ਸ਼੍ਰੋਮਣੀ ਗੁਰੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਹਾਊਸ ਸੁਖਬੀਰ ਲਈ ਵੱਡੀ ਚੁਣੌਤੀ

Rajneet Kaur
4 Min Read

ਜਗਤਾਰ ਸਿੰਘ ਸਿੱਧੂ
ਮੈਨੇਜਿੰਗ ਐਡੀਟਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆ ਰਿਹਾ ਜਨਰਲ ਇਜਲਾਸ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਵੱਡੀ ਚੁਣੌਤੀ ਬਣਕੇ ਸਾਹਮਣੇ ਆ ਰਿਹਾ ਹੈ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇ ਰਹੀ ਹੈ। ਉਨ੍ਹਾਂ ਨੇ ਆਪਣੀ ਦਲੀਲ ਨੂੰ ਸਹੀ ਸਾਬਿਤ ਕਰਨ ਲਈ ਦਿੱਲੀ ਗੁਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਦੀ ਨਵੀਂ ਬਣੀ ਗੁਰੁਦੁਆਰਾ ਪ੍ਰਬੰਧਕ ਕਮੇਟੀ ਦੀਆਂ ਮਿਸਾਲਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਦੋਹਾਂ ਸੰਸਥਾਵਾਂ ‘ਚ ਭਾਜਪਾ ਵਲੋਂ ਸਿੱਧੇ ਤੌਰ ‘ਤੇ ਦਖਲ ਦੇ ਕੇ ਆਪਣੇ ਹਮਾਇਤੀਆਂ ਦੇ ਕਬਜ਼ੇ ਕਰਵਾਏ ਗਏ ਹਨ।ਕੇਵਲ ਇਨ੍ਹਾਂ ਹੀ ਨਹੀਂ ਸਗੋਂ ਅਕਾਲੀ ਆਗੂਆਂ ਵਲੋਂ ਸੁਖਦੇਵ ਸਿੰਘ ਢੀਂਡਸਾ, ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਕਈ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਦੇ ਨਾਂ ਵੀ ਲਏ ਜਾ ਰਹੇ ਹਨ। ਇਹ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਆਗੁਆਂ ਦੇ ਸਬੰਧ ਭਾਜਪਾ ਨਾਲ ਹਨ ਅਤੇ ਇਹ ਸਾਰੇ ਬੀਬੀ ਜਗੀਰ ਕੌਰ ਦੀ ਤਾਰੀਫ਼ ਕਰ ਰਹੇ ਹਨ।

