ਜ਼ਿਲ੍ਹੇ ’ਚ ਮਨਜ਼ੂਰੀ ਬਗ਼ੈਰ ਲੰਗਰ ਲਗਾਉਣ ਉਤੇ ਹੋਵੇਗੀ ਕਾਰਵਾਈ

TeamGlobalPunjab
2 Min Read

ਨਵਾਂਸ਼ਹਿਰ : ਜ਼ਿਲ੍ਹਾ ਪੁਲਿਸ ਨੇ ਕਰਫ਼ਿਊ ਦੌਰਾਨ ਕੁੱਝ ਲੋਕਾਂ ਵੱਲੋਂ ਲੰਗਰ ਤਿਆਰ ਕਰਕੇ ਵੰਡਣ ਸਮੇਂ ‘ਸਮਾਜਿਕ ਫ਼ਾਸਲੇ’ ਦੀ ਪੂਰੀ ਤਰ੍ਹਾਂ ਪਾਲਣਾ ਨਾ ਕੀਤੇ ਜਾਣ ਕਾਰਨ ਭਵਿੱਖ ’ਚ ਅਜਿਹੇ ਕਿਸੇ ਵੀ ਲੰਗਰ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਨਜ਼ੂਰੀ ਲੈਣੀ ਲਾਜ਼ਮੀ ਕਰ ਦਿੱਤੀ ਗਈ ਹੈ।
ਜ਼ਿਲ੍ਹਾ ਪੁਲਿਸ ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ ਜੇਕਰ ਇਸ ‘ਸਮਾਜਿਕ ਫ਼ਾਸਲੇ’ ਦੀ ਕਮੀ ਦੇ ਚਲਦਿਆਂ ਲੰਗਰ ਬਣਾਉਣ/ਵੰਡਣ ਵਾਲੇ ਵਿਅਕਤੀਆਂ ਵਿੱਚੋਂ ਜੇਕਰ ਇੱਕ ਵੀ ਵਿਅਕਤੀ ਕੋਰੋਨਾ ਬੀਮਾਰੀ ਨਾਲ ਪੀੜਤ ਹੋਇਆ ਤਾਂ ਇਹ ਮਹਾਂਮਾਰੀ ਕਾਫ਼ੀ ਲੋਕਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਨ੍ਹਾਂ ਹਾਲਾਤਾਂ ਵਿੱਚ ਇਸ ਬੀਮਾਰੀ ਤੋਂ ਬਚਾਅ ਲਈ ‘ਸੋਸ਼ਲ ਡਿਸਟੈਂਸਿੰਗ’ ਨੂੰ ਕਾਇਮ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਅਗਰ ਕੋਈ ਵੀ ਵਿਅਕਤੀ ਬਿਨਾਂ ਮਨਜ਼ੂਰੀ ਲੰਗਰ ਬਣਾਉਂਦਾ ਜਾਂ ਵੰਡਦਾ ਪੁਲਿਸ ਪ੍ਰਸ਼ਾਸਨ ਦੀ ਨਜ਼ਰ ਵਿੱਚ ਆਇਆ ਤਾਂ ਉਸਦੇ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਪੁਲਿਸ ਅਨੁਸਾਰ ਜੇਕਰ ਕੋਈ ਐਨ.ਜੀ.ਓ ਜਾਂ ਸੰਸਥਾ ਲੰਗਰ ਵਰਤਾਉਣ ਲਈ ਚਾਹਵਾਨ ਹੈ ਤਾਂ ਉਹ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਜਾਂ ਐਸ ਡੀ ਐਮ ਦਫ਼ਤਰ ਪਾਸੋਂ ਅਧਿਕਾਰਤ ਪਾਸ ਹਾਸਲ ਕਰਕੇ ਹੀ ਲੰਗਰ ਵਰਤਾ ਸਕਦਾ ਹੈ।
ਇੱਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਮਨਜ਼ੂਰਸ਼ੁਦਾ ਲੰਗਰ ਵਰਤਾਉਣ ਵਾਲੀ ਸੰਸਥਾ ਦਾ ਮੁਖੀ ਖੁਦ ਜ਼ਿੰਮੇਵਾਰ ਹੋਵੇਗਾ ਕਿ ਉਸ ਸੰਸਥਾ ਵਿੱਚ ਲੰਗਰ ਤਿਆਰ ਕਰਨ ਅਤੇ ਵਰਤਾਉਣ ਵਾਲੇ ਵਿਅਕਤੀਆਂ ਵੱਲੋਂ ਕੋਈ ਵੀ ਵਿਅਕਤੀ ਕੋਰੋਨਾ ਵਾਇਰਸ ਦੀ ਬੀਮਾਰੀ ਤੋਂ ਪੀੜ੍ਹਤ ਨਾ ਹੋਵੇ, ਕਿਉਂਕਿ ਇਹ ਮਹਾਂਮਾਰੀ ਇੱਕ ਵਿਅਕਤੀ ਤੋਂ ਦੁੂਜੇ ਵਿਅਕਤੀ ਨੂੰ ਬਹੁਤ ਜਲਦੀ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਸਮੂਹ ਜਿਲ੍ਹਾ ਨਵਾਂਸ਼ਹਿਰ ਦੇ ਵਾਸੀਆਂ ਨੂੰ ਬੇਨਤੀ ਹੈ ਕਿ ਸਾਰੇ ਇਸ ਸੰਕਟ ਦੀ ਘੜੀ ਵਿੱਚ ਕਰਫਿਊ ਦੋਰਾਨ ਆਪਣੇ ਘਰਾਂ ਵਿੱਚ ਰਹਿ ਦੇ ਪੁਲਿਸ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਦੇਣ ਅਤੇ ਆਪਣੇ ਫਰਜਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਤਾਂ ਜੋ ਕਿਸੇ ਨਾ ਸਮਝ ਵਿਅਕਤੀ ਵੱਲੋਂ ਕੀਤੀ ਗਲਤੀ ਦੇ ਕਾਰਨ ਉਸਦਾ ਖਮਿਆਜ਼ਾ ਸਾਰੇ ਸਮਾਜ ਨੂੰ ਨਾ ਭੁਗਤਣਾ ਪਵੇ।

Share this Article
Leave a comment