Home / ਓਪੀਨੀਅਨ / ਜੱਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ; ਅਸਲ ਦਿੱਖ ਨਾਲ ਛੇੜਖਾਨੀ

ਜੱਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ; ਅਸਲ ਦਿੱਖ ਨਾਲ ਛੇੜਖਾਨੀ

-ਅਵਤਾਰ ਸਿੰਘ;

ਅੰਮ੍ਰਿਤਸਰ ਵਿੱਚ ਸ੍ਰੀ ਹਰਿਮੰਦਰ ਸਾਹਿਬ ਵੱਲ ਜਾਂਦਿਆਂ ਰਾਹ ਵਿੱਚ ਖੱਬੇ ਪਾਸੇ ਇਕ ਛੋਟੀ ਜਿਹੀ ਗਲੀ ‘ਚੋਂ ਗੁਜਰ ਕੇ ਕੁਝ ਗਜ਼ ਅੱਗੇ ਜਾ ਕੇ ਬਹੁਤ ਵੱਡਾ ਇਤਿਹਾਸਕ ਸਥਾਨ ਹੈ ਜੱਲ੍ਹਿਆਂਵਾਲਾ ਬਾਗ। ਇਥੇ ਆਪਣਾ ਹੱਕ ਮੰਗਦੇ ਇਨਕਲਾਬੀ ਨਿਹੱਥਿਆਂ ਦਾ ਖੂਨ ਡੁੱਲ੍ਹਿਆ। ਉਨ੍ਹਾਂ ਉਪਰ ਚੱਲੀ ਨਾਜਾਇਜ਼ ਗੋਲੀ ਅੱਜ ਵੀ ਸੀਨੇ ਵਿਚੋਂ ਨਹੀਂ ਨਿਕਲੀ। ਉਥੇ ਉਹ ਇਤਿਹਾਸਿਕ ਖੂਹ ਵੀ ਮੌਜੂਦ ਹੈ ਜਿਸ ਨੂੰ ਸਮੇਂ ਦੇ ਹਾਕਮ ਜ਼ਾਲਿਮਾਂ ਨੇ ਲਾਸ਼ਾਂ ਨਾਲ ਭਰ ਦਿੱਤਾ ਸੀ। ਇਸ ਸਾਕੇ ਦੀ ਗਾਥਾ ਪੜ੍ਹਦਿਆਂ/ਸੁਣਦਿਆਂ ਲੂੰ ਕੰਡੇ ਖੜੇ ਹੋ ਜਾਂਦੇ ਹਨ। ਅੱਖਾਂ ‘ਚੋਂ ਨੀਰ ਵਗਦਾ, ਸਰੀਰ ਨੂੰ ਅਜੀਬ ਕੰਬਣੀ ਛੁੱਟਦੀ ਤੇ ਮਨ ਉਪਰ ਬੋਝ ਵਧਣਾ ਸ਼ੁਰੂ ਹੋ ਜਾਂਦਾ। ਅੰਗਰੇਜ਼ ਹਾਕਮ ਵਲੋਂ ਦਿੱਤਾ ਗੋਲੀ ਚਲਾਉਣ ਦਾ ਹੁਕਮ ਉਸ ਘਟਨਾ ਵਿੱਚ ਮਾਰੇ ਗਏ ਲੋਕਾਂ ਦੀਆਂ ਲੋਥਾਂ ਦਾ ਦ੍ਰਿਸ਼ ਹਰੇਕ ਦੀਆਂ ਅੱਖਾਂ ਅੱਗੇ ਆ ਜਾਂਦਾ ਹੈ। ਭਾਰਤ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਇਸ ਸਥਾਨ ਨੂੰ ਇਤਿਹਾਸਿਕ ਐਲਾਨ ਕੇ ਇਸ ਦਾ ਸਰੂਪ ਉਸੇ ਤਰ੍ਹਾਂ ਰੱਖਿਆ ਗਿਆ ਸੀ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਉਸ ਘਟਨਾ ਨੂੰ ਆਪਣੇ ਜ਼ਿਹਨ ਵਿੱਚ ਰੱਖਣ ਕਿ ਇਸ ਧਰਤੀ ਉਪਰ ਕਿ ਕੁਝ ਵਾਪਰਿਆ। ਇਹ ਆਮ ਸਥਾਨ ਨਹੀਂ। ਇਹ ਸਥਾਨ ਬੇਕਸੂਰਾਂ ਦੇ ਡੁੱਲ੍ਹੇ ਖੂਨ ਦੀਆਂ ਕੁਰਬਾਨੀਆਂ ਸਮੋਈ ਬੈਠਾ ਹੈ। ਇਹ ਆਮ ਮਨੋਰੰਜਨ ਵਾਲਾ ਸਥਾਨ ਨਹੀਂ ਹੈ। ਇਥੇ ਹਰ ਸੈਲਾਨੀ, ਦੇਸ਼ ਵਾਸੀ ਦਾ ਸਿਰ ਝੁਕਦਾ। ਇਸ ਨੂੰ ਹਰੇਕ ਸਿਜਦਾ ਕਰਦਾ। ਜੇਕਰ ਸਮੇਂ ਦੀਆਂ ਸਰਕਾਰਾਂ ਇਸ ਦਾ ਅਸਲੀ ਸਰੂਪ ਤੇ ਇਸ ਦੀ ਇਤਿਹਾਸਿਕ ਦਿੱਖ ਬਦਲ ਕੇ ਆਮ ਲੋਕਾਂ ਲਈ ਘੁੰਮਣ ਫਿਰਨ ਵਾਲੀ ਥਾਂ ਬਣਾ ਦੇਵੇ ਤਾਂ ਉਨ੍ਹਾਂ ਲੋਕਾਂ ਦਾ ਹਿਰਦਾ ਵਲੂੰਧਰਿਆ ਜਾਵੇਗਾ ਜਿਨ੍ਹਾਂ ਦੀਆਂ ਅੱਖਾਂ ਅੱਗੇ ਇਹ ਸਾਰਾ ਇਤਿਹਾਸ ਘੁੰਮ ਰਿਹਾ ਹੈ। ਜੱਲ੍ਹਿਆਂਵਾਲਾ ਬਾਗ ‘ਚ ਨਵੀਨੀਕਰਨ ਦੇ ਕੰਮ ਦੌਰਾਨ ਇਸ ਦੇ ਮੂਲ ਸਰੂਪ ਨਾਲ ਕੀਤੀ ਗਈ ਛੇੜਛਾੜ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ।

ਹਾਲ ਹੀ ਵਿੱਚ ਇਸ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਕੰਮ ਦੌਰਾਨ ਮੂਲ ਸਰੂਪ ਨਾਲ ਕੀਤੀ ਗਈ ਛੇੜਛਾੜ ਦੇ ਰੋਸ ਵਜੋਂ ਇਕ ਵਿਵਾਦ ਤੇਜ਼ ਹੋ ਗਿਆ ਹੈ। ਮੰਗਲਵਾਰ ਨੂੰ ਜਨਤਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਸਿਆਸੀ ਜਥੇਬੰਦੀਆਂ ਅਤੇ ਸ਼ਹੀਦ ਪਰਿਵਾਰਾਂ ਦੇ ਮੈਂਬਰਾਂ ਨੇ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕੀਤਾ। ਉਹ ਮੰਗ ਕਰ ਰਹੇ ਕਿ ਇਸ ਦੇ ਮੂਲ ਸਰੂਪ ਵਿੱਚ ਕੀਤੇ ਗਏ ਬਦਲਾਅ ਨੂੰ ਰੱਦ ਕਰ ਕੇ ਇਸ ਨੂੰ ਪੁਰਾਤਨ ਸਰੂਪ ਦਿੱਤਾ ਜਾਵੇ। ਦੇਸ਼ ਭਗਤ ਯਾਦਗਾਰ ਕਮੇਟੀ ਤੇ ਹੋਰ ਜਥੇਬੰਦੀਆਂ ਦੇ ਸੱਦੇ ਤਹਿਤ ਇੱਥੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਜਿਨ੍ਹਾਂ ਨੇ ਹੈਰੀਟੇਜ ਸਟਰੀਟ ‘ਚ ਜੱਲ੍ਹਿਆਂਵਾਲਾ ਬਾਗ ਤੱਕ ਮਾਰਚ ਕੀਤਾ। ਪੁਲੀਸ ਨੇ ਬੈਰੀਕੇਡ ਲਾ ਕੇ ਇਨ੍ਹਾਂ ਨੂੰ ਅੱਗੇ ਜਾਣ ਤੋਂ ਤਾਂ ਰੋਕ ਦਿੱਤਾ ਪਰ ਬਾਅਦ ਵਿੱਚ ਉਹ ਉਥੇ ਹੀ ਧਰਨੇ ’ਤੇ ਬੈਠ ਗਏ। ਪ੍ਰਸ਼ਾਸ਼ਨ ਵੱਲੋਂ ਜੱਲ੍ਹਿਆਂਵਾਲਾ ਬਾਗ ਹੱਦ ਅੰਦਰ ਧਾਰਾ 144 ਲਗਾਈ ਗਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਜੱਲ੍ਹਿਆਂਵਾਲਾ ਬਾਗ ਸ਼ਹੀਦ ਪਰਿਵਾਰਾਂ ਦੀ ਜਥੇਬੰਦੀ ਫਰੀਡਮ ਫਾਈਟਰਜ਼ ਫਾਊਂਡੇਸ਼ਨ ਦੇ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਲੋਕਾਂ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਇਸ ਥਾਂ ‘ਤੇ ਜਨਰਲ ਡਾਇਰ ਘੁੰਮ ਰਹੇ ਹਨ। ਸੀਪੀਆਈ ਨੇਤਾ ਅਮਰਜੀਤ ਸਿੰਘ ਆਸਲ ਦਾ ਕਹਿਣਾ ਕਿ ਜਦ ਤੱਕ ਇਹ ਬਦਲਾਅ ਰੱਦ ਨਹੀਂ ਹੁੰਦੇ ਅਤੇ ਪੁਰਾਤਨ ਸਰੂਪ ਬਹਾਲ ਨਹੀਂ ਕੀਤਾ ਜਾਂਦਾ ਇਹ ਅੰਦੋਲਨ ਜਾਰੀ ਰਹੇਗਾ।

ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਅਨੁਸਾਰ ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਵੀ ਜੱਲ੍ਹਿਆਂਵਾਲਾ ਬਾਗ ਦੇ ਇਤਿਹਾਸ ਨਾਲ ਛੇੜਛਾੜ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਨੇ ਯਾਦਗਾਰ ਵਾਲੀ ਥਾਂ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਨਵੀਨੀਕਰਨ ਦੌਰਾਨ ਇਸ ਦੇ ਅਸਲ ਦਿੱਖ ਨਾਲ ਛੇੜਖਾਨੀ ਕੀਤੀ ਗਈ ਹੈ। ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਨੂੰ ਬਹਾਲ ਕੀਤਾ ਜਾਵੇ। ਪ੍ਰਵੇਸ਼ ਦੁਆਰ ਵਾਲੀ ਤੰਗ ਗਲੀ ਵਿੱਚ ਤਸਵੀਰਾਂ ਲਾ ਕੇ ਸ਼ਹੀਦੀ ਯਾਦਗਾਰ ਦੀ ਅਸਲ ਭਾਵਨਾ ਨੂੰ ਹੀ ਖ਼ਤਮ ਕਰ ਦਿੱਤਾ ਹੈ।

ਪ੍ਰੋ. ਚਾਵਲਾ ਨੇ ਇਲਜ਼ਾਮ ਲਾਇਆ ਕਿ ਤਸਵੀਰਾਂ ਦੇਖਣ ਮਗਰੋਂ ਇਸ ਤਰ੍ਹਾਂ ਲਗਦਾ ਜਿਵੇਂ 13 ਅਪਰੈਲ, 1919 ਨੂੰ ਇੱਥੇ ਲੋਕ ਹੱਸਦੇ ਗਾਉਂਦੇ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਆਏ ਸਨ ਨਾ ਕਿ ਅੰਗਰੇਜ਼ ਹਾਕਮਾਂ ਖ਼ਿਲਾਫ਼ ਕੀਤੇ ਗਏ ਜਲਸੇ ਵਿੱਚ ਸ਼ਾਮਲ ਹੋਣ ਲਈ ਪੁੱਜੇ ਸਨ। ਅੰਗਰੇਜ਼ ਹਾਕਮ ਜਨਰਲ ਡਾਇਰ ਨੇ ਜਿਸ ਥਾਂ ਤੋਂ ਗੋਲੀ ਚਲਾਈ ਉਥੇ ਨਿਸ਼ਾਨੀ ਵਜੋਂ ਇਕ ਪਿੱਲਰ ਹੁੰਦਾ ਸੀ ਜੋ ਹਟਾ ਦਿੱਤਾ ਗਿਆ। ਸ਼ਹੀਦੀ ਖੂਹ ਜਿਸ ਵਿੱਚ ਸੈਂਕੜੇ ਲੋਕਾਂ ਨੇ ਜਾਨਾਂ ਬਚਾਉਣ ਲਈ ਛਾਲਾਂ ਮਾਰ ਕੇ ਮੌਤ ਦੇ ਮੂੰਹ ਚਲੇ ਗਏ, ਦੀ ਵੀ ਅਸਲ ਦਿੱਖ ਬਦਲ ਦਿੱਤੀ ਹੈ। ਸ਼ਹੀਦੀ ਖੂਹ ਨਵੇਂ ਸਰੂਪ ਵਿੱਚ ਇਸ ਤਰ੍ਹਾਂ ਜਾਪਦਾ ਜਿਵੇਂ ਸ਼ੀਸ਼ੇ ਦਾ ਇਕ ਬਕਸਾ ਹੋਵੇ। ਅਮਰ ਜੋਤੀ ਦਾ ਸਥਾਨ ਵੀ ਬਦਲ ਦਿੱਤਾ ਗਿਆ। ਇਸ ਨੂੰ ਗੁਸਲਖਾਨਿਆਂ ਦੇ ਨੇੜੇ ਕਰ ਦਿੱਤਾ ਗਿਆ ਹੈ।