ਬੀਬੀ ਜਗੀਰ ਕੌਰ ਲਗਾਤਾਰ ਇਹ ਆਖ ਰਹੇ ਹਨ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਜਨਰਲ ਹਾਊਸ ਵਲੋਂ ਲਿਫ਼ਾਫਾ ਕਲਚਰ ਰਾਹੀਂ ਪ੍ਰਧਾਨ ਚੁਣੇ ਜਾਣ ਦੀ ਧਾਰਨਾ ਨੂੰ ਰੱਦ ਕਰਨ ਦੀ ਲੜਾਈ ਲੜ ਰਹੇ ਹਨ।ਉਨ੍ਹਾਂ ਨੇ ਇਥੋਂ ਤੱਕ ਕਿਹਾ ਕਿ ਬੇਸ਼ੱਕ ਉਹ ਚਾਰ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਪ੍ਰਧਾਨ ਰਹਿ ਚੁੱਕੇ ਹਨ ਪਰ ਉਨ੍ਹਾਂ ਨੂੰ ਵੀ ਕੁਝ ਘੰਟੇ ਪਹਿਲਾਂ ਹੀ ਪ੍ਰਧਾਨਗੀ ਲਈ ਉਮੀਦਵਾਰ ਹੋਣ ਦੀ ਜਾਣਕਾਰੀ ਦਿੱਤੀ ਜਾਂਦੀ ਸੀ।ਮੌਜੂਦਾ ਪ੍ਰਸਿਥੀਤੀਆਂ ‘ਚ ਜਦੋਂ ਬੀਬੀ ਜਗੀਰ ਕੌਰ ਲਿਫ਼ਾਫਾ ਕਲਚਰ ਦੀ ਗੱਲ ਕਰਦੇ ਹਨ ਤਾਂ ਸਿੱਧੇ ਤੌਰ ਤੇ ਇਹ ਦੋਸ਼ ਬਾਦਲਾਂ ਦੀ ਲੀਡਰਸ਼ਿਪ ਨੂੰ ਜਾਂਦਾ ਹੈ।ਬੇਸ਼ੱਕ ਅਜੇ ਤੱਕ ਅਕਾਲੀਦਲ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਧਾਮੀ ਦਾ ਵੀ ਨਾਂ ਨਹੀਂ ਐਲਾਨਿਆ ਗਿਆ ਪਰ ਪਾਰਟੀ ਹਲਕਿਆ ਦਾ ਕਹਿਣਾ ਹੈ ਕਿ ਇਸ ਬਾਰੇ ਇਕ ਅਦ ਦਿਨ ‘ਚ ਹੀ ਫੈਸਲਾ ਹੋਣ ਜਾ ਰਿਹਾ ਹੈ।ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਜੇਕਰ ਅਕਾਲੀਦਲ ਨੇ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਲਈ ਉਮੀਦਵਾਰ ਨਾ ਬਣਾਇਆ ਤਾਂ ਬੀਬੀ ਜਗੀਰ ਕੌਰ ਵਲੋਂ ਚੌਣ ਲੜੇ ਜਾਣ ਦੀ ਸੂਰਤ ‘ਚ ਅਕਾਲੀਦਲ ਉਸ ਵਿਰੁੱਧ ਅਨੁਸ਼ਾਸ਼ਨੀ ਕਾਰਵਾਈ ਕਰੇਗਾ? ਹਾਲਾਂਕਿ ਭਾਜਪਾ ਇਹ ਵਾਰ-ਵਾਰ ਆਖ ਰਹੀ ਹੈ ਕਿ ਬੀਬੀ ਜਗੀਰ ਕੌਰ ਨੂੰ ਪ੍ਰਧਾਨਗੀ ਦੀ ਚੌਣ ਲਈ ਹੱਲਾਸ਼ੇਰੀ ਦੇਣ ‘ਚ ਪਾਰਟੀ ਦਾ ਕੋਈ ਹੱਥ ਨਹੀਂ ਹੈ ਪਰ ਅਕਾਲੀਦਲ ਵਲੋਂ ਭਾਜਪਾ ਦੀ ਇਸ ਦਲੀਲ ਨੂੰ ਰੱਦ ਕੀਤਾ ਜਾ ਰਿਹਾ ਹੈ।ਇਹ ਵੀ ਸਪਸ਼ਟ ਸੰਕੇਤ ਹੈ ਕਿ ਅਕਾਲੀਦਲ ਬੀਬੀ ਜਗੀਰ ਕੌਰ ਵਿਰੁਧ ਕਾਰਵਾਈ ਕਰਨ ਦੀ ਤਿਆਰੀ ਵਿੱਚ ਹੈ।ਜੇਕਰ ਅਜਿਹੀ ਹਾਲਤ ਪੈਦਾ ਹੁੰਦੀ ਤਾਂ ਅਕਾਲੀਦਲ ਲਈ ਆਉਣ ਵਾਲੇ ਦਿਨਾਂ ‘ਚ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ।ਅਕਾਲੀਦਲ ਪੰਜਾਬ ਦੇ ਰਾਜਸੀ ਸੀਨ ਤੋਂ ਪਹਿਲਾਂ ਹੀ ਹੇਠਾਂ ਜਾ ਚੁੱਕਾ ਹੈ ਅਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਪਰ ਕਬਜ਼ਾ ਬਣਾਈ ਰਖਣਾ ਅਕਾਲੀਦਲ ਲਈ ਆਪਣੀ ਹੋਂਦ ਬਚਾਉਣ ਦੀ ਲੜਾਈ ਲੜਣ ਦੇ ਬਰਾਬਰ ਹੈ।ਇਸੇ ਲਈ ਅਕਾਲੀਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਕੁਝ ਦਿਨ੍ਹਾਂ ਤੋਂ ਮਾਲਵਾ, ਮਾਝਾ ਅਤੇ ਦੁਆਬਾ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨਾਲ ਮੀਟਿੰਗਾਂ ਕਰ ਰਹੇ ਹਨ।ਹਾਲਾਂਕਿ ਪਾਰਟੀ ਨੂੰ ਵੱਡਾ ਭਰੋਸਾ ਹੈ ਕਿ ਮੌਜੂਦਾ ਜਨਰਲ ਹਾਊਸ ‘ਚ ਪਾਰਟੀ ਵਲੋਂ ਖੜੇ ਕੀਤੇ ਜਾਣ ਵਾਲੇ ਪ੍ਰਧਾਨ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਇਸ ਦੇ ਬਾਵਜੂਦ ਅਕਾਲੀਦਲ ਅੰਦਰ ਇਸ ਮੁੱਦੇ ਨੂੰ ਲੈ ਕੇ ਤਕੜੀ ਬੇਚੈਨੀ ਪਾਈ ਜਾ ਰਹੀ ਹੈ।ਜੇਕਰ ਦੇਖਿਆ ਜਾਵੇ ਤਾਂ ਸੀਨੀਅਰ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਪਿੱਛੇ ਹੱਟਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਨੂੰ ਲੈ ਕੇ ਇਹ ਪਹਿਲੀ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਤਰ੍ਹਾਂ 9 ਨਵੰਬਰ ਨੂੰ ਹੋਣ ਜਾ ਰਹੇ ਜਨਰਲ ਹਾਊਸ ਦੇ ਫਤਵੇ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਮੋਬਾਈਲ ਨੰ. – 98140-02186

- Advertisement -

Share this Article
Leave a comment