Breaking News

ਅਮਰੀਕੀ ਫ਼ੌਜ ਦਾ ਪਹਿਲਾ ਸਿੱਖ ਕਰਨਲ ਡਾ. ਅਰਜਿੰਦਰਪਾਲ ਸਿੰਘ ਸੇਖੋਂ

-ਡਾ. ਚਰਨਜੀਤ ਸਿੰਘ ਗੁਮਟਾਲਾ

ਡਾ. ਅਰਜਿੰਦਰਪਾਲ ਸਿੰਘ ਸੇਖੋਂ ਪਿਛਲੇ ਦਿਨੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ। ਪੇਸ਼ ਹੈ ਉਨ੍ਹਾਂ ਨਮਿਤ ਇਕ ਸ਼ਰਧਾਂਜ਼ਲੀ ਲੇਖ।
ਅਮਰੀਕਾ ਦੇ ਪ੍ਰਸਿੱਧ ਸ਼ਹਿਰ ਯੂਬਾ ਸਿਟੀ ਦਾ ਨਿਵਾਸੀ ਡਾ. ਅਰਜਿੰਦਰ ਪਾਲ ਸਿੰਘ ਸੇਖੋਂ ਸੰਨ 1982 ਵਿੱਚ ਅਮਰੀਕੀ ਫ਼ੌਜ ਵਿੱਚ ਭਰਤੀ ਹੋਇਆ ਸੀ। ਉਹ ਪਹਿਲਾ ਭਾਰਤੀ ਡਾਕਟਰ ਸਿੱਖ ਹੈ ਜੋ ਅਮਰੀਕੀ ਫ਼ੌਜ ਵਿੱਚ ਕਰਨਲ ਰੈਂਕ ਤਕ ਅਪੜਿਆ ਤੇ 25 ਸਾਲ ਦੀ ਨੌਕਰੀ ਪਿੱਛੋਂ ਸੇਵਾਮੁਕਤ ਹੋਇਆ । ਅਮਰੀਕਾ ਵਿੱਚ ਉਹ ਕਰਨਲ ਸੇਖੋਂ ਦੇ ਨਾਂ ਨਾਲ ਮਸ਼ਹੂਰ ਹੈ। ਉਹ ਪਹਿਲਾ ਭਾਰਤੀ ਸਿੱਖ ਹੈ ਜਿਸ ਨੂੰ 6 ਵਾਰ ਵੱਖ-ਵੱਖ 5 ਬਟਾਲੀਅਨਾਂ ਅਤੇ ਇੱਕ ਵਿਸ਼ੇਸ਼ ਆਪਰੇਸ਼ਨ ਬ੍ਰਿਗੇਡ ਦੀ ਕਮਾਂਡ ਕਰਨ ਲਈ ਚੁਣਿਆ ਗਿਆ। ਉਸ ਨੇ ਸਾਲ 1991 ਵਿੱਚ ਪਰਸ਼ੀਅਨ ਗਲਫ਼ ਵਾਰ ਤੇ ਬਾਅਦ ਵਿੱਚ ਸਾਲ 2003 ਵਿੱਚ ਇਰਾਕ ਅਤੇ ਅਫ਼ਗਾਨਿਸਤਾਨ ਦੀ ਲੜਾਈ ਵਿੱਚ ਭਾਗ ਲਿਆ। ਉਸ ਨੂੰ ਪ੍ਰੈਸੀਡੈਂਟ ਯੂਨਿਟ ਸਾਈਟੇਸ਼ਨ, ਜੁਆਇੰਟ ਮੈਰੀਟੋਰੀਅਸ ਯੂਨਿਟ ਪੁਰਸਕਾਰ, ਆਰਮੀ ਫ਼ਲਾਇਟ ਸਰਜਨ ਬੈਜ, 6 ਆਰਮੀ ਕੌਮੈਂਡੇਸ਼ਨ ਮੈਡਲ, 2 ਨੈਸ਼ਨਲ ਡੀਫ਼ੈਂਸ ਮੈਡਲ, 2 ਆਰਮੀ ਅਚੀਵਮੈਂਟ ਮੈਡਲ ਅਤੇ ਇੱਕ ਗਲੋਬਲ ਵਾਰ ਅਗੇਂਸਟਨ ਟੈਰਿਜ਼ਮ ਮੈਡਲ ਨਾਲ ਨਿਵਾਜਿਆ ਗਿਆ। ਸੁਰੱਖਿਆ ਵਿਭਾਗ ਦੇ ਸੈਕਟਰੀ ਨੇ ਸ਼ੀਤ ਯੁੱਧ ਵਿੱਚ ਭਾਗ ਲੈਣ ਅਤੇ ਜਿੱਤ ਪ੍ਰਾਪਤ ਕਰਨ ਲਈ ਉਸ ਨੂੰ ‘ਸਰਟੀਫਿਕੇਟ ਆਫ਼ ਅਚੀਵਮੈਂਟ’ ਪ੍ਰਦਾਨ ਕੀਤਾ ਹੈ। ਸਾਲ 1998 ਵਿੱਚ ਉਨ੍ਹਾਂ ਦੀ ਬਟਾਲੀਅਨ ਨੇ ਹੀ ਉਨ੍ਹਾਂ ਦੀ ਅਗਵਾਈ ਵਿੱਚ ਐਕਸਰਸਾਇਜ਼ ਔਪਟੀਮਮ ਫੋਕਸ ਪਾਸ ਕੀਤਾ। ਬਤੌਰ ਪਾਇਲਟ ਉਨ੍ਹਾਂ ਇੱਕ ਇੰਜਣ ਵਾਲੇ ਜਹਾਜ਼, ਕਈ ਇੰਜਣਾਂ ਵਾਲੇ ਜਹਾਜ਼ ਅਤੇ ਜੰਗ ਵਿੱਚ ਵਰਤੇ ਜਾਂਦੇ ਹੈਲੀਕਾਪਟਰ ਉਡਾਏ।

