ਬਿੰਦੂ ਸਿੰਘ
ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਹੋਏ ਪਲੇਠੀ ਵਿਧਾਨ ਸਭਾ ਇਜਲਾਸ ਦੇ ਆਖ਼ਰੀ ਦਿਨ ਮੁੱਖ ਮੰਤਰੀ ਅਤੇ ਸਦਨ ਦੇ ਲੀਡਰ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਦੀ ਬਿਲਡਿੰਗ ਅੰਦਰ ਸੰਵਿਧਾਨ ਦੀ ਰਚਨਾ ਕਰਨ ਵਾਲੇ ਬਾਬਾ ਸਾਹਿਬ ਅੰਬੇਡਕਰ ਅਤੇ ਸ਼ਹੀਦ- ਏ- ਆਜ਼ਮ ਭਗਤ ਸਿੰਘ ਦੇ ਬੁੱਤ ਲਾਉਣ ਨੂੰ ਲੈ ਕੇ ਹਾਊਸ ‘ਚ ਮਤਾ ਲਿਆਂਦਾ ਗਿਆ ਸੀ। ਇਸ ਦੇ ਨਾਲ ਹੀ ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਖ਼ਾਲਸਾ ਰਾਜ ਦੇ ਸੰਸਥਾਪਕ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਵਿਧਾਨ ਸਭਾ ‘ਚ ਲਾਉਣ ਦੀ ਤਜਵੀਜ਼ ਪੇਸ਼ ਕੀਤੀ ਗਈ ਸੀ। ਇਸ ਨੁੂੰ ਲੈ ਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਕਿ ਤਿੰਨੋਂ ਮਹਾਨ ਸ਼ਖ਼ਸੀਅਤਾਂ ਦੇ ਬੁੱਤ ਵਿਧਾਨ ਸਭਾ ਕੰਪਲੈਕਸ ਵਿੱਚ ਲਾਏ ਜਾਣੇ ਚਾਹੀਦੇ ਹਨ। ਪਰ ਹੁਣ ਬੁੱਤਾਂ ਨੂੰ ਲੈ ਕੇ ਇੱਕ ਤਕਨੀਕੀ ਪੇਚ ਫਸ ਗਿਆ ਹੈ।
ਸ਼ਹਿਰ ਚੰਡੀਗਡ਼੍ਹ ਦਾ ਨਕਸ਼ਾ ਸਵਿੱਸ-ਫਰੈਂਚ (Swiss French) ਨਕਸ਼ਾਨਵੀਸ ਨੇ ਤਿਆਰ ਕੀਤਾ ਸੀ ਤੇ ਇਹ ਸ਼ਹਿਰ ਆਪਣੇ ਆਪ ਵਿੱਚ ਦੁਨੀਆ ‘ਚ ਇੱਕ ਵਿਲੱਖਣ ਸ਼ਹਿਰ ਦੇ ਵਿਚਾਰ ਤੇ ਪਛਾਣਿਆ ਜਾਂਦਾ ਹੈ। ਸਾਲ 2016 ਵਿੱਚ ਇਸਤਾਨਬੁੱਲ ‘ਚ ਹੋਈ 40ਵੀਂ ਵਰਲਡ ਹੈਰੀਟੇਜ ਕਾਨਫਰੰਸ (World Heritage Conference) ਦੌਰਾਨ ਯੂਨੈਸਕੋ (UNESCO) ਵੱਲੋਂ ਚੰਡੀਗੜ੍ਹ ਨੂੰ ਕੈਪੀਟੋਲ ਕੰਪਲੈਕਸ ਐਲਾਨ ਦਿੱਤਾ ਗਿਆ ਸੀ। ਇਸ ਕੈਪੀਟੋਲ ਕੰਪਲੈਕਸ ਖੇਤਰ ਵਿੱਚ ਖ਼ਾਸ ਤੌਰ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ , ਪੰਜਾਬ ਅਤੇ ਹਰਿਆਣਾ ਸਕੱਤਰੇਤ ਅਤੇ ਪੰਜਾਬ ਅਤੇ ਹਰਿਆਣਾ ਦੀਆਂ ਵਿਧਾਨ ਸਭਾਵਾਂ ਦੀ ਬਿਲਡਿੰਗ ਦੇ ਨਾਲ ਨਾਲ ਖੁੱਲ੍ਹੇ ਹੱਥ ਵਾਲਾ ਸਮਾਰਕ , ਸ਼ਹੀਦੀ ਸਮਾਰਕ , ਜਿਉਮੈਟ੍ਰਿਕ ਹਿੱਲ , ਟਾਵਰ ਆਫ ਸ਼ੈਡੋ ਅਤੇ ਰੌਕ ਗਾਰਡਨ ਆਉਂਦੇ ਹਨ।
