ਚੰਡੀਗੜ੍ਹ: ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੋ ਨੂੰ ਕੇਂਦਰ ਸਰਕਾਰ ਨੇ ਅਮਰੀਕਾ ਜਾਣ ਤੋਂ ਰੋਕ ਦਿੱਤਾ ਹੈ। ਮੰਤਰੀ ਨੇ 4-6 ਅਗਸਤ ਤੱਕ ਬੋਸਟਨ, ਮੈਸੇਚਿਉਸੇਟਸ ਵਿੱਚ ਹੋਣ ਵਾਲੇ ਨੈਸ਼ਨਲ ਕਾਨਫਰੰਸ ਆਫ਼ ਸਟੇਟ ਲੈਜਿਸਲੇਚਰਜ਼ ਸੰਮੇਲਨ ਵਿੱਚ ਸ਼ਾਮਿਲ ਹੋਣਾ ਸੀ। ਇਹ ਸੰਮੇਲਨ ਦੁਨੀਆ ਭਰ ਦੇ ਵਿਧਾਨਿਕ ਨੇਤਾਵਾਂ, ਨੀਤੀ ਮਾਹਿਰਾਂ ਅਤੇ ਨੀਤੀ ਨਿਰਮਾਤਾਵਾਂ ਦਾ ਇੱਕ ਮਹੱਤਵਪੂਰਨ ਅੰਤਰਰਾਸ਼ਟਰੀ ਇਕੱਠ ਹੈ।
ਕੇਂਦਰ ਨੇ ਵੀਰਵਾਰ ਨੂੰ ਪੰਜਾਬ ਸਰਕਾਰ ਨੂੰ ਇਸ ਬਾਰੇ ਅਧਿਕਾਰਿਤ ਤੌਰ ‘ਤੇ ਸੂਚਿਤ ਕੀਤਾ ਹੈ। ਕੇਂਦਰ ਨੇ ਕਿਹਾ ਕਿ ਮੰਤਰੀ ਨੂੰ ਰਾਜਨੀਤਿਕ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਹ ਲਗਾਤਾਰ ਪੰਜਵਾਂ ਮੌਕਾ ਹੈ ਜਦੋਂ ‘ਆਪ’ ਦੇ ਮੰਤਰੀ ਜਾਂ ਸੀਨੀਅਰ ਅਧਿਕਾਰੀ ਨੂੰ ਵਿਦੇਸ਼ੀ ਦੌਰੇ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਇਹ ਸੱਦਾ ਪੱਤਰ NCSL ਅਤੇ ਨੈਸ਼ਨਲ ਲੈਜਿਸਲੇਟਰਜ਼ ਕਾਨਫਰੰਸ ਇੰਡੀਆ (NLC ਇੰਡੀਆ) ਵੱਲੋਂ ਸਾਂਝੇ ਤੌਰ ‘ਤੇ ਹਰਭਜਨ ਸਿੰਘ ETO ਨੂੰ ਭੇਜਿਆ ਗਿਆ ਸੀ। ਪੰਜਾਬ ਸਰਕਾਰ ਵੱਲੋਂ 28 ਜੁਲਾਈ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਸੱਦਾ ਮੰਤਰੀ ਨੂੰ ਰਾਜ ਵਿੱਚ ਵਿਧਾਨਿਕ ਸ਼ਾਸਨ ਅਤੇ ਲੋਕ ਪ੍ਰਸ਼ਾਸਨ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਗਿਆ ਸੀ।