ਸਿੱਖਿਆ ਮੰਤਰੀ ਦਾ ਅਧਿਆਪਕਾਂ ਨੇ ਕੀਤਾ ਵਿਰੋਧ, ਪੁਲਿਸ ਨੇ ਹਿਰਾਸਤ ‘ਚ ਲਿਆ

TeamGlobalPunjab
2 Min Read

ਭਵਾਨੀਗੜ੍ਹ : ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਨੇ ਐਤਵਾਰ ਨੂੰ ਲਗਾਤਾਰ ਦੂਜੇ ਦਿਨ ਭਵਾਨੀਗੜ੍ਹ ‘ਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਅਧਿਆਪਕਾਂ ਨੇ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪਹਿਲਾਂ ਦੀ ਮੁਸਤੈਦ ਖੜੀ ਪੁਲਿਸ ਨੇ ਅਧਿਆਪਕਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਬੀਐੱਡ ਟੈੱਟ ਪਾਸ ਅਧਿਆਪਕਾਂ ਨੇ ਸਿੱਖਿਆ ਮੰਤਰੀ ਸਿੰਗਲਾ ਦਾ ਫੱਗੂਵਾਲਾ ਵਿਖੇ ਵਿਰੋਧ ਕੀਤਾ ਸੀ।

ਸਿੰਗਲਾ ਭਵਾਨੀਗੜ੍ਹ ਨੇੜਲੇ ਪਿੰਡ ਕਾਕੜਾ ਵਿਖੇ 75 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਸਪੋਰਟਸ ਪਾਰਕ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਸਿੰਗਲਾ ਦੇ ਸਮਾਗਮ ‘ਚ ਪੁੱਜਣ ਤੋਂ ਠੀਕ ਪਹਿਲਾਂ ਬੇਰੁਜ਼ਗਾਰ ਅਧਿਆਪਕ ਵੀ ਸਮਾਗਮ ਵਾਲੀ ਥਾਂ ‘ਤੇ ਆ ਪੁੱਜੇ ਜਿਨ੍ਹਾਂ ਨੇ ਸਮਾਗਮ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਅਧਿਆਪਕਾਂ ਨੂੰ ਜਬਰਦਸਤੀ ਚੁੱਕ ਕੇ ਬੱਸ ‘ਚ ਬਿਠਾ ਲਿਆ ਤੇ ਥਾਣੇ ਲਿਜਾ ਕੇ ਬੰਦ ਕਰ ਦਿੱਤਾ।

ਇਸ ਮੌਕੇ ਬੇਰੁਜ਼ਗਾਰ ਅਧਿਆਪਕ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਰੋਸ ਪ੍ਰਗਟਾਉੰਦਿਆ ਕਿਹਾ ਕਿ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ‘ਤੇ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਪੱਕਾ ਮੋਰਚਾ ਲਗਾਇਆ ਗਿਆ ਹੈ ਉੱਥੇ ਹੀ ਦੂਜੇ ਪਾਸੇ ਸਮਾਜਿਕ ਸਿੱਖਿਆ, ਹਿੰਦੀ ਤੇ ਪੰਜਾਬੀ ਅਧਿਆਪਕਾਂ ਦੀਆਂ ਅਸਾਮੀਆਂ ਭਰਨ ਦੀ ਮੰਗ ਨੂੰ ਲੈ ਕੇ ਇਸ 21 ਅਗਸਤ ਤੋਂ ਸੰਗਰੂਰ ਵਿਖੇ ਉਨ੍ਹਾਂ ਦਾ ਸਾਥੀ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਚੜ੍ਹ ਕੇ ਬੈਠਾ ਹੋਇਆ ਹੈ।

ਕਾਕੜਾ ਵਿਖੇ ਸਿੱਖਿਆ ਮੰਤਰੀ ਦੇ ਸਮਾਗਮ ਦੇ ਬਾਹਰ ਪੁਲਿਸ ਵੱਲੋਂ ਅਧਿਆਪਕ ਯੂਨੀਅਨ ਦੇ ਆਗੂ ਗੁਰਮੇਲ ਸਿੰਘ ਬਰਗਾੜੀ, ਸੁਖਜੀਤ ਸਿੰਘ ਬੀਰ ਖੁਰਦ, ਗੁਰਪ੍ਰੀਤ ਸਿੰਘ ਗਾਜੀਪੁਰ, ਲੇਖ ਸਿੰਘ ਗੁਰੁਹਰਸਹਾਏ, ਅਮਨ ਕੌਰ ਬਠਿੰਡਾ, ਕੰਵਲਜੀਤ ਕੌਰ ਬਠਿੰਡਾ ਨੂੰ ਗ੍ਰਿਫਤਾਰ ਕੀਤਾ।

- Advertisement -

ਖਾਲੀ ਅਸਾਮੀਆਂ ਨੂੰ ਜਲਦ ਭਰਿਆ ਜਾਵੇਗਾ: ਸਿੰਗਲਾ

ਕਾਕੜਾ ਵਿਖੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਵਿੱਤ ਵਿਭਾਗ ਵੱਲੋਂ ਜਿੰਨੀਆਂ ਪੋਸਟਾਂ ਦੀ ਭਰਤੀ ਕਰਨ ਦੀ ਮਨਜੂਰੀ ਦਿੱਤੀ ਗਈ ਉਨ੍ਹਾਂ ਨੂੰ ਭਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਰੀਬ 20 ਹਜ਼ਾਰ ਪੋਸਟਾਂ ਦੀ ਭਰਤੀ ਦੇ ਇਸ਼ਤਿਹਾਰ ਸਰਕਾਰ ਨੇ ਜਾਰੀ ਕਰ ਰੱਖੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਖਾਲੀ ਅਸਾਮੀਆਂ ਨੂੰ 15 ਅਕਤੂਬਰ ਤੱਕ ਭਰ ਦਿੱਤਾ ਜਾਵੇਗਾ।

Share this Article
Leave a comment