ਦਿੱਲੀ ਸ਼ਰਾਬ ਮਾਮਲੇ ‘ਚ 26 ਅਪ੍ਰੈਲ ਨੂੰ ਆਵੇਗਾ ਮਨੀਸ਼ ਸਿਸੋਦੀਆ ਦੀ ਜ਼ਮਾਨਤ ‘ਤੇ ਫੈਸਲਾ

navdeep kaur
3 Min Read

ਨਵੀਂ ਦਿੱਲੀ- ਸ਼ਰਾਬ ਨੀਤੀ ਮਾਮਲੇ ‘ਚ ਜੇਲ ‘ਚ ਬੰਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਖਿਲਾਫ ਈਡੀ ਮਾਮਲੇ ‘ਚ ਜ਼ਮਾਨਤ ‘ਤੇ ਸੁਣਵਾਈ ਹੋਈ। ਹਾਲਾਂਕਿ ਅਦਾਲਤ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਹੁਣ ਅਦਾਲਤ 26 ਅਪ੍ਰੈਲ ਨੂੰ ਸ਼ਾਮ 4 ਵਜੇ ਆਪਣਾ ਫੈਸਲਾ ਸੁਣਾਏਗੀ। ਇਸ ਤੋਂ ਪਹਿਲਾਂ 24 ਅਪ੍ਰੈਲ ਨੂੰ ਦਿੱਲੀ ਦੀ ਅਦਾਲਤ ‘ਚ ਈਡੀ ਦੀ ਸਪਲੀਮੈਂਟਰੀ ਚਾਰਜਸ਼ੀਟ ‘ਤੇ ਵੀ ਬਹਿਸ ਹੋਵੇਗੀ।ਈਡੀ ਮਾਮਲੇ ਵਿਚ ਮਨੀਸ਼ ਸਿਸੋਦੀਆ ਦੀ ਜ਼ਮਾਨਤ ਦੀ ਸੁਣਵਾਈ ਹੇਠਲੀ ਅਦਾਲਤ ਵਿਚ ਪਹਿਲਾਂ ਹੀ ਹੋ ਚੁੱਕੀ ਹੈ। ਇਸ ਦੌਰਾਨ ਸੁਣਵਾਈ 18 ਅਪ੍ਰੈਲ ਨੂੰ ਤੈਅ ਕੀਤੀ ਗਈ ਸੀ। ਈਡੀ ਨੇ 17 ਅਪ੍ਰੈਲ ਨੂੰ ਅਦਾਲਤ ਨੂੰ ਦੱਸਿਆ ਹੈ ਕਿ ਉਹ ਅਪ੍ਰੈਲ ਦੇ ਅੰਤ ਤੱਕ ਮਨੀਸ਼ ਸਿਸੋਦੀਆ, ਅਮਨਦੀਪ ਸਿੰਘ ਢੱਲ ਅਤੇ ਅਰੁਣ ਰਾਮਚੰਦਰ ਪਿੱਲੈ ਦੇ ਖਿਲਾਫ ਅਗਲੀ ਚਾਰਜਸ਼ੀਟ ਵੀ ਦਾਇਰ ਕਰਨ ਜਾ ਰਹੀ ਹੈ।

ਇਸੇ ਅਦਾਲਤ ਨੇ ਸੋਮਵਾਰ ਨੂੰ ਇਸ ਮਾਮਲੇ ‘ਚ ਸਿਸੋਦੀਆ ਦੀ ਨਿਆਂਇਕ ਹਿਰਾਸਤ 1 ਮਈ ਤੱਕ ਵਧਾਉਣ ਦਾ ਹੁਕਮ ਪਾਸ ਕੀਤਾ ਸੀ। ਵਿਸ਼ੇਸ਼ ਅਦਾਲਤ ਨੇ ਸੀ. ਬੀ. ਆਈ. ਵਲੋਂ ਦਰਜ ਮਾਮਲੇ ਵਿਚ 31 ਮਾਰਚ ਨੂੰ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ। ਇਸ ਤੋਂ ਬਾਅਦ ਸਿਸੋਦੀਆ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ, ਜਿੱਥੇ ਇਹ ਮਾਮਲਾ 20 ਅਪ੍ਰੈਲ ਨੂੰ ਸੁਣਵਾਈ ਲਈ ਸੂਚੀਬੱਧ ਹੈ।

ਸੀ. ਬੀ. ਆਈ ਨੇ ਦਿੱਲੀ ਦੀ ਆਬਕਾਰੀ ਨੀਤੀ 2021-2022 (ਦਿੱਲੀ ਸਰਕਾਰ ਨੇ ਵਿਵਾਦ ਤੋਂ ਬਾਅਦ ਇਸ ਨੀਤੀ ਨੂੰ ਰੱਦ ਕਰ ਦਿੱਤੀ ਸੀ) ਵਿਚ ਕਥਿਤ ਬੇਨਿਯਮੀਆਂ ਦੇ ਸਬੰਧ ਵਿਚ 26 ਫਰਵਰੀ ਨੂੰ ਕਰੀਬ ਅੱਠ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਦੇਰ ਸ਼ਾਮ ਸਿਸੋਦੀਆ ਨੂੰ ਗ੍ਰਿਫ਼ਤਾਰ ਕਰ ਲਿਆ। ਸੀ. ਬੀ. ਆਈ ਨੇ ਦੋਸ਼ ਲਾਇਆ ਸੀ ਕਿ ਸਿਸੋਦੀਆ ਜਾਂਚ ਵਿਚ ਸਹਿਯੋਗ ਨਹੀਂ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸਿਸੋਦੀਆ ਨੂੰ ਬਾਅਦ ਵਿਚ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਸੀ. ਬੀ. ਆਈ ਦੀ ਬੇਨਤੀ ’ਤੇ 4 ਮਾਰਚ ਤੱਕ ਕੇਂਦਰੀ ਜਾਂਚ ਏਜੰਸੀ ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ। ਸੀ. ਬੀ. ਆਈ ਅਤੇ ਈ.ਡੀ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਸੀ। ਇਸ ਮਿਆਦ ਨੂੰ ਸਮੇਂ-ਸਮੇਂ ‘ਤੇ ਵਧਾਇਆ ਗਿਆ। ਸਿਸੋਦੀਆ ਸੀ. ਬੀ. ਆਈ. ਅਤੇ ਈ. ਡੀ. ਦੀ ਵੱਖ-ਵੱਖ ਗ੍ਰਿਫ਼ਤਾਰੀ ਮਗਰੋਂ ਤਿਹਾੜ ਜੇਲ੍ਹ ਵਿਚ ਬੰਦ ਹਨ।

 

- Advertisement -

Share this Article
Leave a comment