ਤੀਜ ਕੇਵਲ ਤਿਉਹਾਰ ਨਹੀਂ, ਇਹ ਸਾਡੀ ਮਾਤ ਸ਼ਕਤੀ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਰੂਹ ਹੈ : ਡਾ. ਬਲਜੀਤ ਕੌਰ

Global Team
3 Min Read

ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਨੇ ਅੱਜ ਹੁਸ਼ਿਆਰਪੁਰ ਦੇ ਟਾਂਡਾ ਰੋਡ ਸਥਿਤ ਗੋਲਡਨ ਹੈਰੀਟੇਜ ਰਿਜ਼ੋਰਟ ਵਿਖੇ ਰਾਜ ਪੱਧਰੀ ‘ਤ੍ਰਿੰਝਣਾਂ ਤੀਜ ਮੇਲਾ-2025’ ਦਾ ਸ਼ਾਨਦਾਰ ਆਯੋਜਨ ਕੀਤਾ। ਇਸ ਮੌਕੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਪੰਜਾਬ ਡਾ. ਬਲਜੀਤ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਪੰਜਾਬ ਡਾ. ਰਵਜੋਤ ਸਿੰਘ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੌੜੀ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ, ਵਿਧਾਇਕ ਕਰਮਬੀਰ ਸਿੰਘ ਘੁੰਮਣ ਅਤੇ ਵਿਧਾਇਕ ਜੀਵਨ ਜੋਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਦੀ ਤੀਜ ਸਿਰਫ਼ ਇਕ ਤਿਉਹਾਰ ਨਹੀਂ ਹੈ, ਸਗੋਂ ਸਾਡੀ ਮਾਤ ਸ਼ਕਤੀ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਰੂਹ ਹੈ। ਉਨ੍ਹਾਂ ਕਿਹਾ ਕਿ ਅੱਜ ਦਾ ਮੇਲਾ ਸਾਨੂੰ ਆਪਣੀਆਂ ਜੜ੍ਹਾਂ ਅਤੇ ਉਸ ਖੁਸ਼ਹਾਲ ਜੀਵਨ ਦੀ ਯਾਦ ਦਿਵਾਉਂਦਾ ਹੈ, ਜਿਥੇ ਔਰਤਾਂ ਇਕੱਠੇ ਬੈਠ ਕੇ ਗੀਤ ਗਾਉਂਦੀਆਂ ਸਨ, ਪੀਂਘਾਂ ਝੂਟਦੀਆਂ ਸਨ ਅਤੇ ਪੂਰੇ ਪਿੰਡ ਵਿਚ ਉਤਸ਼ਾਹ ਦਾ ਮਾਹੌਲ ਹੁੰਦਾ ਸੀ।

ਇਸ ਦੌਰਾਨ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਮਨਮੋਹਕ ਗੀਤਾਂ ਅਤੇ ਸੰਗੀਤ ਦੀ ਪੇਸ਼ਕਾਰੀ ਕੀਤੀ। ਕਿਰਦਾਰ ਥੀਏਟਰ ਵੱਲੋਂ ਕੀਤੇ ਗਏ ਸ਼ਾਨਦਾਰ ਮਿਮਿਕਰੀ ਸ਼ੋਅ ਨੇ ਸਾਰਿਆਂ ਨੂੰ ਖੂਬ ਹਸਾ ਦਿੱਤਾ। ਤਾਈ ਜਗੀਰੋ ਅਤੇ ਗਿੱਧੇ ਵਾਲੀਆਂ ਕੁੜੀਆਂ ਨੇ ਲੋਕ ਗੀਤਾਂ ਅਤੇ ਨਾਚ ਨਾਲ ਮੇਲੇ ਵਿਚ ਜਾਨ ਪਾ ਦਿੱਤੀ। ਸਰਕਾਰੀ ਐਲੀਮੈਂਟਰੀ ਸਕੂਲ ਝਾਂਸ ਦੀਆਂ ਕੁੜੀਆਂ ਨੇ ਗਿੱਧੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਹੁਸ਼ਿਆਰਪੁਰ ਦੀ ਵਿਦਿਆਰਥਣ ਅਤੇ ਮਸ਼ਹੂਰ ਢੋਲੀ ਰਿਤਿਕਾ ਸੈਣੀ ਨੇ ਢੋਲ ਦੀਆਂ ਤਾਲਾਂ ‘ਤੇ ਸਾਰਿਆਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਈਕੋ ਵਿਲੇਜ ਵਿਚ ਇਕ ਪੁਰਾਣੇ ਪਿੰਡ ਦੇ ਦ੍ਰਿਸ਼ ਨੂੰ ਜੀਵੰਤ ਕੀਤਾ ਗਿਆ, ਜਿਸ ਵਿਚ ਖੂਹ, ਬਾਲਟੀਆਂ, ਰੱਸੀਆਂ, ਗਾਵਾਂ ਦੇ ਕੱਟ-ਆਊਟ, ਚਰਖਾ ਅਤੇ ਝੂਲੇ (ਪੀਂਘਾਂ) ਲੋਕਾਂ ਲਈ ਖਿੱਚ ਦਾ ਕੇਂਦਰ ਬਣੇ। ਔਰਤਾਂ ਦੇ ਇਕੱਠ ਅੰਦਰ ਬੈਠ ਕੇ ਚਰਖੇ ਦੁਆਲੇ ਗੀਤ ਗਾਉਂਦੇ ਸਨ ਅਤੇ ਤੀਜ ਦੀਆਂ ਕਹਾਣੀਆਂ ਸੁਣਾਉਂਦੇ ਸਨ, ਜਦੋਂ ਕਿ ਬਾਹਰ ਗਿੱਧੇ ਅਤੇ ਲੋਕ ਗੀਤਾਂ ਦੀ ਗੂੰਜ ਸੀ। ਮੇਲੇ ਵਿਚ ਆਉਣ ਵਾਲੇ ਦਰਸ਼ਕਾਂ ਨੂੰ ਮੱਕੀ ਦੀ ਰੋਟੀ, ਸਰ੍ਹੋਂ ਦਾ ਸਾਗ, ਗੱਟਾ ਅਤੇ ਗੁੜ ਦੇ ਗੁਲਗੁਲੇ ਵਰਗੇ ਰਵਾਇਤੀ ਪਕਵਾਨ ਪਰੋਸੇ ਗਏ। ਆਕਰਸ਼ਕ ਸੈਲਫੀ ਪੁਆਇੰਟ ਅਤੇ ਵਿਸ਼ੇਸ਼ ਸਜਾਵਟ ਨੇ ਮੇਲੇ ਦਾ ਮਜ਼ਾ ਦੁੱਗਣਾ ਕਰ ਦਿੱਤਾ।

