ਭਾਰਤ ਪ੍ਰਗਤੀਸ਼ੀਲ ਲੇਖਕ ਸੰਘ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਅਲੀ ਜਾਵੇਦ ਦਾ ਦੇਹਾਂਤ

TeamGlobalPunjab
4 Min Read

ਚੰਡੀਗੜ੍ਹ (ਅਵਤਾਰ ਸਿੰਘ): ਭਾਰਤ ਪ੍ਰਗਤੀਸ਼ੀਲ ਲੇਖਕ ਸੰਘ ਨੂੰ ਉਸ ਦੇ ਕਾਰਜਕਾਰੀ ਪ੍ਰਧਾਨ ਪ੍ਰੋ. ਅਲੀ ਜਾਵੇਦ ਦੇ ਸਦੀਵੀ ਵਿਛੋੜਾ ਦੇ ਜਾਣ ਨਾਲ ਅਸਹਿ ਸਦਮਾ ਪਹੁੰਚਿਆ ਹੈ। ਉਰਦੂ ਤੇ ਹਿੰਦੀ ਭਾਸ਼ਾਵਾਂ ਵਿੱਚ ਨਿਰੰਤਰ ਲਿਖਣ ਵਾਲਾ ਪ੍ਰੋ. ਅਲੀ ਜਾਵੇਦ ਭਾਰਤ ਦੀ ਸਾਂਝੀ ਗੰਗਾ-ਜਮਨੀ ਤਹਿਜ਼ੀਬ ਦਾ ਸੁਦ੍ਰਿੜ ਮੁਦੱਈ ਸੀ। ਪ੍ਰੋ. ਅਲੀ ਜਾਵੇਦ ਦਾ ਜਨਮ ਪ੍ਰਯਾਗਰਾਜ ਨੇੜਲੇ ਪਿੰਡ ‘ਕਰਾਰੀ’ ‘ਚ ਹੋਇਆ। ਅਲਾਹਾਬਾਦ ਯੂਨੀਵਰਸਿਟੀ ਵਿੱਚੋਂ ਬੀ.ਏ. ਕਰਨ ਬਾਅਦ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ੳਰਦੂ ਵਿਭਾਗ ਦੇ ਵਿਦਿਆਰਣੀ ਬਣੇ। ਇੱਥੋਂ ਉਨ੍ਹਾਂ ਨੇ ਐਮ.ਏ. (ਉਰਦੂ) 1977, ਐਮ.ਫ਼ਿਲ 1978 ਅਤੇ ਪੀਐਚ.ਡੀ. (1983) ਦੀਆਂ ਡਿਗਰੀਆਂ ਹਾਸਿਲ ਕੀਤੀਆਂ।

ਉਨ੍ਹਾਂ ਨੇ1993 ਤੋਂ 1998 ਤੱਕ ਜ਼ਾਕਿਰ ਹੁਸੈਨ ਪੀ.ਜੀ. ਕਾਲਜ, ਦਿੱਲੀ ਵਿਖੇ ਪੜ੍ਹਾਇਆ। ਉਹ 1998 ਈ. ‘ਚ ਉਰਦੂ ਵਿਭਾਗ, ਦਿੱਲੀ ਯੂਨੀਵਰਸਿਟੀ ਵਿੱਚ ਬਤੌਰ ਪ੍ਰਾਧਿਆਪਕ ਆ ਗਏ। ਉਨ੍ਹਾਂ ਨੇ ਦੋ ਦਰਜਨ ਵਿਦਿਆਰਥੀਆਂ ਨੂੰ ਪੀਐਚ.ਡੀ. ਦੀ ਉਪਾਧੀ ਲਈ ਨਿਗਰਾਨ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ ਉਰਦੂ ਆਲੋਚਨਾ ਸਾਹਿਤ ਨੂੰ ਪੰਜ ਪੁਸਤਕਾਂ ਨਾਲ ਅਮੀਰ ਬਣਾਇਆ। ਉਨ੍ਹਾਂ ਦੀਆਂ ਪੁਸਤਕਾਂ ਹਨ: ਬਰਤਾਨਵੀ ਮੁਸਤਸ਼ਕਚੀਨ ਔਰ ਤਾਰੀਖ਼-ਇ-ਅਦਬ-ਇ ਉਰਦੂ (1992), ਕਲਾਸਕੀਅਤ ਔਰ ਰੂਮਾਨਵੀਅਤ (1999), ਜਾਫ਼ਰ ਜਟਲੀ ਕੀ ਏਹਤਜਾਜੀ ਸ਼ਾਇਰੀ (2000), ਏਫ਼ਹਾਮ-ਓ-ਤਫ਼ਹੀਮ (2000) ਅਤੇ ਉਰਦੂ ਕਾ ਦਾਸਤਾਨਵੀ ਅਦਬ (ਸੰਪਾ. 2011)  ਉਰਦੂ ਅਤੇ ਹਿੰਦੀ ਵਿੱਚ ਛਪਣ ਵਾਲੇ ਉਨ੍ਹਾਂ ਦੇ ਖੋਜ-ਨਿਬੰਧ ਸੌ ਤੋਂ ਉੱਪਰ ਹਨ। ਉਹ ਹਿੰਦ-ਪਾਕਿ (ਬਰ੍ਹੇਸਗੀਰ) ਦੀਆਂ ਕਈ ਯੂਨੀਵਰਸਿਟੀਆਂ ਦੇ ਉਰਦੂ ਵਿਭਾਗਾਂ ਦੇ ਖੋਜ-ਕਾਰਜ ਨਾਲ ਜੁੜੇ ਹੋਏ ਸਨ।

