ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਕੇਂਦਰ ਦੀ ਭਾਜਪਾ ਸਰਕਾਰ ਉਪਰ ਉਸਦੇ ਪੰਜਾਬੀ ਵਿਰੋਧੀ ਰਵਈਏ ਲਈ ਵਰ੍ਹੇ ਹਨ, ਜਿਸਦਾ ਖੁਲਾਸਾ ਕੇਂਦਰ ਸਰਕਾਰ ਵਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਲਈ ਪੰਜ ਅਧਿਕਾਰਿਕ ਭਾਸ਼ਾਵਾਂ ਨੂੰ ਨੋਟੀਫਾਈ ਕਰਦਿਆਂ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨ ਕਰਕੇ ਹੋਇਆ ਹੈ।
ਤਿਵਾੜੀ ਨੇ ਮਾਮਲੇ ਵਿਚ ਅਕਾਲੀ ਦਲ ਦੀ ਭੇਦ ਪੂਰਨ ਚੁੱਪੀ ਤੇ ਵੀ ਸਵਾਲ ਕੀਤੇ ਹਨ, ਜਿਹੜੀ ਭਾਜਪਾ ਨਾਲ ਕੇਂਦਰ ਵਿੱਚ ਭਾਈਵਾਲ ਹੈ ਅਤੇ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਹਨ।
ਸ੍ਰੀ ਆਨੰਦਪੁਰ ਸਾਹਿਬ ਤੋਂ ਐੱਮ.ਪੀ ਨੇ ਕਿਹਾ ਕਿ ਪੰਜਾਬੀ ਭਾਸ਼ਾ ਦੇ ਪ੍ਰਤੀ ਭਾਜਪਾ ਦੀ ਵਿਰੋਧਤਾ ਬਹੁਤ ਪੁਰਾਣੀ ਹੈ, ਜਿਹੜੀ ਪੰਜਾਬੀ ਸੂਬਾ ਅੰਦੋਲਨ ਦੇ ਦਿਨਾਂ ਵਿੱਚ ਸਾਹਮਣੇ ਆ ਗਈ ਸੀ, ਪਰ ਅਕਾਲੀਆਂ ਦਾ ਵਤੀਰਾ ਹੈਰਾਨੀਜਨਕ ਹੈ।
ਸਾਬਕਾ ਕੇਂਦਰੀ ਮੰਤਰੀ ਨੇ ਜ਼ੋਰ ਦਿੰਦਿਆਂ ਕਿਹਾ ਹੈ ਕਿ ਜੰਮੂ ਕਸ਼ਮੀਰ ਦੇ ਲੋਕਾਂ ਦਾ ਇੱਕ ਵੱਡਾ ਹਿੱਸਾ ਪੰਜਾਬੀ ਭਾਸ਼ਾ ਬੋਲਦਾ ਹੈ ਅਤੇ ਇਹ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਕੀਤਾ ਗਿਆ ਪੂਰੀ ਤਰ੍ਹਾਂ ਅਨਿਆਂ ਹੈ, ਜੋ ਇਸ ਵੇਲੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਿੱਧੇ ਤੌਰ ਤੇ ਕੰਟਰੋਲ ਕਰਦੀ ਹੈ ਅਤੇ ਇਹ ਭਾਸ਼ਾਈ ਫਿਰਕਾਪ੍ਰਸਤੀ ਦਾ ਸਾਮਾਨ ਹੈ।
ਤਿਵਾੜੀ ਨੇ ਪੰਜਾਬੀ ਭਾਸ਼ਾ ਦੇ ਪ੍ਰਤੀ ਆਪਣੇ ਭਾਵਨਾਤਮਕ ਰਿਸ਼ਤੇ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਵਰਗਵਾਸੀ ਪਿਤਾ ਪ੍ਰੋ. ਵਿਸ਼ਵਨਾਥ ਤਿਵਾੜੀ ਨਾ ਸਿਰਫ਼ ਇੱਕ ਮਹਾਨ ਪੰਜਾਬੀ ਲਿਖਾਰੀ ਸਨ, ਬਲਕਿ ਉਹ ਪੰਜਾਬੀ ਭਾਸ਼ਾ ਦੇ ਵੱਡੇ ਸਮਰਥਕ ਸਨ, ਜਿਨ੍ਹਾਂ ਨੇ ਚੰਡੀਗੜ੍ਹ ਨੂੰ ਪੰਜਾਬੀ ਭਾਸ਼ਾਈ ਖੇਤਰ ਸਾਬਤ ਕਰਨ ਵਾਸਤੇ ਇੱਕ ਮੁਹਿੰਮ ਵੀ ਚਲਾਈ ਸੀ। ਉਨ੍ਹਾਂ ਨੇ ਦੇਸ਼ ਦੀ ਅਖੰਡਤਾ ਅਤੇ ਪੰਜਾਬ ਅੰਦਰ ਸੰਪਰਦਾਇਕ ਭਾਈਚਾਰਾ ਕਾਇਮ ਕਰਨ ਲਈ ਆਪਣੀ ਜ਼ਿੰਦਗੀ ਦਾ ਬਲਿਦਾਨ ਵੀ ਦੇ ਦਿੱਤਾ।
ਜਿਸ ਤੇ ਸੀਨੀਅਰ ਕਾਂਗਰਸੀ ਆਗੂ ਨੇ ਕੇਂਦਰ ਸਰਕਾਰ ਨੂੰ ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਦੀਆਂ ਅਧਿਕਾਰਿਕ ਭਾਸ਼ਾਵਾਂ ਵਿੱਚੋਂ ਹਟਾਏ ਜਾਣ ਸਬੰਧੀ ਆਪਣੇ ਫ਼ੈਸਲੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ।