ਸਾਲ 2021 ਦੀ ਮਰਦਮਸ਼ੁਮਾਰੀ ਲਈ ਫਾਰਮ ਭਰਨ ਦੀ ਆਖਰੀ ਤਰੀਕ 11 ਮਈ,ਪੰਜਾਬੀ ਭਾਈਚਾਰੇ ਨੂੰ ਫਾਰਮ ਭਰਨ ਦੀ ਕੀਤੀ ਅਪੀਲ : ਸੁੱਖੀ ਬਾਠ

TeamGlobalPunjab
2 Min Read

ਕੈਨੇਡਾ: ਪੰਜਾਬ ਭਵਨ ਸਰੀ ਵੱਲੋਂ ਕੈਨੇਡਾ ਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਸਾਲ 2021 ਦੀ ਮਰਦਮਸ਼ੁਮਾਰੀ ਲਈ ਫਾਰਮ ਭਰਨ ਦੀ ਆਖਰੀ ਤਰੀਕ 11 ਮਈ ਹੈ। ਇਸ ਲਈ ਵਧ ਤੋਂ ਵਧ ਗਿਣਤੀ ‘ਚ ਮਰਦਮਸ਼ੁਮਾਰੀ ‘ਚ ਸ਼ਮੂਲੀਅਤ ਕੀਤੀ ਜਾਵੇ। ਪੰਜਾਬ ਭਵਨ ਦੇ ਸੰਸਥਾਪਕ ਸੁੱਖੀ ਬਾਠ ਵੱਲੋਂ ਇਸ ਸੰਬੰਧ ‘ਚ ਪੰਜਾਬੀ ਭਾਈਚਾਰੇ ਨੂੰ ਭੇਜੇ ਖਾਸ ਸੁਨੇਹੇ ‘ਚ ਕਿਹਾ ਗਿਆ ਹੈ ਕਿ ਕੈਨੇਡਾ ‘ਚ ਹੋ ਰਹੀ ਮਰਦਮਸ਼ੁਮਾਰੀ ਦੇ ਫਾਰਮ ਹਰ ਘਰ ‘ਚ ਡਾਕ ਰਾਹੀਂ ਭੇਜੇ ਜਾ ਰਹੇ ਹਨ ਅਤੇ ਬਹੁਤੇ ਘਰਾਂ ‘ਚ ਪੁੱਜ ਵੀ ਗਏ ਹਨ।

ਇਨ੍ਹਾਂ ਫਾਰਮਾਂ ‘ਚ ਹਰ ਪਰਿਵਾਰ ਲਈ ਇਕ ਕੋਡ ਦਿੱਤਾ ਹੁੰਦਾ ਹੈ ਅਤੇ ਮਰਦਮਸ਼ੁਮਾਰੀ ਦੀ ਵੈੱਬਸਾਈਟ ‘ਤੇ ਜਾ ਕੇ ਇਸ ਕੋਡ ਦੀ ਵਰਤੋਂ ਕਰ ਕੇ ਆਪਣੀ ਜਾਣਕਾਰੀ ਭਰਨੀ ਹੁੰਦੀ ਹੈ। ਇਸ ‘ਚ ਦੋ ਫਾਰਮ ਹੁੰਦੇ ਹਨ- ਇਕ ਛੋਟਾ ਫਾਰਮ ਹੈ ਜਿਸ ਨੂੰ ਭਰਨਾ ਬਹੁਤ ਆਸਾਨ ਹੈ ਅਤੇ ਦੂਜਾ ਵੱਡਾ ਫਾਰਮ ਹੈ ਜਿਸ ਨੂੰ ਭਰਨ ਲਈ 15-20 ਮਿੰਟ ਲੱਗਦੇ ਹਨ। ਵੱਡੇ ਫਾਰਮ ‘ਚ ਪਰਿਵਾਰ, ਧਰਮ, ਬੋਲੀ, ਕੰਮ, ਆਮਦਨ, ਖਰਚੇ ਸੰਬੰਧੀ ਕੁਝ ਸਵਾਲ ਹੁੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਪੰਜ ਸਾਲ ਪਹਿਲਾਂ 2016 ‘ਚ ਹੋਈ ਮਰਦਮਸ਼ੁਮਾਰੀ ‘ਚ ਤਕਰੀਬਨ 6 ਲੱਖ ਲੋਕਾਂ ਨੇ ਆਪਣੀ ਮਾਂ ਬੋਲੀ ਪੰਜਾਬੀ ਦਰਜ ਕਰਵਾਈ ਸੀ ਅਤੇ ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਕਿ ਪਿਛਲੇ ਪੰਜ ਸਾਲਾਂ ਦੌਰਾਨ ਵੱਡੀ ਗਿਣਤੀ ‘ਚ ਸਟੂਡੈਂਟਸ ਅਤੇ ਪੰਜਾਬੀ ਭਾਈਚਾਰੇ ਦੇ ਹੋਰ ਲੋਕ ਕੈਨੇਡਾ ‘ਚ ਆਏ ਹਨ। ਇਸ ਲਈ ਸਭ ਨੂੰ ਇਸ ਮਰਦਮਸ਼ੁਮਾਰੀ ‘ਚ ਸ਼ਾਮਲ ਹੋ ਕੇ ਪੰਜਾਬੀ ਪ੍ਰਤੀ ਆਪਣੇ ਫਰਜ਼ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਮਰਦਮਸ਼ੁਮਾਰੀ ਦੇ ਆਧਾਰ ‘ਤੇ ਹੀ ਸਰਕਾਰ ਵੱਲੋਂ ਕਿਸੇ ਭਾਸ਼ਾ ਦੇ ਵਿਕਾਸ ਲਈ ਯੋਜਨਾਵਾਂ ਅਤੇ ਹੋਰ ਪ੍ਰੋਗਰਾਮ ਉਲੀਕੇ ਜਾਂਦੇ ਹਨ। ਬਾਠ ਨੇ ਕਿਹਾ ਕਿ ਸਾਡੀ ਹਰ ਇਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਸ ਕਾਰਜ, ਲਈ ਆਪਣੇ ਦੋਸਤਾਂ, ਰਿਸ਼ਤੇਦਾਰਾਂ ਅਤੇ ਕਿਰਾਏਦਾਰਾਂ ਨੂੰ ਵੀ ਪ੍ਰੇਰਿਤ ਕਰੀਏ।

Share this Article
Leave a comment