ਪ੍ਰੋ. ਅਲੀ ਜਾਵੇਦ ਉਰਦੂ ਤੇ ਹਿੰਦੀ ਭਾਸ਼ਾਵਾਂ ਦਾ ਪ੍ਰਤਿਬੱਧ ਲੇਖਕ (ਕਵੀ), ਆਲੋਚਕ ਅਤੇ ਉੱਘਾ ਮਾਰਕਸਵਾਦੀ ਚਿੰਤਕ ਸੀ। ਉਸ ਦੇ ਅਧਿਐਨ ਤੇ ਚਿੰਤਨ-ਮਨਨ ਦਾ ਘੇਰਾ ਬਹੁਤ ਵਸੀਹ ਸੀ। ਉਹ ਅਜੇਹਾ ਪਬਲਿਕ ਬੁੱਧੀਜੀਵੀ ਸੀ, ਜਿਸ ਨੇ ਸਮਾਜਕ ਨਿਆਂ ਲਈ ਹੋਣ ਵਾਲੇ ਸੰਘਰਸ਼ਾਂ ਵਿੱਚ ਤਾ-ਉਮਰ ਸਰਗਰਮ ਆਗੂ ਵਾਲੀ ਭੂਮਿਕਾ ਨਿਭਾਈ। ਉਸ ਨੇ ਭਾਰਤ ਦੀ ਸੱਤਾਧਾਰੀ ਸਿਆਸਤ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਅਤੇ ਮੌਜੂਦਾ ਭਾਰਤੀ ਜਨਤਾ ਪਰਟੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਫ਼ਿਰਕੂ ਤੇ ਫ਼ਾਸ਼ੀਵਾਦੀ ਨੀਤੀਆਂ ਖ਼ਿਲਾਫ਼ ਬੁਲੰਦ ਆਵਾਜ਼ ਉਠਾਈ। ਉਸ ਨੇ ਅਕਾਦਮਿਕ, ਸਾਹਿਤਕ ਅਤੇ ਸੱਭਿਆਚਾਰਕ ਖੇਤਰ ਦੀਆਂ ਨਾਮੀ ਸੰਸਥਾਵਾਂ ਵਿੱਚ ਹਰਾਵਲ ਦਸਤੇ ਦੇ ਆਗੂਆਂ ਵਾਲੀ ਜ਼ਿੰਮੇਵਾਰੀ ਨਿਭਾਈ। ਉਹ ਸਰਬ ਭਾਰਤ ਯੂਨੀਵਰਸਿਟੀ ਉਰਦੂ ਟੀਚਰਜ਼ ਜਥੇਬੰਦੀ ਦੇ 2008 ਵਿੱਚ ਪ੍ਰਧਾਨ ਬਣੇ, ਨੈਸ਼ਨਲ ਕਾਊਂਸਲ ਫ਼ਾਰ ਪ੍ਰਮੋਸ਼ਨ ਆਫ਼ ਉਰਦੂ ਲੈਂਗੂਏਜ (ਮਨੁੱਖੀ ਸਰੋਤ ਮੰਤਰਾਲਾ) ਦੇ 2007-08 ਵਿੱਚ ਡਾਇਰੈਕਟਰ ਰਹੇ। ਉਹ ਪ੍ਰਗਤੀਸ਼ੀਲ ਲੇਖਕ ਸੰਘ ਦੇ ਸਿਧਾਂਤਕਾਰਾਂ ਤੇ ਨੀਤੀ-ਘਾੜਿਆਂ ਵਿੱਚੋਂ ਸਿਰਕੱਢ ਚਿੰਤਕ ਸਨ ਤੇ 2012 ਤੋਂ 2017 ਤੱਕ ਪ੍ਰਗਤੀਸ਼ੀਲ ਲੇਖਕ ਸੰਘ ਦੇ ਜਨਰਲ ਸਕੱਤਰ ਰਹੇ। ਉਨ੍ਹਾਂ ਦੀ ਮਾਨਤਾ ਅੰਤਰਰਾਸ਼ਟਰੀ ਪੱਧਰ ਦੇ ਖੱਬੇਪੱਖੀ ਚਿੰਤਕਾਂ ਤੇ ਬੁੱਧੀਜੀਵੀਆਂ ਵਾਲੀ ਸੀ। ਉਹ 2012 ਤੋਂ 2016 ਤੱਕ ਅਗਾਂਹਵਧੂ ਲੇਖਕਾਂ, ਚਿੰਤਕਾਂ ਦੀ ਕੌਮਾਂਤਰੀ ਜੱਥੇਬੰਦੀ – ਅਫ਼ਰੀਕਨ ਤੇ ਏਸ਼ੀਅਨ ਰਾਈਟਰਜ਼ ਯੂਨੀਅਨ ਦੇ ਪ੍ਰਧਾਨ ਰਹੇ। ਉਨ੍ਹਾਂ ਨੇ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਹੋਈਆਂ ਆਲਮੀ ਸਾਹਿਤ-ਸੱਭਿਆਚਾਰਕ ਕਾਨਫ਼ਰੰਸਾਂ ਵਿੱਚ ਭਾਰਤੀ ਲੇਖਕਾਂ ਦੀ ਪ੍ਰਤੀਨਿਧਤਾ ਕੀਤੀ। ਉਨ੍ਹਾਂ ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਅਤੇ ਹਰਿਆਣਾ ਸਮੇਤ ਕਈ ਪ੍ਰਾਂਤਾਂ ਦੀਆਂ ਉਰਦੂ ਅਕਾਦਮੀਆਂ ਨੇ ਉਨ੍ਹਾਂ ਦੇ ਖੋਜ ਕਾਰਜ ਤੇ ਉਰਦੂ ਅਧਿਆਪਨ ਲਈ ਸੇਵਾਵਾਂ ਕਰਕੇ ਸਨਮਾਨਿਤ ਕੀਤਾ। ਪੰਜਾਬ, ਪੰਜਾਬੀ ਜ਼ਬਾਨ ਅਤੇ ਪੰਜਾਬੀ ਸਾਹਿਤ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਉ ਸੀ। ਉਨ੍ਹਾਂ ਦੀਆਂ ਕੁਝ ਰਚਨਾਵਾਂ (ਕਵਿਤਾਵਾਂ ਤੇ ਲੇਖ) ਪੰਜਾਬੀ ਵਿੱਚ ਤਰਜਮਾ ਹੋਏ।

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਹੈ ਕਿ ਪ੍ਰੋ. ਅਲੀ ਜਾਵੇਦ ਦੇ ਸਦੀਵੀ ਵਿਛੋੜੇ ਨਾਲ ਸਮੁੱਚੀ ਪ੍ਰਗਤੀਸ਼ੀਲ ਲੇਖਕ ਲਹਿਰ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਪ੍ਰੋ. ਜਾਵੇਦ ਦੇ ਪਰਿਵਾਰ ਅਤੇ ਸਨੇਹੀਆਂ ਦੇ ਦੁੱਖ ਵਿੱਚ ਸ਼ਾਮਿਲ ਹੁੰਦੀ ਹੈ ਅਤੇ ਆਪਣੀ ਹਾਰਦਿਕ ਸੰਵੇਦਨਾ ਪ੍ਰਗਟ ਕਰਦੀ ਹੈ।

- Advertisement -

Share this Article
Leave a comment