ਰਈਆ (ਅੰਮ੍ਰਿਤਸਰ) ਦੇ ਲਾਗਲੇ ਪਿੰਡ ਵਡਾਲਾ ਕਲਾਂ ਵਿੱਚ ਜਨਮੇ ਸੇਖੋਂ ਨੇ ਮੁਢਲੀ ਵਿੱਦਿਆ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ ਸੀ। ਸੰਨ 1964 ਵਿੱਚ ਹਾਇਰ ਸੈਕੰਡਰੀ ਕਰਨ ਪਿੱਛੋਂ 1965 ਵਿੱਚ ਖ਼ਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰੀ-ਮੈਡੀਕਲ ਕੀਤੀ ਅਤੇ ਫਿਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਤੋਂ 1971 ਵਿੱਚ ਐੱਮ.ਬੀ.ਬੀ.ਐੱਸ. ਕਰ ਕੇ 1973 ਵਿੱਚ ਅਮਰੀਕਾ ਆ ਗਏ। ਉਨ੍ਹਾਂ ਦੇ ਪਿਤਾ ਸ. ਅਜਾਇਬ ਸਿੰਘ ਸੇਖੋਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਡੀ.ਪੀ.ਈ. ਸਨ। ਉਹ ਮੇਰਾ ਛੇਵੀਂ ਜਮਾਤ ਤੋਂ ਪ੍ਰੀ -ਮੈਡੀਕਲ ਜਮਾਤ ਤੀਕ ਜਮਾਤੀ ਰਿਹਾ ਤੇ ਅਸੀਂ ਬਹੁਤ ਹੀ ਗੂੜੇ ਮਿਤਰ ਸਾਂ।