ਹੁਣ ਵਿਧਾਨ ਸਭਾ ਕੰਪਲੈਕਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਦਨ ਦੇ ਨੇਤਾ ਭਗਵੰਤ ਮਾਨ ਵੱਲੋਂ ਬੁੱਤ ਲਾਉਣ ਦੀ ਤਜਵੀਜ਼ ‘ਤੇ ‘ਵਿਰਾਸਤ’ ਵਿਸ਼ੇ ਨਾਲ ਜੁੜੇ ਮਾਹਿਰਾਂ ਅਤੇ ਨਕਸ਼ਾਨਵੀਸਾਂ ਵੱਲੋਂ ਸਖ਼ਤ ਨੋਟਿਸ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੰਡੀਗਡ਼੍ਹ ‘ਦਾ ਸਿਟੀ ਬਿਊਟੀਫੁੱਲ’ ਦਾ ਨਕਸ਼ਾ ਕੌਮਾਂਤਰੀ ਪੱਧਰ ਤੇ ਇੱਕ ਵਿਰਾਸਤ ਦੇ ਤੌਰ ਤੇ ਦਰਜ ਹੈ ਇਸ ਕਰ ਕੇ ਇੱਥੇ ਕੋਈ ਵੀ ਬਦਲਾਅ ਬਿਨਾਂ ਇਜਾਜ਼ਤ ਨਹੀਂ ਕੀਤਾ ਜਾ ਸਕਦਾ ਹੇੈ। ਮਾਹਰਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਬਦਲਾਅ ਚੰਡੀਗਡ਼੍ਹ ਤੇ ਨਕਸ਼ਾ ਨਵੀਸ ਲੀ ਕਾਰਬੂਜ਼ੀਅਰ ਦੀ ਵਿਜ਼ਨ ਦੇ ਖ਼ਿਲਾਫ਼ ਹੈ ਅਤੇ ਯੂਨੈਸਕੋ ਦੀਆਂ ਹਦਾਇਤਾਂ ਦੇ ਉਲਟ ਮੰਨਿਆ ਜਾਵੇਗਾ।
ਹੈਰੀਟੇਜ ਪ੍ਰੋਟੈਕਸ਼ਨ ਸੈੱਲ ਚੰਡੀਗੜ੍ਹ ਦੇ ਮੈਂਬਰ ਅਜੇ ਜੱਗਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਉਨ੍ਹਾਂ ਵੱਲੋਂ ਬੁੱਤ ਲਾਉਣ ਦੇ ਫ਼ੈਸਲੇ ਦੀ ਦੁਬਾਰਾ ਨਜ਼ਰਸਾਨੀ ਕਰਨ ਲਈ ਕਿਹਾ ਹੈ ਅਤੇ ਇਸ ਨੂੰ ਲੈ ਕੇ ਉਨ੍ਹਾਂ ਨੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਵੀ ਲਿਖੀ ਹੈ। ਪੱਤਰ ਵਿੱਚ ਜੱਗਾ ਨੇ ਖ਼ਾਸ ਤੌਰ ਤੇ ਲਿਖਿਆ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸ਼ਖ਼ਸੀਅਤਾਂ ਦੇ ਸਤਿਕਾਰ ਦੀ ਭਾਵਨਾ ਦੀ ਸ਼ਲਾਘਾ ਕਰਦੇ ਹਨ ਅਤੇ ਦੇਸ਼ ਲਈ ਇਨ੍ਹਾਂ ਸ਼ਖ਼ਸੀਅਤਾਂ ਵੱਲੋਂ ਕੀਤੇ ਕਾਰਜਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੇੈ। ਪਰ ਚੰਡੀਗਡ਼੍ਹ ਲਈ ਬਣਾਈਆਂ ਗਈਆਂ ਹਦਾਇਤਾਂ ਅਨੁਸਾਰ ਇੱਥੇ ਕੋਈ ਵੀ ਬੁੱਤ ਲਾਉਣ ਦੀ ਇਜਾਜ਼ਤ ਬਿਨਾਂ ਅਧਿਕਾਰਤ ਅਦਾਰੇ ਤੋਂ ਪੁੱਛੇ ਬਗ਼ੈਰ ਨਹੀਂ ਦਿੱਤੀ ਜਾ ਸਕਦੀ ਹੈ। ਇੱਥੇ ਫੋਟੋਆਂ ਅਤੇ ਪੇਂਟਿੰਗ ਲਾਉਣ ਤੇ ਮਨਾਹੀ ਨਹੀਂ ਹੈ।
