ਖਤਰਨਾਕ ਗੈਂਗ ਦੇ 5 ਹੋਰ ਵਿਅਕਤੀ ਗ੍ਰਿਫਤਾਰ

TeamGlobalPunjab
2 Min Read

ਤਰਨ ਤਾਰਨ : ਤਰਨ ਤਾਰਨ ਪੁਲਿਸ ਨੇ ਇੱਕ ਅਜਿਹੇ ਖਤਰਨਾਕ ਗੈਂਗ ਨਾਲ ਸਬੰਧਤ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਹੜੇ ਕਿ ਗੁੰਡਾਗਰਦੀ ਕਰਨ ਦੇ ਨਾਲ ਨਾਲ ਹਥਿਆਰਾਂ ਦੀ ਤਸਕਰੀ ਵੀ ਕਰਦੇ ਸਨ। ਜਾਣਕਾਰੀ ਮੁਤਾਬਿਕ ਇਨ੍ਹਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਵੀ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਨ ਤਾਰਨ ਦੇ ਐਸਐਸਵੀ ਧਰੁਵ ਦਹੀਆ ਨੇ ਦੱਸਿਆ ਕਿ ਇਹ ਜੱਗੂ ਭਗਵਾਨਪੁਰੀਆ ਗਰੋਹ ਨਾਲ ਸਬੰਧਤ ਵਿਅਕਤੀ ਹਨ ਅਤੇ ਇਨ੍ਹਾਂ ਦਾ ਕੰਮ ਸਮੂਹਿਕ ਤੌਰ ‘ਤੇ ਲੜਾਈਆਂ ਲੜਨਾਂ, ਹਥਿਆਰਾਂ ਦੀ ਤਸਕਰੀ ਕਰਨਾ, ਲੋਕਾਂ ਨੂੰ ਡਰਾਉਣਾ ਧਮਕਾਉਣਾ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਹੈ।

ਐਸਐਸਪੀ ਨੇ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਸੱਮਾ ਪਹਿਲਵਾਨ ਵਾਸੀ ਕੈਰੋਵਾਲ, ਸੁਖਦੇਵ ਸਿੰਘ ਵਾਸੀ ਤਰਨ ਤਾਰਨ, ਜਗਰੋਸ਼ਨ ਸਿੰਘ ਵਾਸੀ ਕਲੇਰ, ਲਵਜੀਤ ਸਿੰਘ ਵਾਸੀ ਰਸੂਲਪੁਰ, ਤੇ ਏਕਮ ਸਿੰਘ ਕਾਜੀਕੋਟ ਵਜੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਅਕਤੀਆਂ  ਕੋਲੋਂ 315 ਬੋਰ ਦੀਆਂ 2 ਰਾਈਫਲਾਂ, ਡਬਲ ਬੈਰਲ ਰਾਈਫਲਾਂ 4, ਅਤੇ 32 ਬੋਰ ਦੇ ਦੋ ਪਿਸਟਲਾਂ ਤੋਂ ਇਲਾਵਾ 175 ਦੇ ਕਰੀਬ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਇੱਥੇ ਹੀ ਬੱਸ ਨਹੀਂ ਐਸਐਸਪੀ ਅਨੁਸਾਰ ਇਨ੍ਹਾਂ ਕੋਲੋਂ 2 ਗੱਡੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ। ਐਸਐਸਪੀ ਧਰੁਵ ਦਹੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਗੈਂਗ ਦੇ 5 ਵਿਅਕਤੀ ਅਜੇ ਵੀ ਫਰਾਰ ਹਨ ਜਿਨ੍ਹਾਂ ਦੀ ਪਹਿਚਾਣ ਹੋ ਚੁਕੀ ਹੈ ਅਤੇ ਜਲਦ ਹੀ ਉਹ ਵੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।

Share this Article
Leave a comment