ਅਮਰੀਕਾ ’ਚ ਉਚੇਰੀ ਪੜ੍ਹਾਈ ਕਰ ਕੇ ਇੰਟਰਨਲ ਮੈਡੀਸਨ ਪਲਮੋਨਰੀ ਮੈਡੀਸਨ ਦਾ ਸਪੈਸ਼ਲਿਸਟ ਭਾਵ ਫ਼ੇਫ਼ੜਿਆਂ ਦੇ ਮਾਹਰ ਡਾਕਟਰ ਹੋਣ ਦਾ ਮਾਣ ਪ੍ਰਾਪਤ ਕੀਤਾ। ਉਨ੍ਹਾਂ ਦੀ ਯੋਗਤਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਅਮੈਰਿਕਨ ਕਾਲਜ ਆਫ਼ ਫਿਜ਼ਿਸ਼ੀਅਨਜ਼, ਅਮੈਰਿਕਨ ਕਾਲਜ ਆਫ਼ ਚੈਸਟ ਫਿਜ਼ਿਸ਼ੀਅਨਜ਼ ਅਤੇ ਅਮੈਰਿਕਨ ਕਾਲਜ ਆਫ਼ ਐਨਜੀਓਲੋਜੀ ਦੀ ਫੈਲੋਸ਼ਿਪ ਦਿੱਤੀ ਗਈ। ਉਨ੍ਹਾਂ ਯੂਨੀਵਰਸਿਟੀ ਆਫ਼ ਨਾਰਥਰਨ ਕੈਲੀਫ਼ੋਰਨੀਆ ਲਾਅ ਸਕੂਲ ਤੋਂ ਜੂਰਿਸਟ ਡਿਗਰੀ ਅਤੇ ਯੂਨਾਈਟਡ ਸਟੇਟਸ ਆਰਮੀ ਵਾਰ ਕਾਲਜ ਐਂਡ ਸਟਰੈਟਿਕ ਸਟੱਡੀਜ਼ ਤੋਂ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।

ਫ਼ੌਜ ਵਿੰਚ ਵੀ ਉਨ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਿਆ। ਉਨ੍ਹਾਂ ਫਲਾਇਟ ਸਰਜਨ ਦੀ ਗ੍ਰੈਜੂਏਸ਼ਨ ਦੀ ਡਿਗਰੀ ਯੂਨਾਇਟਡ ਸਟੇਟਸ ਆਰਮੀ ਕਾਲਜ ਆਫ਼ ਏਵੀਏਸ਼ਨ ਮੈਡੀਸਨ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੈਸ਼ਨਲ ਸਿਕੂਰਟੀ ਸਟਰੈਟਜੀ ਕੋਰਸ ਦੀ ਗਰੈਜੂਏਸ਼ਨ, ਨੈਸ਼ਨਲ ਡਿਫੈਂਸ ਯੂਨੀਵਰਸਿਟੀ ਤੋਂ ਕੀਤੀ। ਨੈਸ਼ਨਲ ਡਿਫੈਂਸ ਸਟਰੈਟਜੀ ਕੋਰਸ ਦੀ ਗਰੈਜੂਏਸ਼ਨ ਉਨ੍ਹਾਂ ਆਰਮੀ ਵਾਰ ਕਾਲਜ ਤੋਂ ਕੀਤੀ। ਉਨ੍ਹਾਂ ਸਾਈਕੋਲੌਜੀਕਲ ਵਾਰਫੇਅਰ ਅਫ਼ਸਰ, ਸਿਵਲ-ਮਿਲਟਰੀ ਅਪਰੇਸ਼ਨ ਅਫ਼ਸਰ ਬਣਨ ਤੇ ਹੋਰ ਖੇਤਰਾਂ ਵਿੱਚ ਮੁਹਾਰਤ ਹਾਸਲ ਕਰਨ ਲਈ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਵਿੰਚ ਪੜ੍ਹਾਈ ਕੀਤੀ, ਜਿਨ੍ਹਾਂ ਵਿੱਚ ਜੌਹਨ ਐਫ਼ ਕੈਨੇਡੀ ਸਕੂਲ ਆਫ਼ ਸਪੈਸ਼ਲ ਵਾਰਫੇਅਰ ਸੈਂਟਰ, ਯੂਨਾਈਟਿਡ ਸਟੇਟਸ ਮਾਰੀਨ ਕਾਰਪਸ ਕਮਾਂਡ ਐਂਡ ਸਟਾਫ਼ ਕਾਲਜ, ਯੂਨਾਈਟਿਡ ਸਟੇਟਸ ਆਰਮੀ ਕਮਾਂਡ ਐਂਡ ਜਨਰਲ ਸਟਾਫ਼ ਕਾਲਜ, ਯੂਨਾਈਟਿਡ ਸਟੇਟਸ ਏਅਰ ਫੋਰਸ ਏਅਰ ਵਾਰ ਕਾਲਜ ਸ਼ਾਮਲ ਹਨ ਤੋਂ ਪੜਾਈ ਕੀਤੀ। ਇੰਜ ਉਹ ਅਮਰੀਕੀ ਫ਼ੌਜ ਵਿੱਚ ਆਪਣੇ ਸਮੇਂ ਸਭ ਤੋਂ ਵੱਧ ਪੜ੍ਹੇ-ਲਿਖੇ ਵਿਅਕਤੀ ਸਨ।

