ ਬਦਲਣ ਮਗਰੋਂ ਬਿਜਲੀ ਦੀ ਮੰਗ ਘਟੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਚੰਡੀਗੜ੍ਹ ਵਿੱਚ 22 ਐੱਮ ਐੱਮ ਮੀਂਹ ਪਿਆ, ਜਦੋਂਕਿ ਪਠਾਨਕੋਟ ਵਿੱਚ 61.4 ਐੱਮ ਐੱਮ, ਹੁਸ਼ਿਆਰਪੁਰ ਵਿੱਚ 6.5 ਐੱਮ ਐੱਮ, ਮੁਹਾਲੀ ਵਿੱਚ 21 ਐੱਮ ਐੱਮ, ਰੂਪਨਗਰ ਵਿੱਚ 12.5 ਐੱਮ ਐੱਮ ਮੀਂਹ ਪਿਆ। ਇਸ ਤੋਂ ਇਲਾਵਾ ਪਟਿਆਲਾ, ਫ਼ਤਹਿਗੜ੍ਹ ਸਾਹਿਬ ਅਤੇ ਹੋਰ ਨੇੜਲੇ ਇਲਾਕਿਆਂ ਵਿੱਚ ਵੀ ਮੀਂਹ ਪਿਆ ਹੈ।

