ਬਟਾਲਾ (ਗੁਰਪ੍ਰੀਤ ਸਿੰਘ) : ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵਲੋਂ ਸ਼ਨੀਵਾਰ ਨੂੰ ਬਟਾਲਾ ਵਿਖੇ ਵੱਖ ਵੱਖ ਥਾਵਾਂ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ । ਸਵੇਰੇ ਪਹਿਲਾਂ ਬਟਾਲਾ ਦੇ ਨਜ਼ਦੀਕ ਪਿੰਡ ਘਸੀਟਪੂਰਾ ਵਿਖੇ ਪ੍ਰਤਾਪ ਸਿੰਘ ਬਾਜਵਾ ਮੀਟਿੰਗ ‘ਚ ਸ਼ਾਮਿਲ ਹੋਏ ਅਤੇ ਉਸ ਤੋਂ ਬਾਅਦ ਬਟਾਲਾ ‘ਚ ਪਾਰਟੀ ਵਰਕਰਾਂ ਨਾਲ ਮੀਟਿੰਗ ਕੀਤੀ। ਬਾਜਵਾ ਵਲੋਂ ਪਹਿਲਾਂ ਹੀ ਇਹ ਐਲਾਨ ਕੀਤਾ ਗਿਆ ਹੈ ਕਿ ਉਸ ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ‘ਚ ਮੈਦਾਨ ‘ਚ ਉਤਰਨਗੇ ਅਤੇ ਜ਼ਿਲਾ ਗੁਰਦਸਪੂਰ ਦੇ ਕਿਸੇ ਵੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਵਜੋਂ ਮੈਦਾਨ ‘ਚ ਆਉਣਗੇ । ਇਸੇ ਦੇ ਚਲਦੇ ਅੱਜ ਬਟਾਲਾ ਤੋਂ ਪ੍ਰਤਾਪ ਸਿੰਘ ਬਾਜਵਾ ਨੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਜਵਾ ਨੇ ਕਿਹਾ ਕਿ ਬਟਾਲਾ ਨੂੰ ਜਿਲਾ ਦਾ ਦਰਜ਼ਾ ਮਿਲੇ ਇਹ ਮੰਗ ਲੰਬੇ ਸਮੇ ਤੋਂ ਬਟਾਲਾ ਦੇ ਲੋਕਾਂ ਦੀ ਰਹੀ ਹੈ ਅਤੇ ਉਹਨਾਂ ਵਲੋਂ ਵੀ ਇਸ ਨੂੰ ਲੈਕੇ ਮੁਖ ਮੰਤਰੀ ਪੰਜਾਬ ਨੂੰ ਚਿੱਠੀ ਰਾਹੀਂ ਮੰਗ ਕੀਤੀ ਸੀ , ਉਹਨਾਂ ਨੂੰ ਪੂਰੀ ਉਮੀਦ ਹੈ ਕਿ ਮੁਖ ਮੰਤਰੀ ਪੰਜਾਬ ਇਸ ਮੰਗ ਨੂੰ ਪੂਰਾ ਕਰਨਗੇ ਅਤੇ ਜਲਦ ਬਟਾਲਾ ਨੂੰ ਜਿਲਾ ਦਾ ਦਰਜ਼ਾ ਐਲਾਨ ਕਰਨਗੇ।
ਪ੍ਰਤਾਪ ਸਿੰਘ ਬਾਜਵਾ ਕਿਸ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ‘ਚ ਹੋਣਗੇ ਇਹ ਸਵਾਲ ਪੁੱਛੇ ਜਾਣ ਤੇ ਉਹਨਾਂ ਕੋਈ ਸਿੱਧਾ ਜਵਾਬ ਨਹੀਂ ਦਿੱਤਾ, ਲੇਕਿਨ ਉਹਨਾਂ ਕਿਹਾ ਕਿ ਜਲਦ ਹਰ ਗੱਲ ਲੋਕਾਂ ਸਾਹਮਣੇ ਆਵੇਗੀ ।
ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਬਾਜਵਾ ਨੇ ਕਿਹਾ ਕਿ ਅੱਜ ਦੇਸ਼ ਭਰ ਦੇ ਕਿਸਾਨ ਵੱਖ ਵੱਖ ਥਾਵਾਂ ਤੇ ਕਰਨਾਲ, ਦਿੱਲੀ ਅਤੇ ਮੁਜ਼ਫਰਨਗਰ ਵਿਖੇ ਆਪਣੀਆਂ ਮੰਗਾਂ ਨੂੰ ਲੈਕੇ ਸੰਘਰਸ਼ ਕਰ ਰਹੇ ਹਨ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਇਹਨਾਂ ਕਿਸਾਨਾਂ ਦੀਆ ਲੋੜਾਂ ਅਤੇ ਮੰਗਾ ਨੂੰ ਦੇਖਦੇ ਹੋਏ ਕਿਸਾਨ ਹਿਤ ‘ਚ ਫੈਸਲੇ ਲੈਣੇ ਚਾਹੀਦੇ ਹਨ ।