ਉਨ੍ਹਾਂ ਸਾਲ 2006 ਵਿੱਚ ਅਮਰੀਕੀ ਸਿਆਸਤ ਵਿੱਚ ਭਾਗ ਲਿਆ ਤੇ ਯੂਨਾਈਟਿਡ ਸਟੇਟਸ ਹਾਊਸ ਆਫ਼ ਰਿਪਰੀਜੈਨਟੇਟਿਵ ਲਈ ਡੈਮੋਕਰੈਟਿਕ ਪਾਰਟੀ ਦੀ ਨਾਮਜ਼ਦਗੀ ਪ੍ਰਾਪਤ ਕੀਤੀ। ਉਹ ਪਹਿਲੇ ਭਾਰਤੀ ਡਾਕਟਰ ਸਨ ਜਿਨ੍ਹਾਂ ਆਪਣੇ ਵਿਰੋਧੀ ਅਮਰੀਕੀ ਜਨਮੇ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਨੂੰ ਮੁਢਲੀਆਂ ਚੋਣਾਂ ਵਿੱਚ 5000 ਤੋਂ ਵੱਧ ਵੋਟਾਂ ਨਾਲ ਹਰਾਇਆ। ਉਹ ਪਹਿਲੇ ਸਿੱਖ ਕਰਨਲ ਹਨ ਜਿਨ੍ਹਾਂ ਦਾ ਨਾਂ ਯੂਨਾਇਟਡ ਸਟੇਟਸ ਕਾਂਗਰਸ ਲਾਇਬਰੇਰੀ ਵਿੱਚ ਬਤੌਰ ਬਟਾਲੀਅਨ ਕਮਾਂਡਰ ਦਰਜ ਕੀਤਾ ਗਿਆ ਹੈ। ਉਹ ਜਦ ਪੰਜ ਸਾਲ ਦੇ ਸਨ ਤਾਂ ਉਨ੍ਹਾਂ ਖ਼ਾਲਸਾ ਕਾਲਜ ਅੰਮ੍ਰਿਤਸਰ ਦੇ ਗੁਰਦੁਆਰੇ ਵਿੱਚ ਸੰਗਤ ਨੂੰ ਅੰਮ੍ਰਿਤ ਪਾਨ ਕਰਦਿਆਂ ਵੇਖਿਆ। ਉਹ ਏਨਾ ਪ੍ਰਭਾਵਿਤ ਹੋਏ ਕਿ ਉਹ ਵੀ ਅੰਮ੍ਰਿਤ ਪਾਨ ਕਰਨ ਵਾਲਿਆਂ ਦੀ ਕਤਾਰ ਵਿੱਚ ਲੱਗ ਗਏ। ਉਨ੍ਹਾਂ ਦੇ ਪਿਤਾ ਉਸ ਸਮੇਂ ਕਾਲਜ ਵਿੱਚ ਸਨ। ਉਨ੍ਹਾਂ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਨੇ ਜ਼ਿੱਦ ਕਰ ਕੇ ਅੰਮ੍ਰਿਤ ਪਾਨ ਕੀਤਾ, ਜਿਸ ਨੂੰ ਉਨ੍ਹਾਂ ਸਾਰੀ ਉਮਰ ਨਿਭਾਇਆ।
ਉਹਨਾਂ ਨੇ ਅਫਗਾਨਿਸਤਾਨ ਵਿੱਚ ਅਮਰੀਕਾ ਦੇ ਡੀਫੈਂਸ ਸਕੱਤਰ ਡਾ. ਰੋਬਰਟ ਗੇਟਸ ਨੂੰ ਕਿਹਾ ਸੀ ਕਿ ਜੇ ਤੁਸੀਂ ਅਫਗਾਨਿਸਤਾਨ ਵਿਚ ਜੰਗ ਜਿੱਤਣਾ ਚਾਹੁੰਦੇ ਹੋ ਤਾਂ ਵਧੇਰੇ ਸਿੱਖਾਂ ਨੂੰ ਅਮਰੀਕੀ ਫੌਜ ਵਿੱਚ ਸ਼ਾਮਲ ਕਰੋ। ਇਨ੍ਹਾਂ ਸਿੱਖਾਂ ਨੇ ਹੀ ਸਿਰਫ ਇਤਿਹਾਸ ਵਿਚ ਅਫਗਾਨਿਸਤਾਨ ਤੋਂ ਭਾਰਤ ਤੇ ਹਮਲਾ ਕਰਦੀਆਂ ਫੋਜਾਂ ਨੂੰ ਹਰਾਇਆ ਸੀ।

