ਯੂਕੇ ‘ਚ 16 ਸਾਲਾ ਸਿੱਖ ਦੇ ਕਤਲ ਕੇਸ ‘ਚ 2 ਨੂੰ ਮਿਲੀ ਸਜ਼ਾ

Prabhjot Kaur
3 Min Read

ਲੰਦਨ: ਯੂਕੇ ‘ਚ ਦੋ ਸਾਲ ਪਹਿਲਾਂ 16 ਸਾਲ ਦੇ ਇੱਕ ਸਿੱਖ ਨੌਜਵਾਨ ਰਿਸ਼ਮੀਤ ਸਿੰਘ ਦਾ ਕਤਲ ਹੋ ਗਿਆ ਸੀ। ਬੁਰੀ ਤਰ੍ਹਾਂ ਛੁਰਾ ਮਾਰ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵਾਂ ਕਾਤਲਾਂ ਨੂੰ ਬਰਤਾਨੀਆ ਦੀ ਅਦਾਲਤ ਨੇ ਅੱਜ ਉਮਰਕੈਦ ਦੀ ਸਜ਼ਾ ਸੁਣਾ ਦਿੱਤੀ।

ਲੰਦਨ ‘ਚ ਪੰਜਾਬੀਆਂ ਦੇ ਗੜ ਮੰਨੇ ਜਾਂਦੇ ਸਾਊਥਲ ਵਿੱਚ 24 ਨਵੰਬਰ 2021 ਦੀ ਰਾਤ 16 ਸਾਲਾ ਰਿਸ਼ਮੀਤ ਸਿੰਘ ਦਾ ਕਤਲ ਹੋਇਆ ਸੀ। ਬੀਤੇ ਦਿਨੀਂ ਲੰਦਨ ਦੀ ਓਲਡ ਬੋਲੀ ਕੋਰਟ ਚ ਵਨੁਸ਼ਾਨ ਬਾਲਾਕ੍ਰਿਸ਼ਨਨ ਅਤੇ ਇਲਿਆਸ ਸੁਲੇਮਾਨ ਨੂੰ ਰਿਸ਼ਮੀਤ ਸਿੰਘ ਦੇ ਕਤਲ ਦਾ ਦੋਸ਼ੀ ਠਹਿਰਾਇਆ ਗਿਆ। ਦੋਵਾਂ ਕਾਤਲਾਂ ਨੂੰ ਸਜ਼ਾ ਸੁਣਾਉਂਦੇ ਹੋਏ ਅਦਾਲਤ ਨੇ ਟਿੱਪਣੀ ਕੀਤੀ ਕਿ ਇਹ ਕਤਲ ਬਹੁਤ ਹੀ ਦੁਖਦਾਈ ਹੈ ਅਤੇ ਦੋਸ਼ੀਆਂ ਨੇ ਇਸ ਕਤਲ ਨੂੰ ਯੋਜਨਾਬੱਧ ਢੰਗ ਨਾਲ ਅੰਜਾਮ ਦਿੱਤਾ ਸੀ। ਜੱਜ ਸਾਰਾਹ ਮੁਨਰੋ ਨੇ ਦੋਸ਼ੀਆਂ ਦੀ ਪੈਰੋਲ ‘ਤੇ ਵਿਚਾਰ ਕਰਨ ਤੋਂ ਪਹਿਲਾਂ ਬਾਲਕ੍ਰਿਸ਼ਨਨ ਨੂੰ ਘੱਟੋਂ-ਘੱਟ 24 ਸਾਲ ਅਤੇ ਸੁਲੇਮਾਨ ਨੂੰ ਘੱਟੋਂ-ਘੱਟ 21 ਸਾਲ ਦੀ ਕੈਦ ਦੀ ਸਜ਼ਾ ਸੁਣਾਈ।

ਕਤਲਕਾਂਡ ਦੀ ਜਾਂਚ ਕਰ ਰਹੇ ਮੈਟਰੋਪੋਲੀਟਨ ਪੁਲਿਸ ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੇ ਡਿਟੈਕਟਿਵ ਇੰਸਪੈਕਟਰ ਲਾਰਾ ਸੇਮਪਲ ਨੇ ਦੱਸਿਆ ਕਿ ਰਿਸ਼ਮੀਤ 16 ਸਾਲ ਦਾ ਨੌਜਵਾਨ ਸੀ। ਉਸ ਦੇ ਅੱਗੇ ਉਸ ਦੀ ਸਾਰੀ ਜ਼ਿੰਦਗੀ ਸੀ। ਉਹ ਆਪਣੇ ਘਰ ਤੋਂ ਥੋੜੀ ਦੂਰ ਜਾ ਰਿਹਾ ਸੀ, ਜਦੋਂ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ ਨੇ ਉਸ ਦਾ ਪਿੱਛਾ ਕੀਤਾ ਅਤੇ ਉਸ ਨੂੰ ਛੁਰੇ ਮਾਰ ਕੇ ਮਾਰ ਦਿੱਤਾ। ਪੁਲਿਸ ਨੇ ਦੱਸਿਆ ਕਿ ਦੋਹਾਂ ਮੁੰਡਿਆਂ ਨੇ ਰਿਸ਼ਮੀਤ ਸਿੰਘ ‘ਤੇ 15 ਵਾਰ ਹਮਲਾ ਕੀਤਾ। ਹਮਲੇ ਦੇ ਸਮੇਂ ਬਾਲਾਕ੍ਰਿਸ਼ਨਨ ਅਤੇ ਸੁਲੇਮਾਨ 17 ਸਾਲ ਦੇ ਸੀ। ਦੋਵਾਂ ਨੂੰ ਦਸੰਬਰ 2021 ਵਿੱਚ ਕਤਲ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਰਿਸ਼ਮੀਤ ਸਿੰਘ ਅਫਗਾਨਿਸਤਾਨ ਤੋਂ ਪਨਾਹ ਮੰਗਣ ਲਈ ਅਕਤੂਬਰ 2019 ਵਿੱਚ ਆਪਣੀ ਮਾਂ ਅਤੇ ਦਾਦੀ ਨਾਲ ਯੂਕੇ ਆਇਆ ਸੀ। ਰਿਸ਼ਮੀਤ ਨੂੰ ਗਲਤੀ ਨਾਲ ਵਿਰੋਧੀ ਗਿਰੋਹ ਨਾਲ ਸਬੰਧਤ ਰੱਖਣ ਵਾਲਾ ਸਮਝਕੇ ਨਿਸ਼ਾਨਾ ਬਣਾਇਆ ਗਿਆ ਅਤੇ ਉਸ `ਤੇ 15 ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਜਿਸ ‘ਤੋਂ ਬਾਅਦ ਉਸ ਦੀ ਮੌਤ ਹੋ ਗਈ। ਇਸ ਸਬੰਧੀ ਮ੍ਰਿਤਕ ਦੀ ਮਾਂ ਨੇ ਕਿਹਾ ਕਿ ਉਹ ਆਪਣਾ ਪਤੀ ਪਹਿਲਾਂ ਹੀ ਗੁਆ ਚੁੱਕੀ ਸੀ ਅਤੇ ਹੁਣ ਉਸ ਦਾ ਇਕਲੌਤਾ ਪੁੱਤ ਵੀ ਉਸ ਨੂੰ ਛੱਡ ਕੇ ਚਲਾ ਗਿਆ। ਉਨਾਂ ਕਿਹਾ ਕਿ ਰਿਸ਼ਮੀਤ ਦੇ ਕਾਤਲਾਂ ਨੂੰ ਸਜ਼ਾ ਮਿਲ ਗਈ ਹੈ, ਪਰ ਇਹ ਸਜ਼ਾ ਉਨਾਂ ਲਈ ਕਦੇ ਵੀ ਕਾਫ਼ੀ ਨਹੀਂ ਹੋਵੇਗੀ।

- Advertisement -

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment