ਚੰਡੀਗੜ੍ਹ :(ਦਰਸ਼ਨ ਸਿੰਘ ਖੋਖਰ ): ਈਕੋ ਸਿੱਖ ਨੇ ਇਕ ਵੱਡਾ ਉਪਰਾਲਾ ਕਰਦਿਆਂ ਪੰਜਾਬ ਨੂੰ ਹਰਾ ਭਰਾ ਬਣਾਉਣ ਦੀ ਪਿਰਤ ਪਾ ਦਿੱਤੀ ਹੈ । ਪਿਛਲੇ ਤਿੰਨ ਸਾਲਾਂ ਦੀ ਮਿਹਨਤ ਰੰਗ ਲਿਆਈ ਹੈ ਕਿ ਹੁਣ ਈਕੋ ਸਿੱਖ ਵੱਲੋਂ ਲਗਾਏ ਡੇਢ ਲੱਖ ਤੋਂ ਵੱਧ ਰੁੱਖ ਜਵਾਨ ਹੋ ਗਏ ਹਨ । ਜੋ 303 ਜੰਗਲਾਂ ਵਿੱਚ ਹਰਿਆਲੀ ਬਿਖੇਰ ਰਹੇ ਹਨ । ਇੱਥੋਂ ਤੱਕ ਕਿ ਇਸ ਸੰਸਥਾ ਨਾਲ ਜੁੜੇ ਨੌਜਵਾਨਾਂ ਨੇ ਆਪਣੇ ਵਿਆਹ ਅਤੇ ਮਿਲਣੀ ਮੌਕੇ ਵੀ ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਸੰਸਥਾ ਨਾਲ ਜੁੜੇ ਸਹਿਜਬੀਰ ਸਿੰਘ ਨੇ ਆਪਣੇ ਵਿਆਹ ਦੀ ਮਿਲਣੀ ਮੌਕੇ ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਗੁਰਪੁਰਬ ਨੂੰ ਸਮਰਪਤ ਸਾਢੇ ਪੰਜ ਸੌ ਪੌਦੇ ਖਰੜ ਦੇ ਨੇੜੇ ਲਗਾਏ ਹਨ। ਇਹ ਜਾਣਕਾਰੀ ਦਿੰਦਿਆਂ ਈਕੋ ਸਿੱਖ ਦੇ ਆਗੂ ਰਵਨੀਤ ਸਿੰਘ ਨੇ ਦੱਸਿਆ ਕਿ ਭਵਿੱਖ ਵਿੱਚ ਉਨ੍ਹਾਂ ਦਾ ਸਾਢੇ ਪੰਜ ਸੌ ਜੰਗਲ ਸਥਾਪਤ ਕਰਨ ਦਾ ਟੀਚਾ ਵੀ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਵਿਚ ਵਧੇਰੇ ਦਰੱਖਤ ਲਗਾਕੇ ਹੀ ਇੱਥੋਂ ਦੇ ਪੰਛੀਆਂ ਤੇ ਜਾਨਵਰਾਂ ਨੂੰ ਵੀ ਸੰਭਾਲਿਆ ਜਾ ਸਕਦਾ ਹੈ।