ਇਸ ਮੌਕੇ ਮੁੱਖ ਮਹਿਮਾਨ ਨੇ ਵੱਖ-ਵੱਖ ਖੇਤਰਾਂ ਵਿਚ ਨਾਮ ਕਮਾਉਣ ਵਾਲੀਆਂ ਮਹਿਲਾ ਅਧਿਕਾਰੀਆਂ, ਵਿਦਿਆਰਥੀਆਂ ਅਤੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਪੰਜਾਬ ਨੂੰ ਦੁਬਾਰਾ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਅਜਿਹੇ ਸਮਾਗਮ ਨਾ ਸਿਰਫ਼ ਸਾਡੀ ਸੱਭਿਆਚਾਰਕ ਵਿਰਾਸਤ ਨੂੰ ਜਿਉਂਦਾ ਰੱਖਦੇ ਹਨ ਬਲਕਿ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਵਿਚ ਵੀ ਮਦਦ ਕਰਦੇ ਹਨ। ਇਸ ਮੌਕੇ ਐਸ.ਐਸ.ਪੀ ਸੰਦੀਪ ਕੁਮਾਰ ਮਲਿਕ, ਮੇਅਰ ਸੁਰਿੰਦਰ ਕੁਮਾਰ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਕਰਮਜੀਤ ਕੌਰ, ਚੇਅਰਮੈਨ ਨਗਰ ਸੁਧਾਰ ਟਰੱਸਟ ਹੁਸ਼ਿਆਰਪੁਰ ਗੁਰਵਿੰਦਰ ਸਿੰਘ ਪਾਬਲਾ, ਚੇਅਰਪਰਸਨ ਨਗਰ ਸੁਧਾਰ ਟਰੱਸਟ ਜਲੰਧਰ ਰਾਜਵਿੰਦਰ ਕੌਰ ਥਿਆੜਾ, ਵਧੀਕ ਡਿਪਟੀ ਕਮਿਸ਼ਨਰ ਅਮਰਬੀਰ ਕੌਰ, ਐਸ.ਪੀ ਨਵਨੀਤ ਕੌਰ, ਸਹਾਇਕ ਕਮਿਸ਼ਨਰ ਓਇਸ਼ੀ ਮੰਡਲ, ਆਰ.ਟੀ.ਏ ਅਮਨਦੀਪ ਕੌਰ, ਐਸ.ਡੀ.ਐਮ ਹੁਸ਼ਿਆਰਪੁਰ ਗੁਰਸਿਮਰਨਜੀਤ ਕੌਰ, ਡੀ.ਐਸ.ਪੀ ਮਨਪ੍ਰੀਤ ਕੌਰ ਅਤੇ ਹੋਰ ਪਤਵੰਤੇ ਹਾਜ਼ਰ ਸਨ।

Share This Article
Leave a Comment