ਬੰਦ ਪਏ ਸਕੂਲਾਂ ਨੂੰ ਖੁਲ੍ਹਵਾਉਣ ਲਈ ਬੱਚਿਆਂ ਦੇ ਮਾਪਿਆਂ ਦੇ ਨਾਲ ਅਧਿਆਪਕ ਵੀ ਉਤਰੇ ਸੜਕਾਂ ‘ਤੇ

ਪਟਿਆਲਾ- ਅਧਿਆਪਕਾਂ ਨੇ ਚੋਣ ਕਮਿਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਕੂਲ ਨਾ ਖੋਲ੍ਹੇ ਗਏ ਤਾਂ ਉਹ ਸਕੂਲਾਂ ਵਿੱਚ ਪੋਲਿੰਗ ਬੂਥ ਨਹੀਂ ਬਣਨ ਦੇਣਗੇ ਅਤੇ ਨਾ ਹੀ ਆਪਣੀ ਵੋਟ ਦਾ ਭੁਗਤਾਨ ਕਰਨਗੇ। ਪੰਜਾਬ ਵਿੱਚ ਕੋਰੋਨਾ ਵਰ੍ਹੇ ਦੀ ਤੀਜੀ ਲਹਿਰ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸੀ ਜਿਸ ਵਿੱਚ ਸਕੂਲ ਕਾਲਜ ਅਤੇ ਹੋਰ ਵਿੱਦਿਅਕ ਅਦਾਰਿਆਂ ਨੂੰ ਮੁਕੰਮਲ ਤੌਰ ‘ਤੇ ਬੰਦ ਕਰਕੇ ਆਨਲਾਈਨ ਵਿਧੀ ਰਾਹੀਂ ਬੱਚਿਆਂ ਨੂੰ ਪੜ੍ਹਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ।

ਪੰਜਾਬ ਸਰਕਾਰ ਵੱਲੋਂ ਬੰਦ ਕੀਤੇ ਗਏ ਸਕੂਲਾਂ ਨੂੰ ਖੁਲ੍ਹਵਾਉਣ ਲਈ ਹੁਣ ਬੱਚਿਆਂ ਦੇ ਮਾਪਿਆਂ ਤੋਂ ਇਲਾਵਾ ਅਧਿਆਪਕ ਵੀ ਸੜਕਾਂ ‘ਤੇ ਆ ਗਏ ਹਨ, ਤੇ ਅਧਿਆਪਕਾਂ ਵਲੋਂ ਬੱਚਿਆਂ ਦੇ ਭਵਿੱਖ ਨੂੰ ਦੇਖਦਿਆਂ ਹੋਇਆਂ ਸਕੂਲ ਖੋਲ੍ਹਣ ਦੀ ਮੰਗ ਕੀਤੀ ਗਈ ਹੈ ਪਟਿਆਲਾ ਦੇ ਫੁਆਰਾ ਚੌਂਕ ‘ਤੇ ਵੱਖ ਵੱਖ ਸਕੂਲਾਂ ਦੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਅਤੇ ਚੋਣ ਕਮਿਸ਼ਨ ਦੇ ਖ਼ਿਲਾਫ਼ ਮੁਰਦਾਬਾਦ ਦੀ ਨਾਅਰੇਬਾਜ਼ੀ ਕਰਦਿਆਂ ਬੰਦ ਪਏ ਸਕੂਲਾਂ ਨੂੰ ਖੁਲ੍ਹਵਾਉਣ ਲਈ ਗੁਹਾਰ ਲਗਾਈ ਹੈ।

ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਜੇਕਰ ਪੰਜਾਬ ਵਿੱਚ ਚੋਣ ਰੈਲੀਆਂ ਧਾਰਮਿਕ ਪ੍ਰੋਗਰਾਮ ਜਾਂ ਵਿਆਹ ਸ਼ਾਦੀ ਵਰਗੇ ਸਮਾਗਮ ਹੋ ਸਕਦੇ ਨੇ ਫਿਰ ਬੱਚਿਆਂ ਦੇ ਸਕੂਲ ਕਿਉਂ ਨਹੀਂ ਖੁੱਲ੍ਹ ਸਕਦੇ। ਅਧਿਆਪਕਾਂ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਤੇ ਅੱਜ ਇਸੇ ਭਵਿੱਖ ਨਾਲ ਸਰਕਾਰਾਂ ਖਿਲਵਾੜ ਕਰ ਰਹੀਆਂ ਹਨ। ਅਧਿਆਪਕਾਂ ਨੇ ਕਿਹਾ ਕਿ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਦੇਸ਼ ਦੇ ਬੱਚੇ ਪੜ੍ਹ ਲਿਖ ਜਾਣ ਅਤੇ ਸਰਕਾਰ ਚਾਹੁੰਦੀ ਹੈ ਕਿ ਬੱਚੇ ਅਨਪੜ੍ਹ ਰਹਿਣ ਜਿਸ ਕਰਕੇ ਉਨ੍ਹਾਂ ਵੱਲੋਂ ਸਕੂਲ ਨਹੀਂ ਖੋਲ੍ਹੇ ਜਾ ਰਹੇ।

ਅਧਿਆਪਕਾਂ ਨੇ ਕਿਹਾ ਕਿ ਹੁਣ ਜਦੋਂ ਕਿ ਕੋਰੋਨਾ ਵੈਕਸੀਨ ਲੱਗ ਚੁੱਕੀ ਅਤੇ ਕੋਰੋਨਾ ਵਾਇਰਸ ਦੇ ਬਹੁਤ ਘੱਟ ਕੇਸ ਨੇ ਪਰ ਸਰਕਾਰ ਅਤੇ ਚੋਣ ਕਮਿਸ਼ਨ ਬੰਦ ਪਏ ਸਕੂਲਾਂ ਨੂੰ ਸਿਆਸੀ ਅਖਾੜਾ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਕੂਲ ਨਾ ਖੋਲ੍ਹੇ ਗਏ ਤਾਂ ਉਹ ਇਨ੍ਹਾਂ ਚੋਣਾਂ ਦੌਰਾਨ ਸਕੂਲਾਂ ਵਿੱਚ ਪੋਲਿੰਗ ਬੂਥ ਨਹੀਂ ਲੱਗਣ ਦੇਣਗੇ ਅਤੇ ਨਾ ਹੀ ਆਪਣੀ ਵੋਟ ਦਾ ਭੁਗਤਾਨ ਕਰਨਗੇ ਮਾਪਿਆਂ ਨੇ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਕੂਲ ਨਾ ਖੋਲ੍ਹੇ ਗਏ ਤਾਂ ਪੂਰੇ ਪੰਜਾਬ ਵਿੱਚ ਮਾਪੇ ਅਧਿਆਪਕ ਸੜਕਾਂ ਤੇ ਆ ਕੇ ਸਰਕਾਰ ਦਾ ਪਿੱਟ ਸਿਆਪਾ ਕਰਨਗੇ।

Check Also

ਵਾਲਮੀਕਿ ਸਮਾਜ ਵੱਲੋਂ 12 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ

ਜਲੰਧਰ : ‘ਆਪ’ ਦੇ ਐਡਵੋਕੇਟ ਜਨਰਲ ਅਨਮੋਲ ਰਤਨ ਸਿੰਘ ਸਿੱਧੂ ਵੱਲੋਂ ਐੱਸਸੀ/ਬੀਸੀ ਵਰਗ ਨੂੰ ਲੈ …

Leave a Reply

Your email address will not be published.