ਇਹ ਸਾਰਾ ਕੁਝ ਦੇਖ ਕੇ ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸੀਨੀਅਰ ਆਗੂ ਬੀਬੀ ਚਾਵਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਜੱਲ੍ਹਿਆਂਵਾਲਾ ਬਾਗ ਯਾਦਗਾਰ ਕਮੇਟੀ ਨੂੰ ਹਦਾਇਤ ਕਰਨ ਤਾਂ ਜੋ ਇਸ ਦਾ ਪੁਰਾਤਨ ਸਰੂਪ ਬਹਾਲ ਕੀਤਾ ਜਾ ਸਕੇ। ਇਥੇ ਲੱਗੀਆਂ ਟਿਕਟਾਂ ਦੀਆਂ ਮਸ਼ੀਨਾਂ ਬਾਰੇ ਇਸ ਤਰ੍ਹਾਂ ਲਗਦਾ ਕਿ ਸ਼ਹੀਦੀ ਯਾਦਗਾਰ ਨੂੰ ਦੇਖਣ ਲਈ ਦਾਖ਼ਲਾ ਟਿਕਟ ਲੱਗੇਗੀ ਜੇ ਅਜਿਹਾ ਕੀਤਾ ਜਾਂਦਾ ਤਾਂ ਇਹ ਨਿੰਦਣਯੋਗ ਹੈ।

ਉਧਰ ਭਾਜਪਾ ਆਗੂ ਅਤੇ ਟਰੱਸਟ ਦੇ ਮੈਂਬਰ ਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਜੇ ਪ੍ਰੋ. ਚਾਵਲਾ ਜੱਲ੍ਹਿਆਂਵਾਲਾ ਬਾਗ ਦੇ ਨਵੀਨੀਕਰਨ ’ਤੇ ਖ਼ਰਚ ਹੋਈ ਰਕਮ ਦਾ ਹਿਸਾਬ ਚਾਹੁੰਦੇ ਤਾਂ ਉਹ ਕੇਂਦਰੀ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਨੂੰ ਪੱਤਰ ਲਿਖਣ। ਉਨ੍ਹਾਂ ਦਾਅਵਾ ਕੀਤਾ ਕਿ ਸ਼ਹੀਦੀ ਯਾਦਗਾਰ ਦੀ ਪੁਰਾਤਨ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ।

ਇਤਿਹਾਸਕ ਸਥਾਨਾਂ ਦੀ ਅਸਲ ਦਿੱਖ ਬਦਲਣਾ ਸਮੇਂ ਦੀ ਸਰਕਾਰ ਦੀ ਬਹੁਤ ਵੱਡੀ ਗਲਤੀ ਹੈ। ਸਰਕਾਰਾਂ ਨੂੰ ਇਸ ਦਾ ਵਿਰੋਧ ਹੋਣ ਤੋਂ ਪਹਿਲਾਂ ਹੀ ਸੋਚ ਵਿਚਾਰ ਕੇ ਕਦਮ ਪੁੱਟਣਾ ਚਾਹੀਦਾ ਹੈ। ਇਤਿਹਾਸਕ ਜੱਲ੍ਹਿਆਂਵਾਲਾ ਬਾਗ ਵਿੱਚ ਕੀਤੀ ਗਈ ਤਬਦੀਲੀ ਨੂੰ ਸਹੀ ਕੀਤੀ ਜਾਣੀ ਚਾਹੀਦੀ ਹੈ।

Check Also

ਚੋਣਾਂ ਜਿੱਤਣ ਲਈ ਮੁੱਖ ਮੰਤਰੀ ਚਿਹਰੇ ਐਲਾਨਣਾ ਲੋਕਤੰਤਰੀ ਕਦਰਾਂ-ਕੀਮਤਾਂ ਦਾ ਘਾਣ

-ਗੁਰਮੀਤ ਸਿੰਘ ਪਲਾਹੀ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 4.30 ਵਜੇ ਪੰਜਾਬ …

Leave a Reply

Your email address will not be published. Required fields are marked *