ਲੁਧਿਆਣਾ: ਲੁਧਿਆਣਾ ‘ਚ ਦਾਜ ਦੀ ਮੰਗ ਪੂਰੀ ਨਾ ਹੋਣ ਕਾਰਨ ਵਿਆਹ ‘ਚ ਲਾੜਾ ਬਾਰਾਤ ਲੈ ਕੇ ਨਹੀਂ ਪਹੁੰਚਿਆ। ਦੁਲਹਨ ਦੇ ਪਹਿਰਾਵੇ ਵਿਚ ਸਜੀ ਕੁੜੀ ਬਾਰਾਤ ਦੀ ਉਡੀਕ ਕਰਦੀ ਰਹੀ। ਜਿਸ ਤੋਂ ਬਾਅਦ ਪੀੜਤ ਪਰਿਵਾਰ ਨੇ ਲਾੜੇ ਦੇ ਪਰਿਵਾਰ ਖਿਲਾਫ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਲਾੜਾ 25 ਲੱਖ ਰੁਪਏ ਅਤੇ ਕਾਰ ਦੀ ਮੰਗ ਕਰ ਰਿਹਾ ਹੈ।
ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਬੀਤੇ ਦਿਨ ਅਸੀਂ ਸ਼ਗਨ ਲੈ ਕੇ ਮੁੰਡੇ ਦੇ ਘਰ ਗਏ ਸਨ। ਉਨ੍ਹਾਂ ਨੇ ਜੋ ਵੀ ਮੰਗਿਆ ਅਸੀਂ ਦਿੱਤਾ। ਪਰ ਬਾਅਦ ਵਿੱਚ ਉਸਨੇ ਕ੍ਰੇਟਾ ਕਾਰ ਅਤੇ 25 ਲੱਖ ਰੁਪਏ ਦੀ ਮੰਗ ਰੱਖੀ। ਹਾਲਾਂਕਿ, ਉਨ੍ਹਾਂ ਨੇ ਸ਼ਗਨ ਵਿੱਚ ਕੋਈ ਕਮੀ ਨਹੀਂ ਛੱਡੀ। 1 ਲੱਖ ਰੁਪਏ ਕੈਸ਼ ਦੇ ਨਾਲ 5100 ਸਾਰੇ ਰਿਸ਼ਤੇਦਾਰਾਂ ਨੂੰ ਭੇਟਾਂ ਦਿੱਤੀਆਂ, ਪਰ ਇਸ ਦੇ ਬਾਵਜੂਦ ਲੜਕੇ ਵਾਲਿਆਂ ਦੇ ਮੂੰਹ ਉਤਰੇ ਹੋਏ ਸਨ। ਉਨ੍ਹਾਂ ਕਿਹਾ ਕਿ ਵਿਚੋਲੇ ਦੇ ਜ਼ਰੀਏ ਉਨ੍ਹਾਂ ਨੇ ਸਾਨੂੰ ਸੁਨੇਹਾ ਲਾਇਆ ਕਿ ਪਰਿਵਾਰ ਨੂੰ 25 ਲੱਖ ਰੁਪਏ ਅਤੇ ਨਾਲ ਕ੍ਰੇਟਾ ਕਾਰ ਚਾਹੀਦੀ ਹੈ।
ਅਸੀਂ ਲਾੜੇ ਦੀ ਇਹ ਮੰਗ ਸਮੇਂ ਸਿਰ ਪੂਰੀ ਨਹੀਂ ਕਰ ਸਕੇ। ਜਿਸ ਕਾਰਨ ਲਾੜਾ ਬਾਰਾਤ ਲੈ ਕੇ ਨਹੀਂ ਆਇਆ। ਉਨ੍ਹਾਂ ਅੱਗੇ ਦੱਸਿਆ ਕਿ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਲਾੜੇ ਦੇ ਪਰਿਵਾਰ ਵਾਲਿਆਂ ਨੂੰ ਬੁਲਾਇਆ ਗਿਆ। ਫੋਨ ‘ਤੇ ਕਦੇ ਉਹ ਲਾੜੇ ਦੇ ਬੀਮਾਰ ਹੋਣ ਦਾ ਬਹਾਨਾ ਬਣਾਉਣ ਲੱਗੇ ਤੇ ਕਦੇ ਲਾੜੇ ਦੇ ਪਿਤਾ ਦੀ ਸਿਹਤ ਦਾ ਬਹਾਨਾ ਬਣਾਉਣ ਲੱਗੇ। ਕਾਫੀ ਦੇਰ ਤੱਕ ਇੰਤਜ਼ਾਰ ਕਰਨ ਤੋਂ ਬਾਅਦ ਵੀ ਉਹ ਵਿਆਹ ਦੇ ਬਾਰਾਤ ਲੈ ਕੇ ਨਹੀਂ ਪਹੁੰਚੇ। ਜਿਸ ਕਾਰਨ ਉਨ੍ਹਾਂ ਦੀ ਬੇਟੀ ਵਿਆਹ ਦੇ ਪਹਿਰਾਵੇ ‘ਚ ਇੰਤਜ਼ਾਰ ਕਰਦੀ ਰਹੀ। ਇਸ ਦੌਰਾਨ ਬੱਚੀ ਦੇ ਪਿਤਾ ਭਾਵੁਕ ਹੋ ਗਏ ਅਤੇ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਆਉਣ ਲੱਗੇ। ਉਨ੍ਹਾਂ ਅੱਗੇ ਕਿਹਾ ਕਿ ਮੁੰਡੇ ਵਾਲਿਆਂ ਦੇ ਇਸ ਵਤੀਰੇ ਕਾਰਨ ਪੂਰੇ ਪਰਿਵਾਰ ਦਾ ਅਪਮਾਨ ਹੋਇਆ ਹੈ। ਵਿਆਹ ਲਈ ਮਹਿੰਗਾ ਪੈਲੇਸ ਵੀ ਬੁੱਕ ਕਰਵਾਇਆ ਗਿਆ ਸੀ। ਪਰ ਸਾਰੀਆਂ ਤਿਆਰੀਆਂ ਧਰੀ ਦੀ ਧਰੀ ਰਹਿ ਗਈਆਂ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।