ਚੰਡੀਗੜ੍ਹ: ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਗੋਦ ਲਈ ਧੀ ਅਤੇ ਪੰਚਕੂਲਾ ‘ਚ ਦੰਗੇ ਭੜਕਾਉਣ ਦੀ ਦੋਸ਼ੀ ਹਨੀਪ੍ਰੀਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਹੈ। ਇਸ ਪਟੀਸ਼ਨ 'ਤੇ 1 ਮਈ ਨੂੰ ਸੁਣਵਾਈ ਹੋਵੇਗੀ। ਹਨੀਪ੍ਰੀਤ ਨੇ ਪਟੀਸ਼ਨ ‘ਚ ਦਲੀਲ ਦਿੱਤੀ ਹੈ ਕਿ ਪੰਚਕੂਲਾ ਹਿੰਸਾ ‘ਚ ਉਸ ਦੀ ਕੋਈ ਭੂਮਿਕਾ ਨਹੀਂ ਸੀ।
ਸਾਲ 2017 ਦੇ ਸੀਬੀਆਈ ਅਦਾਲਤ ਪੰਚਕੂਲਾ ਦੇ ਸੌਦਾ ਸਾਧ ਰਾਮ ਰਹੀਮ ਵਿਰੁੱਧ ਬਲਾਤਕਾਰ ਦੇ ਕੇਸ ‘ਚ ਸਜ਼ਾ ਬਾਰੇ ਫ਼ੈਸਲੇ ਤੋਂ ਪਹਿਲਾਂ ਵਾਪਰੀ ਹਿੰਸਾ ਦੇ ਮਾਮਲੇ ‘ਚ ਹਨੀਪ੍ਰੀਤ ਇੰਸਾ ਨੇ ਜ਼ਮਾਨਤ ਦੀ ਮੰਗ ਕੀਤੀ ਹੈ। ਪੰਚਕੂਲਾ ‘ਚ ਦੰਗੇ ਭੜਕਾਉਣ ਦੀ ਦੋਸ਼ੀ ਹਨੀਪ੍ਰੀਤ ਅਕਤੂਬਰ 2017 ‘ਚ ਆਤਮ ਸਮਰਪਣ ਕਰਨ ਵਾਲੀ ਸੌਦਾ ਸਾਧ ਦੀ ਕਰੀਬੀ ਉਦੋਂ ਤੋਂ ਹੀ ਅੰਬਾਲਾ ਜੇਲ ‘ਚ ਬੰਦ ਹੈ।
ਹਨੀਪ੍ਰੀਤ ਨੇ ਆਪਣੀ ਅਰਜ਼ੀ ਵਿੱਚ ਕਿਹਾ ਹੈ ਕਿ ਉਸ ਨੇ ਅਕਤੂਬਰ 2017 ਵਿੱਚ ਆਤਮ ਸਮਰਪਣ ਕਰ ਦਿੱਤਾ ਸੀ ਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਬੰਦ ਹੈ। ਪੰਚਕੂਲਾ ਹਿੰਸਾ ਮਾਮਲੇ ਵਿੱਚ ਕਈ ਮੁਲਜ਼ਮਾਂ ਦੀਆਂ ਜ਼ਮਾਨਤਾਂ ਹੋ ਗਈਆਂ ਹਨ। ਹੁਣ ਹਨੀਪ੍ਰੀਤ ਵੀ ਅੰਬਾਲਾ ਜੇਲ੍ਹ ‘ਚੋਂ ਬਾਹਰ ਆਉਣਾ ਚਾਹੁੰਦੀ ਹੈ।