ਲੁਧਿਆਣਾ : ਪੰਜਾਬ ਦੇ ਲੋਕਾਂ ਨਾਲ ਬਦਲਾਅ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਪਿਛਲੀਆਂ ਸਰਕਾਰਾਂ ਨੂੰ ਰੱਜ ਕੇ ਕੋਸ ਰਹੀ ਹੈ। ਜਦੋਂ ਵੀ ਛੇ ਮਹੀਨੇ ਦਾ ਸਮਾਂ ਬੀਤ ਜਾਣ ਦੀ ਗੱਲ ਚੱਲਦੀ ਹੈ ਤਾਂ ਸਰਕਾਰ ਵੱਲੋਂ ਇਹ ਕਹਿੰਦਿਆਂ ਆਪਣਾ ਖਹਿੜਾ ਛੁਡਾਇਆ ਜਾਂਦਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਜੋ ਗਲਤੀਆਂ ਕੀਤੀਆਂ ਗਈਆਂ ਹਨ ਉਨ੍ਹਾਂ ਨੂੰ ਸੁਧਾਰਨ ਵਿੱਚ ਕੁਝ ਸਮਾਂ ਲੱਗੇਗਾ। ਕੁਝ ਅਜਿਹਾ ਹੀ ਬਿਆਨ ਹੁਣ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਵੱਲੋਂ ਦਿੱਤਾ ਗਿਆ ਹੈ ।
ਇੰਦਰਬੀਰ ਨਿੱਝਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿਸਟਮ ਨੂੰ ਸੁਧਾਰਨ ਵਿੱਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਮਹੀਨੇ ਤੋਂ ਨਾਜਾਇਜ਼ ਮਾਈਨਿੰਗ ਬਿਲਕੁਲ ਬੰਦ ਹੈ । ਨਿੱਝਰ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਨਾਜਾਇਜ਼ ਮਾਈਨਿੰਗ ਬੰਦ ਹੋਣ ਕਰਕੇ ਹੀ ਅੱਜ ਸੂਬੇ ਵਿੱਚ ਰੇਤਾ ਅਤੇ ਬਜਰੀ ਮਹਿੰਗੀ ਹੈ ਅਤੇ ਸਰਕਾਰ ਕੋਈ ਵੀ ਗੈਰਕਾਨੂੰਨੀ ਕੰਮ ਨਹੀਂ ਹੋਣ ਦੇਵੇਗੀ। ਕੈਬਨਿਟ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਇੱਕ ਇੱਕ ਕਰਕੇ ਆਪਣੇ ਸਾਰੇ ਵਾਅਦੇ ਪੂਰੇ ਕਰੇਗੀ ਅਤੇ ਉਨ੍ਹਾਂ ਦੇ ਵੱਲੋਂ 9 ਹਜ਼ਾਰ ਅਧਿਆਪਕਾਂ ਨੂੰ ਪੱਕੇ ਕੀਤਾ ਜਾ ਰਿਹਾ ਹੈ। ਨਿੱਝ ਦਾ ਕਹਿਣਾ ਹੈ ਕਿ ਚੰਗੇ ਕੰਮ ਦੇ ਲਈ ਥੋੜ੍ਹਾ ਸਮਾਂ ਲੱਗਦਾ ਹੈ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕੀਤੇ ਗਏ ਸਨ। ਉਨ੍ਹਾਂ ਦੇ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਵੀ ਕੀਤਾ ਗਿਆ ਸੀ ਪਰ ਅੱਜ ਹਾਲਾਤ ਉਸ ਦੇ ਉਲਟ ਹਨ। ਹੁਣ ਜਦੋਂ ਵੀ ਇਨ੍ਹਾਂ ਵਾਅਦਿਆਂ ਦੀ ਗੱਲ ਚੱਲਦੀ ਹੈ ਤਾਂ ਸਰਕਾਰ ਦੇ ਵੱਲੋਂ ਇਹ ਕਹਿੰਦਿਆਂ ਹੀ ਖਹਿੜਾ ਛੁਡਾਇਆ ਜਾਂਦਾ ਹੈ ਕਿ ਉਨ੍ਹਾਂ ਨੂੰ ਕੰਮ ਕਰਨ ਦੇ ਵਿੱਚ ਥੋੜ੍ਹਾ ਸਮਾਂ ਲੱਗੇਗਾ ।