ਇਸ ਨੂੰ ਇਕ ਇਤਫਾਕ ਸਮਝੋ ਜਾਂ ਫਿਰ ਵਾਹਿਗੁਰੂ ਦੀ ਮਿਹਰ ਕਿ ਡਾ. ਸੇਖੋਂ , ਡਾ. ਜੀ.ਬੀ. ਸਿੰਘ ਅਤੇ ਡਾ. ਤੇਜਦੀਪ ਸਿੰਘ ਰਤਨ ਅੰਮ੍ਰਿਤਸਰ ਦੇ ਜੰਮਪਲ ਹਨ।ਡਾ.ਰਤਨ ਮੇਰੇ ਨਜ਼ਦੀਕੀ ਰਿਸ਼ਤੇਦਾਰ ਹੈ ਤੇ ਡਾ. ਸੇਖੋਂ ਨੇ ਉਸ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਸੀ ਜਦ ਉਸ ਸੇਖੋਂ ਕੋਲੋਂ ਇਸ ਬਾਰੇ ਸਲਾਹ ਲਈ ਸੀ । ਇਹ ਗੁਰੁ ਸਾਹਿਬ ਦੀ ਮਿਹਰ ਸਦਕਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਲੱਖਾਂ ਲੋਕ ਰੋਜਾਨਾਂ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੁੰਦੇ ਹਨ, ਉੱਥੋਂ ਦੀਆਂ ਜੰਮਪਲ ਇਨ੍ਹਾਂ ਸਖਸ਼ੀਅਤਾਂ ਨੇ ਅਮਰੀਕਾ ਵਿੱਚ ਇਹ ਇਤਿਹਾਸ ਸਿਰਜਿਆ।

ਅਫ਼ਸੋਸ ਦੀ ਗੱਲ ਹੈ ਕਿ ਸੇਖੋਂ ਲੰਮੀ ਬੀਮਾਰੀ ਤੋਂ ਬਾਅਦ 12 ਅਪ੍ਰੈਲ 2021ਨੂੰ ਇਸ ਫ਼ਾਨੀ ਦੁਨੀਆਂ ਤੋਂ ਕੂਚ ਕਰ ਗਏ। ਉਹ ਭਾਵੇਂ ਇਸ ਸੰਸਾਰ ਵਿਚ ਨਹੀਂ ਰਿਹਾ ਪਰ ਉਨ੍ਹਾਂ ਨੂੰ ਉਨ੍ਹਾਂ ਦੇ ਕਾਰਨਾਮਿਆਂ ਕਰਕੇ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

ਸੰਪਰਕ: 919417533060

Check Also

ਭਾਈ ਅੰਮ੍ਰਿਤਪਾਲ ਸਿੰਘ ਦੇ ਮੁੱਦੇ ’ਤੇ ਵੱਡੀ ਹਲਚਲ

ਜਗਤਾਰ ਸਿੰਘ ਸਿੱਧੂ ਮੈਨੇਜਿੰਗ ਐਡੀਟਰ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਦੀ ਗ੍ਰਿਫ਼ਤਾਰੀ ਦੇ ਮਾਮਲੇ …

Leave a Reply

Your email address will not be published. Required fields are marked *