ਇਸ ਨੂੰ ਲੈ ਕੇ ਅੱਜ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਜਿਨ੍ਹਾਂ ਨੇ ‘ਹਾਊਸ’ ਵਿੱਚ ਇਸ ਤਜਵੀਜ਼ ਦੀ ਬਹਿਸ ਚ ਹਿੱਸਾ ਲਿਆ ਸੀ ਅਤੇ ਮੰਗ ਕੀਤੀ ਸੀ ਕਿ ਸਿੱਖ ਰਾਜ ਦੇ ਸੰਸਥਾਪਕ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਬਾਕੀ ਦੋਹਾਂ ਮਹਾਨ ਸ਼ਖ਼ਸੀਅਤਾਂ ਦੇ ਨਾਲ ਲਾਇਆ ਜਾਣਾ ਚਾਹੀਦਾ ਹੈ, ਉਨ੍ਹਾਂ ਨੇ ਅਧਿਕਾਰੀਆਂ ਨੂੰ ਇਸ ਗੱਲ ਤੇ ਘੇਰਿਆ ਹੈ। ਬਾਜਵਾ ਨੇ ਕਿਹਾ ਕਿ ਅਧਿਕਾਰੀਆਂ ਨੇ ਵਿਧਾਨ ਸਭਾ ‘ਚ ਪੇਸ਼ ਕਰਨ ਲਈ ਅਜਿਹੀ ਤਜਵੀਜ਼ ਤਿਆਰ ਕਰਕੇ ਹਾਊਸ ਨੂੰ ਗੁੰਮਰਾਹ ਕੀਤਾ ਹੈ ਤੇ ਇਸ ਕਰ ਕੇ ਉਨ੍ਹਾਂ ਅਧਿਕਾਰੀਆਂ ਤੋਂ ਇਸ ਬਾਰੇ ਜਵਾਬ ਤਲਬ ਕੀਤਾ ਜਾਣਾ ਚਾਹੀਦਾ ਹੈ। ਬਾਜਵਾ ਨੇ ਇੱਥੇ ਤੱਕ ਕਹਿ ਦਿੱਤਾ ਕਿ ਇਸ ਤਰ੍ਹਾਂ ਦੀ ਤਜਵੀਜ਼ ਕਰਕੇ ਸਾਰਿਆਂ ਨੂੰ ਸ਼ਰਮਸਾਰ ਹੋਣਾ ਪਿਆ ਹੈ।
ਦੱਸ ਦੇਈਏ ਕਿ ਕੋਈ ਪੰਜ ਕੁ ਸਾਲ ਪਹਿਲਾਂ ਵੀ ਬਾਬਾ ਸਾਹਿਬ ਅੰਬੇਡਕਰ ਦਾ ਬੁੱਤ ਲਾਉਣ ਦੀ ਗੱਲ ਸਾਹਮਣੇ ਆਈ ਸੀ ਅਤੇ ਉਸ ਨੂੰ ਵੀ ਇਸੇ ਤਕਰੀਰ ‘ਤੇ ਖਾਰਜ ਕਰ ਦਿੱਤਾ ਗਿਆ ਸੀ। ਪੰਜਾਬ ਵਿੱਚ ਪਿਛਲੀਆਂ ਸਰਕਾਰਾਂ ਦੇ ਦੌਰਾਨ ਮੁੱਦਿਆਂ ਤੇ ਸਿਆਸਤ ਦਾ ਦੌਰ ਬਹੁਤ ਲੰਮਾ ਚੱਲਿਆ ਹੈ। ਸੂਬੇ ਦੇ ਕਈ ਅਹਿਮ ਮੁੱਦਿਆਂ ਤੇ ਅਜੇ ਵੀ ਫ਼ੈਸਲੇ ਲਏ ਜਾਣ ‘ਤੇ ਕੰਮ ਕਰਨਾ ਬਾਕੀ ਹੈ। ਵਿਧਾਨ ਸਭਾ ਇਜਲਾਸ ਲੰਮਾ ਕਰਨ ਦੀ ਗੱਲ ਆਮ ਆਦਮੀ ਪਾਰਟੀ ਵੱਲੋਂ ਕਹੀ ਗਈ ਹੈ। ਪਰ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਨਵੀਂ ਬਣੀ ਸਰਕਾਰ ਮੁੱਦਿਆਂ ਨੂੰ ਹੱਲ ਕਰਨ ਵੱਲ ਕੰਮ ਕਰੇਗੀ , ਜਿਸ ਦੀ ਆਸ ਸੂਬੇ ਦੇ ਹਰੇਕ ਸ਼ਖ਼ਸ ਨੂੰ ਹੈ। ਇਸ ਦੇ ਨਾਲ ਹੀ ਵਿਰੋਧੀ ਧਿਰਾਂ ਵੱਲੋਂ ਵੀ ਸੂਬੇ ਦੇ ਹਿੱਤਾਂ ਤੇ ਪਹਿਰਾ ਦਿੱਤਾ ਜਾਵੇਗਾ ਤੇ ਨਾ ਕੇ ਸਿਰਫ਼ ਮੁੱਦਿਆਂ ਦੀ ਸਿਆਸਤ!