ਅੰਮ੍ਰਿਤਸਰ : ਪ੍ਰਸਿੱਧ ਪੰਜਾਬੀ ਅਦਾਕਾਰ ਸੰਦੀਪ ਸਿੰਘ ਉਰਫ ਦੀਪ ਸਿੱਧੂ ਦੀ ਤਸਵੀਰ ਸ੍ਰੀ ਦਰਬਾਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ‘ਚ ਲਗਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਹਰ ਪਾਸੇ ਚਰਚਾ ਛਿੜ ਗਈ ਹੈ। ਦਰਅਸਲ ਦੀਪ ਸਿੱਧੂ ਦਾ ਭਰਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਣ ਪਹੁੰਚੇ ਸਨ। ਉਨ੍ਹਾਂ ਵੱਲੋਂ ਦੀਪ ਸਿੱਧੂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬਘਰ ਵਿਖੇ ਲਗਾਉਣ ਦੀ ਮੰਗ ਰੱਖੀ ਗਈ ਹੈ।
ਇਸ ਮੌਕੇ ਬੋਲਦਿਆਂ ਦੀਪ ਸਿੱਧੂ ਦੇ ਭਰਾ ਮਨਦੀਪ ਸਿੱਧੂ ਸਿੱਧੁ ਨੇ ਕਿਹਾ ਕਿ ਉਨ੍ਹਾਂ ਵੱਲੋਂ ਜਥੇਦਾਰ ਜੀ ਨੂੰ ਮੰਗ ਤੋਂ ਜਾਣੂ ਕਰਵਾਇਆ ਗਿਆ ਹੈ ਅਤੇ ਜਥੇਦਾਰ ਜੀ ਵੱਲੋਂ ਇਸ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਜਵਾਬ ਦੇਣ ਦੀ ਗੱਲ ਕਹੀ ਗਈ ਹੈ। ਮਨਦੀਪ ਸਿੱਧੁ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਉਹ ਭਰਾ ਦੇ ਸਦਮੇ ਤੋਂ ਬਾਹਰ ਆ ਰਹੇ ਹਨ ਤਿਵੇਂ ਤਿਵੇਂ ਹੀ ਅਜਿਹੇ ਮਸਲਿਆਂ ਬਾਰੇ ਗੌਰ ਕਰ ਰਹੇ ਹਨ।
ਮਨਦੀਪ ਸਿੰਘ ਸਿੱਧੂ ਦੇ ਨਾਲ ਆਏ ਵਿਅਕਤੀਆਂ ਨੇ ਵੀ ਇਸ ਮੌਕੇ ਬੋਲਦਿਆਂ ਕਿਸੇ ਵੀ ਧਰਮ ਦਾ ਨਾਮ ਨਾ ਲੈਂਦਿਆਂ ਕਿਹਾ ਕਿ ਜੇਕਰ ਕੋਈ ਧਰਮ ਅੱਜ ਸਿੱਖੀ ਨੂੰ ਸ਼ੈਤਾਨ ਦਾ ਧਰਮ ਕਹੇਗਾ ਤਾਂ ਉਨ੍ਹਾਂ ਦਾ ਵਿਰੋਧ ਹੋਣਾ ਲਾਜ਼ਮੀ ਹੈ। ਇਸਾਈ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਪਰ ਜਦੋਂ ਕੋਈ ਸਾਡੇ ਧਰਮ ਬਾਰੇ ਗਲਤ ਟਿੱਪਣੀ ਕਰੇਗਾ ਤਾਂ ਉਹ ਇਸ ਦਾ ਜਵਾਬ ਜਰੂਰ ਦੇਣਗੇ। ਉਨ੍ਹਾਂ ਕਿਹਾ ਕਿ ਬਲਾਤਕਾਰੀ ਰਾਮ ਰਹੀਮ ਨੂੰ ਤੀਜੇ ਦਿਨੋਂ ਪੈਰੋਲ ਮਿਲ ਜਾਂਦੀ ਹੈ ਪਰ ਸਾਡੇ ਸਿੰਘਾਂ ‘ਤੇ ਇਹ ਕੋਈ ਦੋਸ਼ ਨਹੀਂ ਸਾਬਤ ਕਰ ਸਕੇ ਉਨ੍ਹਾਂ ਬਾਰੇ ਕੋਈ ਫੈਸਲਾ ਨਹੀਂ ਦਿੰਦੇ। ਇਸ ਮੌਕੇ 84 ਦਾ ਵੀ ਜ਼ਿਕਰ ਕੀਤਾ ਗਿਆ ਉਨ੍ਹਾਂ ਕਿਹਾ ਕਿ ਸਰਕਾਰਾਂ ਵੱਲੋਂ ਉਹ ਜ਼ਖਮ ਭਰਨਾ ਤਾਂ ਦੂਰ ਉਸ ਉੱਪਰ ਮੱਲ੍ਹਮ ਲਗਾਉਣ ਦੀ ਵੀ ਕੋਸ਼ਿਸ਼ ਨਹੀਂ ਕੀਤੀ।,