ਮੁੱਖ ਮੰਤਰੀ ਨੇ ਸ਼ਹੀਦ ਮਨਪ੍ਰੀਤ ਅਤੇ ਪਰਦੀਪ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ, ਵਾਰਿਸਾਂ ਨੂੰ ਸੌਂਪਿਆਂ 1-1 ਕਰੋੜ ਦਾ ਚੈੱਕ

Global Team
2 Min Read

ਨਿਊਜ ਡੈਸਕ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪਿੰਡ ਭੜੌਜੀਆਂ ਵਿੱਚ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪਿਛਲੇ ਕੁਝ ਹਫਤਿਆਂ ਤੋਂ ਜੰਮੂ ਕਸ਼ਮੀਰ ਦੇ ਅਨੰਤਨਾਗ ਖੇਤਰ ਵਿੱਚ ਅਤਿਵਾਦੀਆਂ ਖ਼ਿਲਾਫ਼ ਚਲਾਏ ਜਾ ਰਹੇ ਅਪਰੇਸ਼ਨ ਦੌਰਾਨ 19 ਰਾਈਫਲ ਫੌਜ ਦੇ ਕਰਨਲ ਮਨਪ੍ਰੀਤ ਸਿੰਘ (41) 13 ਸਤੰਬਰ ਨੂੰ ਸ਼ਹੀਦੀ ਪ੍ਰਾਪਤ ਕਰ ਗਏ ਸਨ। ਪਿੰਡ ਭੜੌਜੀਆਂ ਵਿੱਚ ਦੁਪਹਿਰ ਕਰੀਬ 2 ਵੱਜ ਕੇ 10 ਮਿੰਟ ਤੋਂ ਲੈ ਕੇ ਪੌਣੇ ਤਿੰਨ ਵਜੇ ਤੱਕ ਮੁੱਖ ਮੰਤਰੀ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਰਹੇ। ਪਰਿਵਾਰ ਨੇ ਜਾਣਕਾਰੀ ਦਿੱਤੀ ਕਿ 24 ਸਤੰਬਰ ਨੂੰ ਪਿੰਡ ਭੜੌਜੀਆਂ ਵਿੱਚ ਦੁਪਹਿਰ ਵੇਲੇ ਸ਼ਹੀਦ ਨਮਿਤ ਅੰਤਿਮ ਅਰਦਾਸ ਹੋਵੇਗੀ।

ਸ਼ਹੀਦ ਦੇ ਛੋਟੇ ਭਰਾ ਸੰਦੀਪ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਇੱਕ ਕਰੋੜ ਰੁਪਏ ਦਾ ਚੈਕ ਪਰਿਵਾਰ ਨੂੰ ਦੇ ਦਿੱਤਾ ਗਿਆ ਹੈ, ਜਿਸ ਵਿੱਚੋਂ ਸ਼ਹੀਦ ਦੀ ਪਤਨੀ ਬੀਬੀ ਜਗਮੀਤ ਕੌਰ ਗਰੇਵਾਲ ਨੂੰ 60 ਲੱਖ ਅਤੇ ਮਾਤਾ ਮਨਜੀਤ ਕੌਰ ਨੂੰ 40 ਲੱਖ ਰੁਪਏ ਮਿਲਣਗੇ।ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਅਨੰਤਨਾਗ (ਜੰਮੂ-ਕਸ਼ਮੀਰ) ਵਿੱਚ ਅਤਿਵਾਦੀਆਂ ਖ਼ਿਲਾਫ਼ ਤਲਾਸ਼ੀ ਮੁਹਿੰਮ ਦੌਰਾਨ ਸ਼ਹੀਦ ਹੋਏ ਪਰਦੀਪ ਸਿੰਘ ਦੇ ਜੱਦੀ ਘਰ ਪਿੰਡ ਬੱਲਮਗੜ੍ਹ ਵੀ ਪੁੱਜੇ। ਉਨ੍ਹਾਂ ਨੇ ਕਿਹਾ ਕਿ ਫੌਜੀ ਨੌਜਵਾਨ ਨੇ ਦੇਸ਼ ਦੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਦੀ ਰਾਖੀ ਲਈ ਆਪਣਾ ਫਰਜ਼ ਨਿਭਾਉਂਦੇ ਹੋਏ ਸ਼ਹਾਦਤ ਪ੍ਰਾਪਤ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਅਪਰੇਸ਼ਨ ਦੌਰਾਨ ਪੰਜਾਬ ਦੇ ਦੋ ਬਹਾਦਰ ਜਵਾਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ। ਇਹ ਦੇਸ਼ ਅਤੇ ਵਿਸ਼ੇਸ਼ ਕਰਕੇ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਲਈ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਮੁੱਖ ਮੰਤਰੀ ਨੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਵਜੋਂ ਇੱਕ ਕਰੋੜ ਰੁਪਏ ਦਾ ਚੈੱਕ ਸੌਂਪਿਆ। ਇਸ ਮੌਕੇ ਉਨ੍ਹਾਂ ਨਾਲ ਰੱਖਿਆ ਸੇਵਾਵਾਂ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੀ ਮੌਜੂਦ ਸਨ।ਮਾਨ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹੀਦੀ ਦਾ ਦੇਸ਼ ਹਮੇਸ਼ਾ ਰਿਣੀ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਮਦਦ ਲਈ ਹਰ ਸਮੇਂ ਤਤਪਰ ਰਹੇਗੀ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment