ਚੰਡੀਗੜ੍ਹ: ਪੰਜਾਬ ‘ਚ ਠੰਡ ਦਾ ਕਹਿਰ ਜਾਰੀ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਿੱਖਿਆ ਵਿਭਾਗ ਨੇ ਸਕੂਲੀ ਵਿਦਿਆਰਥੀਆਂ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸਿੱਖਿਆ ਵਿਭਾਗ ਨੇ ਸਕੂਲਾਂ ਲਈ ਮਿਡ-ਡੇ-ਮੀਲ ਦਾ ਨਵਾਂ ਮੀਨੂ ਜਾਰੀ ਕੀਤਾ ਹੈ। ਜਾਰੀ ਹੁਕਮਾਂ ਅਨੁਸਾਰ ਸਰਦੀਆਂ ਵਿੱਚ ਸਕੂਲ ਖੁੱਲ੍ਹਦੇ ਹੀ ਇਹ ਨਵਾਂ ਮੀਨੂ ਲਾਗੂ ਕਰ ਦਿੱਤਾ ਜਾਵੇਗਾ।
ਸਿੱਖਿਆ ਵਿਭਾਗ ਦੇ ਹੁਕਮਾਂ ਅਨੁਸਾਰ ਨਵਾਂ ਮੀਨੂ 31 ਜਨਵਰੀ ਤੱਕ ਹੀ ਲਾਗੂ ਰਹੇਗਾ। ਇਸ ਤੋਂ ਬਾਅਦ ਸਰਕਾਰ ਇਸ ‘ਚ ਬਦਲਾਅ ਕਰ ਸਕਦੀ ਹੈ। ਇਸ ਤੋਂ ਪਹਿਲਾਂ ਬੱਚਿਆਂ ਨੂੰ ਫਲ ਦੇਣ ਦਾ ਫੈਸਲਾ ਕੀਤਾ ਗਿਆ।ਉਸ ਸਮੇਂ ਵਿਭਾਗ ਦਾ ਤਰਕ ਸੀ ਕਿ ਇਸ ਨਾਲ ਜਿੱਥੇ ਬੱਚਿਆਂ ਨੂੰ ਸਰੀਰਕ ਤੌਰ ‘ਤੇ ਫਾਇਦਾ ਹੋਵੇਗਾ, ਉੱਥੇ ਹੀ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਜੇਕਰ ਕਿਸੇ ਵੀ ਸਥਾਨ ‘ਤੇ ਨਿਰਧਾਰਤ ਮੀਨੂ ਦੀ ਪਾਲਣਾ ਨਹੀਂ ਕੀਤੀ ਗਈ ਤਾਂ ਸਕੂਲ ਮੁਖੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ। ਜਦੋਂ ਸੂਬੇ ਦੇ ਸਕੂਲ ਖੁਲ੍ਹਣਗੇ ਤਾਂ ਵਿਦਿਆਰਥੀਆਂ ਨੂੰ ਦੇਸੀ ਘਿਓ ਦਾ ਕੜਾਹ/ਹਲਵਾ ਵੀ ਨਾਲ ਦਿੱਤਾ ਜਾਵੇਗਾ। ਪੰਜਾਬ ਸਟੇਟ ਮਿੱਡ- ਡੇ- ਮੀਲ ਸੁਸਾਇਟੀ ਨੇ ਇਸ ਬਾਬਤ ਸਿੱਖਿਆ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੇ ਨਾਂ ਜਾਰੀ ਪੱਤਰ `ਚ ਅਜਿਹੇ ਹੁਕਮ ਜਾਰੀ ਕੀਤੇੇ ਹਨ।
ਪੰਜਾਬ ਵਿੱਚ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲ ਹਨ। ਜਿੱਥੇ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਖਾਣਾ ਪਰੋਸਿਆ ਜਾਂਦਾ ਹੈ। ਇਸ ਦੇ ਪਿੱਛੇ ਬੱਚਿਆਂ ਨੂੰ ਸਕੂਲ ਨਾਲ ਜੋੜਨ ਦੀ ਕੋਸ਼ਿਸ਼ ਹੈ। ਮਿਡ-ਡੇ-ਮੀਲ ਲਈ ਵਿਭਾਗ ਵੱਲੋਂ ਲੋੜੀਂਦੇ ਫੰਡ ਮੁਹੱਈਆ ਕਰਵਾਏ ਜਾਂਦੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਜਿਹੜੀ ਦਾਲ਼ ਇਕ ਹਫ਼ਤੇ ਬਣਾ ਦਿੱਤੀ ਗਈ ਉਹ ਅਗਲੇ ਹਫ਼ਤੇ ਨਾ ਬਣਾਈ ਜਾਵੇ।ਮਿਡ-ਡੇ-ਮੀਲ ਸੁਸਾਇਟੀ ਦੇ ਪੱਤਰ ਤੋਂ ਬਾਅਦ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਹਰਕਿਰਤ ਕੌਰ ਚਾਨੇ ਨੇ ਹਦਾਇਤ ਕੀਤੀ ਹੈ ਕਿ ਸਰਕਾਰ ਵੱਲੋਂ ਜਾਰੀ ਮੀਨੂ ਵਿਚ ਕੋਈ ਵੀ ਬਦਲਾਅ ਨਾ ਕੀਤਾ ਜਾਵੇ।ਕਿਹਾ ਗਿਆ ਹੈ ਕਿ ਜੇਕਰ ਖਾਣਾ ਪ੍ਰਦਾਨ ਕਰਨ ਵਿਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਪਾਈ ਜਾਂਦੀ ਹੈ ਤਾਂ ਇਸਦੀ ਨਿਰੋਲ ਜ਼ਿੰਮੇਵਾਰੀ ਸਕੂਲ ਮੁੱਖੀ ਦੀ ਹੋਵੇਗੀ। ਹਦਇਤਾਂ ਹਨ ਕਿ ਸਾਰੇ ਵਿਦਿਆਰਥੀਆਂ ਨੂੰ ਕਤਾਰ ਵਿਚ ਬਿਠਾ ਕੇ ਮਿੱਡ ਡੇ ਮੀਲ ਇੰਚਾਰਜ ਦੀ ਨਿਗਰਾਨੀ ਵਿਚ ਹੀ ਖਾਣਾ ਦਿੱਤਾ ਜਾਵੇ।ਵਿਭਾਗ ਵੱਲੋਂ ਜਾਰੀ ਤਬਦੀਲੀ ਤੋਂ ਬਾਅਦ ਮਿੱਡ-ਡੇ-ਮੀਲ ਯੂਨੀਅਨਾਂ ਨੇ ਵਿਰੋਧ ਕਰਦਿਆਂ ਪਹਿਲਾਂ ਉਨ੍ਹਾਂ ਦੀ ਤਨਖ਼ਾਹ ਵਧਾਉਣ ਦੀ ਮੰਗ ਕਰ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।