ਚੰਡੀਗੜ੍ਹ: ਪੰਜਾਬ ਸਣੇ ਪੰਜ ਰਾਜਾਂ ਵਿੱਚ 10 ਦਿਨਾਂ ਬਾਅਦ ਗੰਭੀਰ ਬਿਜਲੀ ਸੰਕਟ ਪੈਦਾ ਹੋ ਸਕਦਾ ਹੈ। ਇਹ ਹਾਲਾਤ ਟਾਟਾ ਪਾਵਰ ਕੰਪਨੀ ਵੱਲੋਂ ਬਿਜਲੀ ਸਪਲਾਈ ਬੰਦ ਕਰਨ ਦਾ ਅਲਟੀਮੇਟਮ ਦੇਣ ਦੇ ਕਾਰਨ ਪੈਦਾ ਹੋਏ ਹਨ। ਕੰਪਨੀ ਬਿਜਲੀ ਦਰਾਂ ਵਿੱਚ 50 ਪੈਸੇ ਪ੍ਰਤੀ ਯੂਨਿਟ ਦੇ ਵਾਧੇ ਦੀ ਮੰਗ ਕਰ ਰਹੀ ਹੈ। ਕੰਪਨੀ ਨੇ ਅਜਿਹਾ ਨਾਂ ਕਰਨ ‘ਤੇ 10 ਦਿਨ ਬਾਅਦ ਬਿਜਲੀ ਸਪਲਾਈ ਬੰਦ ਕਰਨ ਦੀ ਗੱਲ ਕਹੀ ਹੈ।
ਅਜਿਹੇ ਵਿੱਚ ਪੰਜਾਬ ਨੂੰ ਮੁੰਦਰਾ ਸਥਿਤ 4000 ਮੈਗਾਵਾਟ ਦੇ ਪਾਵਰ ਪਲਾਂਟ ਤੋਂ 10 ਦਿਨ ਹੋਰ ਬਿਜਲੀ ਮਿਲੇਗੀ। ਟਾਟਾ ਪਾਵਰ ਦੇ ਇਸ ਪ੍ਰੋਜੈਕਟ ਤੋਂ ਮਿਲਣ ਵਾਲੀ ਬਿਜਲੀ ਦਾ ਰੇਟ ਪੰਜਾਹ ਪੈਸੇ ਪ੍ਰਤੀ ਯੂਨਿਟ ਵਧਾਉਣ ਦੀ ਮੰਗ ਕੀਤੀ ਗਈ ਹੈ। ਕੰਪਨੀ ਨੇ ਪੰਜਾਬ, ਹਰਿਆਣਾ, ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਨੂੰ ਕਿਹਾ ਸੀ ਕਿ ਪਲਾਂਟ ਘਾਟੇ ਵਿੱਚ ਚੱਲ ਰਿਹਾ ਹੈ। ਜੇਕਰ ਰੇਟ ਪੰਜਾਹ ਪੈਸੇ ਪ੍ਰਤੀ ਯੂਨਿਟ ਨਹੀਂ ਵਧਾਇਆ ਗਿਆ ਤਾਂ ਉਹ ਪਲਾਂਟ ਬੰਦ ਕਰ ਦੇਵੇਗੀ ਅਤੇ 11 ਮਾਰਚ ਤੋਂ ਬਿਜਲੀ ਨਹੀਂ ਮਿਲੇਗੀ। ਹੁਣ ਕੰਪਨੀ ਇਸ ਮਿਆਦ ਨੂੰ 10 ਦਿਨ ਹੋਰ ਵਧਾਉਣ ‘ਤੇ ਸਹਿਮਤ ਹੋ ਗਈ ਹੈ।
ਇਸ ਮੁੱਦੇ ‘ਤੇ ਕੇਂਦਰੀ ਬਿਜਲੀ ਸਕੱਤਰ ਨੇ ਪੰਜ ਰਾਜਾਂ ਪੰਜਾਬ, ਹਰਿਆਣਾ, ਗੁਜਰਾਤ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਬਿਜਲੀ ਸਕੱਤਰ ਦੀ ਮੀਟਿੰਗ ਬੁਲਾਈ। ਇਸ ਵਿੱਚ ਟਾਟਾ ਪਾਵਰ ਵੱਲੋਂ ਬਿਜਲੀ ਖਰੀਦ ਸਮੱਝੌਤੇ ‘ਚ ਸੋਧ ਕਰ ਕੇ ਰੇਟ ਵਧਾਉਣ ‘ਤੇ ਕੋਈ ਅੰਤਿਮ ਫੈਸਲਾ ਨਹੀਂ ਹੋਇਆ। ਕੰਪਨੀ ਚਾਹੁੰਦੀ ਹੈ ਕਿ ਇਸ ਵਿੱਚ ਬਦਲਾਅ ਕੀਤਾ ਜਾਵੇ ਅਤੇ ਇਸ ਲਈ ਉਸ ਨੇ ਸੁਪਰੀਮ ਕੋਰਟ ਦੇ ਫੈਸਲੇ ਦਾ ਵੀ ਹਵਾਲਾ ਦਿੱਤਾ ਹੈ। ਕੇਂਦਰੀ ਬਿਜਲੀ ਸਕੱਤਰ ਵੱਲੋਂ 10 ਦਿਨਾਂ ਬਾਅਦ ਇੱਕ ਹੋਰ ਬੈਠਕ ਬੁਲਾਉਣ ਦਾ ਭਰੋਸਾ ਦੇਣ ਤੋਂ ਬਾਅਦ ਕੰਪਨੀ ਨੇ ਕਿਹਾ ਕਿ ਰਾਜਾਂ ਨੂੰ ਦਿੱਤੇ ਗਏ ਨੋਟਿਸ ਬਰਕਰਾਰ ਰਹਿਣਗੇ, ਪਰ ਉਹ ਪਲਾਂਟ 20 ਮਾਰਚ ਤੱਕ ਬੰਦ ਨਹੀਂ ਕਰਨਗੇ।