28,29,30 ਮਈ ਨੂੰ ਪੂਡਾ ਗ੍ਰਾਊਂਡ ਪਟਿਆਲਾ ਵਿਖੇ ਧਰਨੇ ਦਾ ਐਲਾਨ
ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ): ਕੋਰੋਨਾ ਮਹਾਂਮਾਰੀ ਅਤੇ ਮੀਂਹ ਝੱਖੜ ਤੋਂ ਬੇਖੌਫ਼ ਸੈਂਕੜੇ ਔਰਤਾਂ ਤੇ ਨੌਜਵਾਨਾਂ ਸਮੇਤ ਹਜ਼ਾਰਾਂ ਦੀ ਗਿਣਤੀ ‘ਚ ਕਿਸਾਨਾਂ ਮਜ਼ਦੂਰਾਂ ਨੂੰ ਲੈ ਕੇ ਸੈਂਕੜੇ ਵਹੀਕਲਾਂ ਦਾ ਕਾਫਲਾ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਮੀਤ ਪ੍ਰਧਾਨ ਰੂਪ ਸਿੰਘ ਛੰਨਾਂ ਦੀ ਅਗਵਾਈ ਹੇਠ ਖਨੌਰੀ ਬਾਡਰ ਤੋਂ ਦਿੱਲੀ ਟਿਕਰੀ ਮੋਰਚੇ ਵੱਲ ਰਵਾਨਾ ਹੋਇਆ। ਇਸ ਮੌਕੇ ਹਾਜ਼ਰ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਰਵਾਨਗੀ ਸਮੇਂ ਕਰੋਨਾ ਸਾਵਧਾਨੀਆਂ ਦੀ ਪਾਲਣਾ ਨਾਲ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁੱੱਖ ਬੁਲਾਰਿਆਂ ਵਿੱਚ ਖੁਦ ਤੋਂ ਇਲਾਵਾ ਜੋਗਿੰਦਰ ਸਿੰਘ ਉਗਰਾਹਾਂ ਅਤੇ ਮੀਤ ਪ੍ਰਧਾਨ ਰੂਪ ਸਿੰਘ ਛੰਨਾਂ ਸਮੇਤ ਜਗਤਾਰ ਸਿੰਘ ਕਾਲਾਝਾੜ, ਮਨਜੀਤ ਸਿੰਘ ਨਿਆਲ, ਬਹਾਲ ਸਿੰਘ ਢੀਂਡਸਾ ਵੀ ਸ਼ਾਮਲ ਸਨ।
ਬੁਲਾਰਿਆਂ ਨੇ ਦੋਸ਼ ਲਾਇਆ ਕਿ ਸਾਮਰਾਜੀ ਕਾਰਪੋਰੇਟ ਘਰਾਣਿਆਂ ਦੇ ਹਿਤਾਂ ਨੂੰ ਪ੍ਰਨਾਈ ਕੇਂਦਰ ਦੀ ਮੋਦੀ ਭਾਜਪਾ ਹਕੂਮਤ ਕਿਸਾਨ ਮਾਰੂ ਕਾਲੇ ਖੇਤੀ ਕਾਨੂੰਨ ਰੱਦ ਕਰਨ ਦੀ ਬਜਾਏ ਕੋਰੋਨਾ ਮਹਾਂਮਾਰੀ ਦਾ ਖੌਫ਼ ਪੈਦਾ ਕਰਕੇ ਕਿਸਾਨ ਮੋਰਚੇ ਦੇ ਖਿੰਡ ਜਾਣ ਦਾ ਭਰਮ ਪਾਲ਼ ਰਹੀ ਹੈ। ਪਰ ਜਾਗ੍ਰਿਤ ਹੋ ਚੁੱਕੇ ਸਿਦਕੀ ਕਿਸਾਨ ਮਜਦੂਰ ਔਰਤਾਂ ਮਰਦ ਨੌਜਵਾਨ ਕਾਲੇ ਕਾਨੂੰਨਾਂ ਰਾਹੀਂ ਹੋਣ ਵਾਲੀ ਵਿਆਪਕ ਤਬਾਹੀ ਨੂੰ ਕੋਰੋਨਾ ਨਾਲੋਂ ਵੀ ਬੇਹੱਦ ਖਤਰਨਾਕ ਮੰਨ-ਬੁੱਝ ਕੇ ਆਰ ਜਾਂ ਪਾਰ ਦੀ ਲੜਾਈ ਲਈ 6 ਮਹੀਨਿਆਂ ਤੋਂ ਲਗਾਤਾਰ ਹਜ਼ਾਰਾਂ ਦੀ ਗਿਣਤੀ’ਚ ਦਿੱਲੀ ਦੀਆਂ ਬਰੂਹਾਂ ‘ਤੇ ਡਟੇ ਹੋਏ ਸਰਕਾਰ ਦੇ ਇਸ ਭਰਮ ਨੂੰ ਚਕਨਾਚੂਰ ਕਰ ਰਹੇ ਹਨ। ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਮੁਜਰਮਾਨਾ ਚੁੱਪ ਧਾਰਨ ਅਤੇ ਕਰੋਨਾ ਵਿਰੁੱਧ ਲੜਾਈ ਵਿੱਚ ਜ਼ਿੰਮੇਵਾਰੀਆਂ ਤੋਂ ਭੱਜਣ ਦੀ ਦੋਸ਼ੀ ਸਰਕਾਰ ਵਿਰੁੱਧ ਲੱਗੀ ਹੋਈ ਸਿਰ-ਧੜ ਦੀ ਬਾਜ਼ੀ ‘ਚ ਵਿਘਨ ਪਾਊ ਤੂਫ਼ਾਨੀ ਮੌਸਮੀ ਦੁਸ਼ਵਾਰੀਆਂ ਨੂੰ ਵੀ ਵੰਗਾਰ ਰਹੇ ਹਨ।
- Advertisement -
ਉਨ੍ਹਾਂ ਐਲਾਨ ਕੀਤਾ ਕਿ ਤਿੰਨੇ ਕਾਲੇ ਖੇਤੀ ਕਾਨੂੰਨ, ਬਿਜਲੀ ਬਿੱਲ, ਪਰਾਲੀ ਆਰਡੀਨੈਂਸ ਰੱਦ ਕਰਾਉਣ ਅਤੇ ਐਮ ਐਸ ਪੀ ‘ਤੇ ਸਾਰੀਆਂ ਫਸਲਾਂ ਦੀ ਖਰੀਦ ਦੀ ਗਰੰਟੀ ਸਮੇਤ ਪੂਰੇ ਦੇਸ਼ ਵਿੱਚ ਹਰ ਗਰੀਬ ਲਈ ਜਨਤਕ ਵੰਡ ਪ੍ਰਨਾਲੀ ਲਾਗੂ ਕਰਾਉਣ ਦੀਆਂ ਮੁੱਖ ਮੰਗਾਂ ਮੰਨੇ ਜਾਣ ਤੱਕ ਸਾਂਝਾ ਕਿਸਾਨ ਘੋਲ਼ ਹੋਰ ਵਿਸ਼ਾਲ ਅਤੇ ਤੇਜ਼ ਕਰਦੇ ਹੋਏ ਜਾਰੀ ਰੱਖਿਆ ਜਾਵੇਗਾ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਮੁਤਾਬਕ 26 ਮਈ ਨੂੰ ਟਿਕਰੀ ਮੋਰਚੇ ਸਮੇਤ ਪੂਰੇ ਪੰਜਾਬ ਦੇ 39 ਪੱਕੇ ਮੋਰਚਿਆਂ ਅਤੇ ਹਰ ਪਿੰਡ ਵਿੱਚ ਵਹੀਕਲਾਂ ਸਣੇ ਘਰ-ਘਰ ਕਾਲੇ ਝੰਡੇ ਲਹਿਰਾ ਕੇ ਅਤੇ ਮੋਦੀ ਭਾਜਪਾ ਹਕੂਮਤ ਸਾਮਰਾਜੀ ਗੱਠਜੋੜ ਦੀਆਂ ਅਰਥੀਆਂ ਸਾੜ ਕੇ ਕਾਲ਼ਾ ਦਿਵਸ ਮਨਾਇਆ ਜਾਵੇਗਾ।
ਇਸ ਮੌਕੇ ਉਕਤ ਮੁੱਖ ਮੰਗਾਂ ਤੋਂ ਇਲਾਵਾ ਕੋਰੋਨਾ ਦੀ ਅਸਰਦਾਰ ਰੋਕਥਾਮ ਸੰਬੰਧੀ ਮੰਗਾਂ ਉੱਤੇ ਵੀ ਵਿਸ਼ੇਸ਼ ਜੋਰ ਦਿੱਤਾ ਜਾਵੇਗਾ। ਸਾਰੇ ਵੱਡੇ ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰੀ ਹੱਥਾਂ ‘ਚ ਲੈ ਕੇ ਹਰ ਸਰਕਾਰੀ ਹਸਪਤਾਲ ‘ਚ ਬੈੱਡਾਂ, ਵੈਂਟੀਲੇਟਰਾਂ, ਆਕਸੀਜਨ ਆਦਿ ਦੇ ਸਾਰੇ ਲੋੜੀਂਦੇ ਪ੍ਰਬੰਧ ਤੁਰੰਤ ਕੀਤੇ ਜਾਣ, ਜਿਨ੍ਹਾਂ ਦੀ ਕਮੀ ਕਾਰਨ ਕੋਰੋਨਾ ਪੀੜਤ ਧੜਾਧੜ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਟਾਲ਼ੀਆਂ ਜਾ ਸਕਣ ਵਾਲੀਆਂ ਮੌਤਾਂ ਲਈ ਕੇਂਦਰ ਤੇ ਪੰਜਾਬ ਦੀਆਂ ਦੋਨਾਂ ਸਰਕਾਰਾਂ ਦੀ ਮੁਜਰਮਾਨਾ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ।
ਕਿਸਾਨ ਆਗੂਆਂ ਨੇ ਬਹਾਨੇ ਵਜੋਂ ਵਰਤੀ ਜਾ ਰਹੀ ਖਾਲੀ ਖਜ਼ਾਨੇ ਦੀ ਦਲੀਲ ਨੂੰ ਰੱਦ ਕਰਦਿਆਂ ਸਾਮਰਾਜੀ ਕਾਰਪੋਰੇਟਾਂ, ਵੱਡੇ ਜਗੀਰਦਾਰਾਂ ਤੇ ਸੂਦਖੋਰਾਂ ਉੱਤੇ ਭਾਰੀ ਟੈਕਸ ਲਾ ਕੇ ਤੁਰੰਤ ਵਸੂਲੀ ਕਰਨ ਦੀ ਮੰਗ ਉੱਤੇ ਜ਼ੋਰ ਦਿੱਤਾ ਗਿਆ ।
- Advertisement -
ਆਗੂਆਂ ਨੇ ਕਿਹਾ ਕਿ ਅਸਲ ਵਿੱਚ ਇਨ੍ਹਾਂ ਲੁਟੇਰਿਆਂ ਨੂੰ ਹਰ ਸਾਲ ਦਿੱਤੀਆਂ ਜਾਂਦੀਆਂ ਅਰਬਾਂ ਖਰਬਾਂ ਦੀਆਂ ਰਿਆਇਤਾਂ ਹੀ ਖਜਾਨਾ ਖਾਲੀ ਹੋਣ ਦਾ ਮੁੱਖ ਕਾਰਨ ਹੈ। ਇਸ ਲਈ ਜਥੇਬੰਦੀ ਵੱਲੋਂ ਕਰੋਨਾ ਮਹਾਂਮਾਰੀ ਵਿਰੁੱਧ ਲੜਾਈ ਲਈ ਵਿਸ਼ੇਸ਼ ਮੰਗ ਪੱਤਰ ਤਿਆਰ ਕਰਕੇ ਪੰਜਾਬ ਸਰਕਾਰ ਨੂੰ ਇਹ ਮੰਗਾਂ ਤੁਰੰਤ ਲਾਗੂ ਕਰਨ ਲਈ ਮਜਬੂਰ ਕਰਨ ਖਾਤਰ 28,29,30 ਮਈ ਨੂੰ ਪੂਡਾ ਗ੍ਰਾਊਂਡ ਪਟਿਆਲਾ ਵਿਖੇ ਦਿਨ ਰਾਤ ਦਾ ਪੱਕਾ ਧਰਨਾ ਲਾਉਣ ਦਾ ਫ਼ੈਸਲਾ ਵੀ ਕੀਤਾ ਗਿਆ ਹੈ।